:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮੁਕਤਸਰ ਦਾ ਇਤਿਹਾਸ ਤੇ ਵਰਤਮਾਨ PRINT ਈ ਮੇਲ
ਪੰਜਾਬ ਦਾ ਮੱਧਕਾਲੀ ਇਤਿਹਾਸ ਜੰਗਾਂ ਯੁੱਧਾਂ ਦਾ ਇਤਿਹਾਸ ਹੈ ਪਰ ਇਸ ਇਤਿਹਾਸ ਨੇ ਜਿਥੇ ਇਤਿਹਾਸਕ ਨਗਰਾਂ ਨੂੰ ਵਸਾਇਆ, ਉਥੇ ਪੰਜਾਬ ਦੇ ਭਵਿੱਖ ਲਈ ਨਵੀਆਂ ਪਰੰਪਰਾਵਾਂ ਵੀ ਸਿਰਜੀਆਂ ਅਤੇ ਨਵੀਆਂ ਰਵਾਇਤਾਂ ਰਾਹੀਂ ਮਨੁੱਖ ਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਗ਼ਲਾਂ ਨਾਲ ਯੁੱਧ ਦੀ ਯਾਦ ਅਤੇ ਸਿੱਖ ਇਤਿਹਾਸ ਦੀ ਇਕ ਵਿਲੱਖਣ ਘਟਨਾ ਨਾਲ ਜੁੜਿਆ ਹੋਇਆ ਹੈ।
ਕਿਹਾ ਜਾਂਦਾ ਹੈ ਕਿ ਪੁਰਾਤਨ ਕਸਬੇ ਜਲਾਲਾਬਾਦ (ਪੱਛਮੀ) ਦੇ ਤਿੰਨ ਖੱਤਰੀ ਭਰਾ ਸਨ। ਉਹ ਅਮੀਰ ਹੋਣ ਦੇ ਨਾਲ-ਨਾਲ ਧਾਰਮਿਕ ਬਿਰਤੀ ਵਾਲੇ ਵੀ ਸਨ। ਇਹ ਤਿੰਨੋ ਸ਼ਿਵ ਜੀ ਦੇ ਪੱਕੇ ਉਪਾਸ਼ਕ ਸਨ। ਇਨ੍ਹਾਂ ਦੇ ਨਾਂ ਸਨ - ਖਿਦਰਾਣਾ, ਧਿੰਗਾਣਾ ਅਤੇ ਰੁਪਾਣਾ ਸੀ। ਇਸ ਇਲਾਕੇ ਵਿਚ ਪਾਣੀ ਦੀ ਹਮੇਸ਼ਾ ਕਿੱਲਤ ਰਹਿੰਦੀ ਸੀ ਕਿਉਂਕਿ ਪੁਰਾਤਨ ਇਤਿਹਾਸ ਮੁਤਾਬਕ ਕਿਸੇ ਸਮੇਂ ਇਹ ਖੇਤਰ ਰਾਜਸਥਾਨ ਦੇ ਮਾਰੂਥਲ ਦਾ ਹਿੱਸਾ ਸੀ।


ਰੇਤਲਾ ਇਲਾਕਾ ਅਤੇ ਪਾਣੀ ਦੀ ਥੁੜ੍ਹ ਕਾਰਨ ਹੀ ਤਿੰਨਾਂ ਭਰਾਵਾਂ ਨੇ ਇਥੇ ਤਿੰਨ ਢਾਬਾਂ ਖੁਦਵਾਈਆਂ। ਹਰ ਵਰ੍ਹੇ ਸਾਉਣ ਦੇ ਮਹੀਨੇ ਪੈਂਦੇ ਮੀਂਹ ਇਨ੍ਹਾਂ ਢਾਬਾਂ ਨੂੰ ਪਾਣੀ ਨਾਲ ਭਰ ਕੇ ਆਲੇ-ਦੁਆਲੇ ਰੌਣਕਾਂ ਲਾ ਦਿੰਦੇ। ਲੋਕ ਇਸ ਪਾਣੀ ਦੀ ਵਰਤੋਂ ਪਸ਼ੂਆਂ ਦੇ ਪੀਣ ਅਤੇ ਆਪਣੇ ਪੀਣ ਲਈ ਕਰਦੇ। ਇਨ੍ਹਾਂ ਤਿੰਨਾਂ ਦੀਆਂ ਢਾਬਾਂ ਕਰਕੇ ਹੀ ਆਲੇ-ਦੁਆਲੇ ਤਿੰਨ ਪਿੰਡ ਧਿੰਗਾਣਾ, ਰੁਪਾਣਾ ਅਤੇ ਖਿਦਰਾਣਾ ਵਸ ਗਏ।
ਮੁਕਤਸਰ ਦੀ ਅਸਲ ਇਤਿਹਾਸਕ ਯਾਤਰਾ ਦਸਮ ਪਾਤਸ਼ਾਹ ਦੇ ਆਉਣ ਨਾਲ ਸ਼ੁਰੂ ਹੋਈ। ਸੰਨ 1705 ਵਿਚ ਔਰੰਗਜ਼ੇਬ ਦੀਆਂ ਫੌਜਾਂ ਨਾਲ ਯੁੱਧ ਤੋਂ ਬਾਅਦ ਗੁਰੂ ਜੀ ਮਾਲਵੇ ਦੇ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਅਖੀਰ ਕੋਟਕਪੂਰੇ ਪੁੱਜੇ। ਕੋਟਕਪੂਰੇ ਪੁੱਜ ਕੇ ਗੁਰੂ ਜੀ ਨੂੰ ਖ਼ਬਰ ਮਿਲੀ ਕਿ ਸੂਬਾ ਸਰਹਿੰਦ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਅੱਗੇ ਵਧ ਰਹੀਆਂ ਹਨ।
ਉਸ ਵੇਲੇ ਕੋਟਕਪੂਰੇ ਇਲਾਕੇ ਦਾ ਚੌਧਰੀ ਕਪੂਰਾ ਬਰਾੜ ਗੁਰੂ ਜੀ ਕੋਲੋਂ ਅੰਮ੍ਰਿਤ ਛਕ ਕੇ ਕਪੂਰ ਸਿੰਘ ਬਣ ਚੁੱਕਿਆ ਸੀ। ਜਦੋਂ ਗੁਰੂ ਜੀ ਨੇ ਉਸ ਕੋਲੋਂ ਮੁਗਲਾਂ ਦਾ ਮੁਕਾਬਲਾ ਕਰਨ ਲਈ ਕਿਲ੍ਹਾ ਮੰਗਿਆ ਤਾਂ ਉਸ ਨੇ ਟਾਲ-ਮਟੋਲ ਕੀਤੀ। ਇਸ ਉਪਰੰਤ ਗੁਰੂ ਜੀ ਮੁਕਤਸਰ ਵੱਲ ਚੱਲ ਪਏ ਤੇ ਖਿਦਰਾਣੇ ਦੀ ਢਾਬ ਉਤੇ ਜਾ ਪਹੁੰਚੇ।
ਖਿਦਰਾਣੇ ਦੀ ਢਾਬ 'ਤੇ ਪਹੁੰਚਣ ਵੇਲੇ ਗੁਰੂ ਸਾਹਿਬ ਨਾਲ ਹੋਰ ਸਿੱਖ ਯੋਧਿਆਂ ਤੋਂ ਇਲਾਵਾ ਉਹ 40 ਮਝੈਲ ਸਿੱਖ ਵੀ ਪਹੁੰਚ ਚੁੱਕੇ ਸਨ, ਜਿਹੜੇ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਚੁੱਕੇ ਸਨ। ਇਹ ਸਿੱਖ ਮਗਰੋਂ ਚਾਲੀ ਮੁਕਤਿਆਂ ਵਜੋਂ ਇਤਿਹਾਸ ਵਿਚ ਜਾਣੇ ਜਾਣ ਲੱਗੇ। ਮੁਕਤਸਰ ਸਾਹਿਬ ਦੀ ਇਸ ਇਤਿਹਾਸਕ ਜੰਗ ਦੀ ਯੁੱਧ-ਨੀਤੀ ਬਾਰੇ ਭਾਈ ਗਿਆਨ ਸਿੰਘ ਨੇ ਆਪਣੇ ਪ੍ਰਸਿੱਧ ਗ੍ਰੰਥ 'ਤਵਾਰੀਖ ਗੁਰੂ ਖਾਲਸਾ' ਵਿਚ ਲਿਖਿਆ ਹੈ :
ਤਦੋਂ ਨੂੰ ਇਕ ਸਿੱਖ ਨੇ ਉਚੇ ਬ੍ਰਿਛ ਚੜ੍ਹ ਕੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ! ਤੁਰਕ ਨੇੜੇ ਆ ਪੁੱਜੇ ਹਨ, ਅਜੇ ਏਥੋਂ ਦੋ ਕੋਹ ਖਿਦਰਾਣਾ ਹੈ। ਮਹਾਰਾਜ ਬੋਲੇ ਕੋਈ ਡਰ ਨਹੀਂ, ਤੁਸੀਂ ਫਿਕਰ ਨਾ ਕਰੋ, ਰੋਕਣ ਵਾਲੇ ਆਪੇ ਰੋਕ ਲੈਣਗੇ। ਗੁਰੂ ਜੀ ਤਾਂ ਸਰਬੱਗ ਸੇ ਤੇ ਸਿੱਖਾਂ ਨੂੰ ਖਬਰ ਸੀ ਕਿ ਸਾਡੇ ਪਿਛੇ ਤੁਰਕਾਂ ਦੇ ਅੱਗੇ-ਅੱਗੇ ਮਝੈਲ ਸਿੰਘ ਆਉਂਦੇ ਹਨ। ਏਨੇ ਨੂੰ ਖਿਦਰਾਣੇ ਦੇ ਕੰਢੇ ਗੁਰੂ ਜੀ ਨੂੰ ਬੈਰਾੜ ਲੈ ਗਏ। ਜਲ ਭਰਿਆ ਤੇ ਗਹਿਰਾ ਜੰਗਲ ਦੇਖ ਕੇ ਬਹੁਤ ਖੁਸ਼ ਹੋਏ। ਦਾਨ ਸਿੰਘ ਬੋਲਿਆ ਮਹਾਰਾਜ ਇਥੇ ਸਾਰੇ ਸੁਖ ਹਨ। ਅਸੀਂ ਜਲ ਰੋਕ ਰੱਖਾਂਗੇ, ਤੁਰਕ ਤਿਹਾਏ ਮਰਦੇ ਆਪੇ ਮੁੜ ਜਾਣਗੇ। ਜੇ ਉਨ੍ਹਾਂ ਦਾ ਜ਼ੋਰ ਪੈਂਦਾ ਡਿੱਠਾ ਤਾਂ ਅਗੇਰੇ ਹੋ ਜਾਵਾਂਗੇ। ਨਾਲੇ ਏਸ ਕੇਰ (ਟੋਬੇ ਵਿਚੋਂ ਪੁੱਟ ਕੇ ਸੁੱਟੀ ਹੋਈ ਮਿੱਟੀ ਦੇ ਤੋਦੇ) ਦੀ ਆੜ ਵਿਚ ਲੜਾਈ ਚੰਗੀ ਹੋ ਸਕਦੀ ਹੈ। ਏਹ ਬਾਤ ਸੁਣ ਗੁਰੂ ਸਾਹਿਬ ਜੀ ਉਸ ਤਲਾਉ ਦੇ ਪੱਛਮ ਵੱਲ ਟਿੱਬੀ 'ਤੇ ਖਲੋਤੇ ਅਤੇ ਜੰਗ ਦੀ ਸਲਾਹ ਕਰਨ ਲੱਗੇ। ਤਦੋਂ ਨੂੰ ਸ਼ਾਹੀ ਲਸ਼ਕਰ ਨੇੜੇ ਆ ਪੁੱਜਾ। ਜਿਹੜੇ ਮਝੈਲ ਸਿੰਘ ਗੁਰੂ ਸਾਹਿਬ ਦੇ ਮਗਰ-ਮਗਰ ਆ ਰਹੇ ਸਨ, ਉਨ੍ਹਾਂ ਨੇ ਵੈਰੀਆਂ ਨਾਲ ਜੰਗ ਕਰਨ ਦੀ ਇੱਛਾ ਧਾਰ, ਸ਼ਹੀਦ ਹੋਣ ਲਈ ਉਸੇ ਢਾਬ ਦੇ ਪੂਰਬ ਵੱਲ ਨੀਵੀਂ ਜਗ੍ਹਾ ਮੋਰਚੇ ਥਾਪ ਲਏ ਤੇ ਆਪ ਨੂੰ ਥੋੜ੍ਹਿਆ ਤੋਂ ਬਹੁਤੇ ਦਿਖਾਵਣ ਤੇ ਏਸ ਖਯਾਲ ਨਾਲ ਕਿ ਤੁਰਕ ਅਗਾਹਾਂ ਗੁਰੂ ਸਾਹਿਬ ਵੱਲ ਨਾ ਚਲੇ ਜਾਣ, ਪਹਿਲਾਂ ਅਸੀਂ ਮੁਠ ਭੇੜ ਕਰ ਲਈਏ, ਸਭ ਨੇ ਆਪਣੇ ਬਸਤਰ ਬਿਰਛਾਂ 'ਤੇ ਖਿੰਡਾ ਦਿੱਤੇ, ਜਿਨ੍ਹਾਂ ਨੂੰ ਤੰਬੂ ਲੱਗੇ ਹੋਏ ਸਮਝ ਕੇ ਤੁਰਕਾਨੀ ਫੌਜ ਸਭ ਓਧਰੇ ਝੁਕ ਗਈ। ਜਦ ਐਨ ਮਾਰ ਹੇਠ ਆਈ ਤਾਂ ਸਿੰਘਾਂ ਨੇ ਇਕੋ ਵਾਰੀ ਬਾੜ-ਝਾੜ ਦਿੱਤੀ, ਜਿਸ ਨਾਲ ਵੀਹ-ਪੰਜੀਹ ਡਿੱਗ ਪਏ। ਅਚਨਚੇਤ ਝਾੜਾਂ ਵਿਚੋਂ ਬੰਦੂਕਾਂ ਚਲੀਆਂ ਤਾਂ ਵਜੀਦ ਖ਼ਾਂ ਨੇ ਜਾਣਿਆ ਕਿ ਏਥੇ ਤੀਕ ਸਿੱਖਾਂ ਸਮੇਤ ਗੁਰੂ ਹੈ।
ਇੰਜ ਖਿਦਰਾਣੇ ਦੀ ਧਰਤੀ 'ਤੇ ਸਿੱਖਾਂ ਅਤੇ ਤੁਰਕਾਂ ਵਿੱਚ ਗਹਿ-ਗੱਚ ਲੜਾਈ ਹੋਣ ਲੱਗੀ। ਖੂਬ ਮਾਰੋ ਮਾਰ ਤੇ ਕਾੜ-ਕਾੜ ਦੀ ਆਵਾਜ਼ ਨਾਲ ਆਕਾਸ਼ ਗੂੰਜ ਉਠਿਆ। ਇਥੇ ਹੋਏ ਇਸ ਯੁੱਧ ਦੀ ਬੜੀ ਜੀਵੰਤ ਤਸਵੀਰਕਸ਼ੀ ਕਰਦਿਆਂ ਭਾਈ ਗਿਆਨ ਸਿੰਘ ਨੇ ਅੱਗੇ ਲਿਖਿਆ ਹੈ :
ਸਿੰਘ ਸ਼ਮਸ਼ੀਰਾਂ ਖਿੱਚ-ਖਿੱਚ ਕੇ ਤੁਰਕਾਨੀਆਂ ਤੇ ਸ਼ੇਰਾ ਵਾਂਙੂੰ ਟੁੱਟ ਪਏ ਤੇ ਖਟਾ ਖਟ ਤਲਵਾਰਾਂ ਚੱਲਣ ਲੱਗ ਪਈਆਂ, ਧਰਤੀ ਲਾਲ ਗੁਲਾਲ ਹੋ ਗਈ, ਬੇਅੰਤ ਘੋੜੇ ਸਿਪਾਹੀ ਫੱਟੜ ਤੇ ਮੁਰਦੇ ਦਿਸਣ ਲੱਗੇ, ਸ਼ਾਹੀ ਸਿਪਾਹੀ ਪਿੱਛੇ ਨੂੰ ਮੁੜੇ ਤਾਂ ਵਜੀਦ ਖ਼ਾਂ ਨੇ ਵੰਗਾਰ ਵੰਗਾਰ ਕੇ ਮੋੜ ਮੋੜ ਲੜਾਏ, ਬੇਅੰਤ ਰੁੰਡ ਮੁੰਡ ਬਿਖਰ ਗਏ। ਇਕ ਇਕ ਸਿੰਘ ਨੇ ਯਾਰਾਂ-ਯਾਰਾਂ ਨੂੰ ਥਾਇੰ ਰੱਖਿਆ।
ਸਿੱਖਾਂ ਨੇ ਤੁਰਕਾਂ ਨੂੰ ਪਛਾੜਿਆ। ਵੈਸਾਖ ਦਾ ਮਹੀਨਾ ਹੋਣ ਕਰਕੇ ਸਾਰਾ ਰੇਤਲਾ ਅਤੇ ਝਾੜਾਂ ਦਾ ਇਲਾਕਾ ਤਪਣ ਲੱਗਾ। ਭਾਵੇਂ ਚੌਧਰੀ ਕਪੂਰੇ ਦੇ ਦੱਸੇ ਹੋਏ ਕਾਰਨ ਤੁਰਕਾਂ ਨੇ ਖਿਦਰਾਣੇ ਤਲਾਅ ਵਿਚੋਂ ਪਾਣੀ ਪ੍ਰਾਪਤ ਕਰਨ ਲਈ ਕਈ ਹੱਲੇ ਕੀਤੇ ਪਰ ਸਿੱਖਾਂ ਨੇ ਉਹਦੀ ਪੇਸ਼ ਨਾ ਜਾਣ ਦਿੱਤੀ। ਅੰਤ ਕਪੂਰੇ ਨੇ ਵਜੀਦ ਖਾਂ ਨੂੰ ਕਿਹਾ ਕਿ ਏਧਰ ਤਾਂ ਤੀਹ-ਤੀਹ ਕੋਹ ਤੱਕ ਪਾਣੀ ਨਹੀਂ ਲੱਭਦਾ, ਜੇ ਪਿੱਛੇ ਮੁੜ ਗਏ ਤਾਂ ਵੀ ਦਸ ਕੋਹ ਤੋਂ ਉਰ੍ਹਾਂ ਪਾਣੀ ਨਹੀਂ ਮਿਲਣਾ। ਇਸ ਕਰਕੇ ਚੰਗਾ ਹੈ ਕਿ ਪਿਛਾਂਹ ਹੀ ਮੁੜ ਜਾਈਏ, ਨਹੀਂ ਤਾਂ ਝਾੜਾਂ ਵਿਚ ਲੁਕੇ ਸਿੱਖ ਛੁਪ-ਛੁਪ ਕੇ ਵਾਰ ਕਰਨਗੇ ਤੇ ਤਿਹਾਈਆਂ ਤੁਰਕ ਫੌਜਾਂ ਸਾਥ ਛੱਡ ਜਾਣਗੀਆਂ। ਉਧਰ ਗੁਰੂ ਜੀ ਨੇ ਫੱਟੜ ਹੋਏ ਸਿੱਖਾਂ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇਖਿਆ ਕਿ ਇਕ-ਇਕ ਸਿੱਖ ਕੋਲ ਸੱਤ-ਸੱਤ ਤੁਰਕ ਮੋਏ ਪਏ ਸਨ। ਦੂਰ ਤਲਾਅ ਦੇ ਕੰਢੇ ਬੈਠੀ ਮਾਈ ਭਾਗੋ ਆਪਣੇ ਜ਼ਖਮ ਧੋ ਰਹੀ ਸੀ। ਉਸ ਨੇ ਬੜੀ ਬਹਾਦਰੀ ਨਾਲ ਤੁਰਕਾਂ ਦੇ ਆਹੂ ਲਾਹੇ ਸਨ। ਇਹ ਉਹੀ ਮਾਈ ਭਾਗ ਕੌਰ ਹੈ, ਜੋ ਬੇਦਾਵਾ ਲਿਖਣ ਵਾਲੇ ਮਝੈਲ ਸਿੱਖਾਂ ਨੂੰ ਲਾਹਨਤਾਂ ਪਾ ਕੇ ਮੁੜ ਗੁਰੂ ਜੀ ਕੋਲ ਲੈ ਆਈ ਸੀ ਤੇ ਇਥੇ ਇਨ੍ਹਾਂ ਸਿੱਖਾਂ ਨੇ ਬਹਾਦਰੀ ਨਾਲ ਸ਼ਹੀਦੀ ਪਾ ਕੇ ਗੁਰੂ ਜੀ ਤੋਂ ਮੁਆਫ਼ੀ ਮੰਗ ਕੇ ਭੁੱਲ ਬਖਸ਼ਾ ਲਈ ਸੀ।
ਗੁਰੂ ਜੀ ਨੇ ਸਹਿਕਦੇ ਮਹਾਂ ਸਿੰਘ ਨੂੰ ਦੇਖਿਆ। ਉਸ ਦੀ ਬਹਾਦਰੀ ਵੇਖ ਕੇ ਕਿਹਾ, ਭਾਈ ਮਹਾਂ ਸਿੰਘ ਜੋ ਮੰਗਣਾ ਮੰਗ ਲੈ। ਮਹਾਂ ਸਿੰਘ ਨੇ ਤਰਲਾ ਲੈਂਦਿਆਂ ਕਿਹਾ 'ਸੱਚੇ ਪਾਤਸ਼ਾਹ ਜੋ ਅਨੰਦਪੁਰ ਸਾਹਿਬ ਵਿਚ ਬੇਦਾਵਾ ਲਿਖਣ ਦੀ ਬੱਜਰ ਗ਼ਲਤੀ ਕੀਤੀ ਸੀ, ਉਹ ਬਖਸ਼ ਦਿਓ ਤੇ ਬੇਦਾਵਾ ਪਾੜ੍ਹ ਕੇ ਭੁੱਲ ਬਖਸ਼ੋ ਤੇ ਮੁਕਤ ਕਰ ਦਿਓ।'' ਗੁਰੂ ਜੀ ਨੇ ਬੇਦਾਵਾ ਪਾੜ ਕੇ ਮਹਾਂ ਸਿੰਘ ਨੂੰ ਗਲ ਨਾਲ ਲਾ ਲਿਆ ਤੇ ਸਿੱਖਾਂ ਦੀ ਟੁੱਟੀ ਫਿਰ ਗੁਰੂ ਜੀ ਨਾਲ ਗੰਢੀ ਗਈ। ਗੁਰੂ ਜੀ ਨੇ ਸ਼ਹੀਦ ਹੋਏ ਸਿੰਘਾਂ ਨੂੰ ਆਪਣੇ ਹੱਥੀਂ ਚਿਖਾ 'ਤੇ ਰੱਖ ਕੇ ਕਿਸੇ ਨੂੰ ਪੰਜ ਹਜ਼ਾਰੀ ਤੇ ਕਿਸੇ ਨੂੰ ਸੱਤ ਹਜ਼ਾਰੀ ਦਾ ਵਰ ਦੇ ਕੇ ਆਪਣੇ ਹੱਥੀਂ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ। ਇਹੀ ਚਾਲੀ ਮੁਕਤੇ ਹਨ, ਜਿਨ੍ਹਾਂ ਨੇ ਧਰਮ ਹੇਤ ਕੁਰਬਾਨੀ ਦਿੱਤੀ ਤੇ ਹਰ ਰੋਜ਼ ਸਿੱਖ ਅਰਦਾਸ ਵਿਚ ਉਨ੍ਹਾਂ ਨੂੰ ਯਾਦ ਕਰਦੇ ਹਨ। ਇਨ੍ਹਾਂ ਚਾਲੀ ਮੁਕਤਿਆਂ ਦੀ ਪਾਵਨ ਧਰਤੀ 'ਤੇ ਹੀ ਇਤਿਹਾਸਕ ਸ਼ਹਿਰ ਮੁਕਤਸਰ ਵਸਿਆ ਹੋਇਆ ਹੈ।
ਮੁਕਤਸਰ ਦੇ ਇਤਿਹਾਸਕ ਸਥਾਨਾਂ ਵਿਚ ਕਈ ਪ੍ਰਸਿੱਧ ਗੁਰਦੁਆਰੇ ਸ਼ਾਮਲ ਹਨ। ਮੁੱਖ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਹੈ। 1743 ਵਿਚ ਭਾਈ ਲੰਗਰ ਸਿੰਘ ਦੀ ਨਿਸ਼ਾਨਦੇਹੀ 'ਤੇ ਮਾਨਾਵਾਲਾ ਦੇ ਸੋਢੀ ਮਾਨ ਨੇ ਸੰਗਤ ਦੇ ਸਹਿਯੋਗ ਨਾਲ ਇਸ ਗੁਰਦੁਆਰੇ ਦੀ ਪੱਕੀ ਇਮਾਰਤ ਉਸਾਰੀ। ਇਸ ਦੇ ਨਾਲ ਹੀ ਵਿਸ਼ਾਲ ਸਰੋਵਰ ਮੌਜੂਦ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਨਾਂਅ ਵੱਡੀ ਜਗੀਰ ਲਾਈ ਸੀ, ਜੋ ਬਾਅਦ ਵਿਚ ਅੰਗਰੇਜ਼ੀ ਰਾਜ ਸਮੇਂ ਬੰਦ ਕਰ ਦਿੱਤੀ ਗਈ। ਪ੍ਰਸਿੱਧ ਸਿੱਖ ਜਰਨੈਲ ਹਰੀ ਸਿੰਘ ਨਲੂਏ ਨੇ ਮੁਕਤਸਰ ਦੇ ਗੁਰਦੁਆਰਿਆਂ ਲਈ ਕਈ ਕੁਝ ਕੀਤਾ।
1922 ਤੱਕ ਗੁਰਦੁਆਰਾ ਸੁਧਾਰ ਲਹਿਰ ਦੇ ਮੱਦੇਨਜ਼ਰ ਬਹੁਤ ਸਾਰੇ ਗੁਰੂਦਵਾਰੇ ਮਹੰਤਾਂ ਕੋਲੋਂ ਅਜ਼ਾਦ ਕਰਾ ਲਏ ਗਏ ਪਰ ਮੁਕਤਸਰ ਦੇ ਦਰਬਾਰ ਸਾਹਿਬ 'ਤੇ ਅਜੇ ਵੀ ਪੁਜਾਰੀਆਂ ਦਾ ਕਬਜ਼ਾ ਸੀ। 1922 ਦੀ ਮਾਘੀ ਨੂੰ ਦੀਵਾਨ ਕਰਕੇ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਗੁਰਦੁਆਰਾ ਪ੍ਰਬੰਧ ਕਮੇਟੀ ਅਧੀਨ ਆ ਜਾਵੇ। ਜਦੋਂ 17 ਫਰਵਰੀ, 1922 ਨੂੰ ਪਿੰਡ ਥਾਂਦੇਵਾਲਾ ਵਿਚ ਇਕ ਵੱਡਾ ਦੀਵਾਨ ਕੀਤਾ ਗਿਆ ਤਾਂ ਪੁਜਾਰੀਆਂ ਨੇ ਇਕੱਠ ਤੋਂ ਡਰਦਿਆਂ ਸਮਝੌਤਾ ਕਰਨਾ ਪ੍ਰਵਾਨ ਕਰ ਲਿਆ। ਸਿੱਖ ਸੰਗਤ ਨੇ ਪੁਜਾਰੀਆਂ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ। ਪਰ ਇਸ ਸਮਝੌਤੇ ਅਨੁਸਾਰ ਕੇਵਲ ਗੁਰੂਦਵਾਰਾ ਤੰਬੂ ਸਾਹਿਬ ਦਾ ਹੀ ਪ੍ਰਬੰਧ ਮਿਲਿਆ। ਕਮੇਟੀ ਦੇ ਯਤਨਾਂ ਕਰਕੇ 21 ਫਰਵਰੀ 1922 ਨੂੰ ਟੁੱਟੀ ਗੰਢੀ ਸਾਹਿਬ ਦਾ ਕਬਜ਼ਾ ਮਿਲ ਗਿਆ।
ਦੂਜਾ ਪ੍ਰਸਿੱਧ ਗੁਰਦੁਆਰਾ ਤੰਬੂ ਸਾਹਿਬ ਹੈ। ਇਹ ਸਰੋਵਰ ਦੇ ਦੱਖਣ-ਪੂਰਬ ਵੱਲ ਸਥਿਤ ਹੈ। ਇਸ ਦੇ ਨਾਲ ਹੀ ਮਾਈ ਭਾਗ ਕੌਰ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ।
ਦਰਬਾਰ ਸਾਹਿਬ ਤੋਂ 100 ਗਜ਼ ਦੂਰ ਉੱਤਰ-ਪੂਰਬ ਵੱਲ ਗੁਰਦੁਆਰਾ ਸ਼ਹੀਦ ਗੰਜ ਹੈ। ਇਸ ਸਥਾਨ 'ਤੇ ਗੁਰੂ ਜੀ ਨੇ ਆਪਣੇ ਹੱਥੀਂ ਚਾਲੀ ਮੁਕਤਿਆਂ ਦਾ ਸਸਕਾਰ ਕਰਕੇ ਉਨ੍ਹਾਂ ਨੂੰ ਰੁਤਬੇ ਬਖਸ਼ੇ ਸਨ।
ਖਿਦਰਾਣੇ ਦੀ ਢਾਬ ਤੋਂ ਕੋਈ ਇਕ-ਡੇਢ ਕਿਲੋਮੀਟਰ 'ਤੇ ਗੁਰਦੁਆਰਾ ਟਿੱਬੀ ਸਾਹਿਬ ਹੈ। ਇੱਥੇ ਹੀ ਗੁਰੂ ਜੀ ਨੇ ਤੁਰਕਾਂ 'ਤੇ ਤੀਰਾਂ ਦਾ ਮੀਂਹ ਵਰਸਾਇਆ ਸੀ। ਟਿੱਬੀ ਸਾਹਿਬ ਤੋਂ ਦੱਖਣ ਵੱਲ 200 ਗਜ਼ ਦੀ ਦੂਰੀ 'ਤੇ ਗੁਰਦੁਆਰਾ ਰਕਾਬਸਰ ਹੈ।
ਟਿੱਬੀ ਸਾਹਿਬ ਦੇ ਉੱਤਰ-ਪੱਛਮ ਵੱਲ ਗੁਰਦੁਆਰਾ ਦਾਤਣਸਰ ਹੈ। ਮੁਕਤਸਰ ਤੋਂ ਬਠਿੰਡੇ ਵੱਲ ਜਾਂਦੀ ਸੜਕ 'ਤੇ ਗੁਰਦੁਆਰਾ ਦੂਖ ਨਿਵਾਰਣ, ਤਰਨ ਤਾਰਨ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਖਿਦਰਾਣੇ ਤੋਂ ਰੁਪਾਣੇ ਵੱਲ ਜਾਂਦਿਆਂ ਇਸ ਸਥਾਨ 'ਤੇ ਰੁਕੇ ਸਨ। ਪਹਿਲਾਂ ਇਥੇ ਛੋਟੀ ਜਿਹੀ ਛੱਪੜੀ ਸੀ ਪਰ ਹੁਣ ਪੱਕਾ ਸਰੋਵਰ ਤੇ ਕਾਫੀ ਵੱਡਾ ਗੁਰਦੁਆਰਾ ਹੈ।
ਇਥੋਂ ਦੀਆਂ ਹੋਰ ਇਤਿਹਾਸਕ ਇਮਾਰਤਾਂ ਵਿਚ ਦੋ ਮੰਜ਼ਿਲੀ ਜਾਮਾ ਮਸਜਿਦ ਹੈ ਜਿਸ ਨੂੰ ਮਮਦੋਟ ਦੇ ਨਵਾਬ ਮੌਲਵੀ ਰਜਬ ਅਲੀ ਮੀਆਂ ਬਦਰੂਦੀਨ ਸ਼ਾਹ ਜੋ ਕਿ ਪਿੰਡ ਮਘਰੂਵਾਲੀ ਜਲਾਲਾਬਾਦ ਜ਼ਿਲ੍ਹਾ ਫਿਰੋਜ਼ਪੁਰ ਦਾ ਵਾਸੀ ਸੀ, ਨੇ 16 ਨਵੰਬਰ 1894 ਵਿਚ ਬਣਵਾਇਆ ਸੀ। ਵੰਡ ਤੋਂ ਬਾਅਦ ਮੁਸਲਮਾਨ ਭਾਵੇਂ ਵੱਡੀ ਗਿਣਤੀ ਵਿਚ ਇਥੋਂ ਹਿਜਰਤ ਕਰ ਗਏ ਪਰ ਅਜੇ ਵੀ ਆਲੇ-ਦੁਆਲੇ ਵਸਦੇ ਸੈਂਕੜੇ ਮੁਸਲਮਾਨ ਜੁੰਮੇ ਅਤੇ ਈਦ ਵਾਲੇ ਦਿਨ ਇਸ ਮਸਜਿਦ ਦੀ ਸ਼ੋਭਾ ਵਧਾਉਂਦੇ ਹਨ।ulllu.png
ਸਾਲ 2005 ਵਿਚ ਮੁਕਤਸਰ ਦੀ ਤੀਜੀ ਸ਼ਤਾਬਦੀ ਮਨਾਈ ਗਈ। ਇਸ ਸਮੇਂ ਕੁਝ ਇਤਿਹਾਸਕ ਇਮਾਰਤਾਂ ਦੀ ਉਸਾਰੀ ਕੀਤੀ ਗਈ। ਇਹਦੇ ਵਿਚ ਪ੍ਰਸਿੱਧ ਮੁਕਤੇ-ਮਿਨਾਰ ਹੈ। ਇਹ 81 ਫੁੱਟ ਉੱਚਾ ਤੇ 11 ਫੁੱਟ ਦੇ ਮੁੱਠੇ ਵਾਲਾ ਖੰਡਾ ਹੈ। ਉਪਰੋਂ ਇਸ ਦੀ ਚੌੜਾਈ 16 ਫੁੱਟ ਅਤੇ ਵਿਚਕਾਰੋਂ 13 ਫੁੱਟ ਹੈ। ਇਸ ਦੇ ਦੁਆਲੇ ਚਾਲੀ ਮੁਕਤਿਆਂ ਦੀ ਯਾਦ ਵਿਚ ਚਾਲੀ ਵੱਡੇ ਕੜੇ ਹਨ ਅਤੇ ਇਨ੍ਹਾਂ ਕੜਿਆਂ ਵਿਚ ਹੀ ਇਹ ਖੰਡਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਮੌਕੇ ਮੁਕਤਸਰ ਦੇ ਆਲੇ-ਦੁਆਲੇ ਜਾਂਦੀਆਂ ਸੜਕਾਂ 'ਤੇ ਸੱਤ ਵੱਡੇ ਸ਼ਾਨਦਾਰ ਗੇਟ ਬਣਾਏ ਗਏ ਹਨ ਜਿਵੇਂ ਭਾਈ ਮਹਾਂ ਸਿੰਘ, ਦਾਨ ਸਿੰਘ, ਲੰਗਰ ਸਿੰਘ ਆਦਿ ਦੀ ਯਾਦ ਵਿਚ। ਇਨ੍ਹਾਂ ਵਿਚੋਂ ਕੁਝ ਸਫੈਦ ਤੇ ਕੁਝ ਲਾਲ ਪੱਥਰ ਦੇ ਹਨ ਪਰ ਇਹ ਸਾਂਭ-ਸੰਭਾਲ ਦੀ ਮੰਗ ਕਰਦੇ ਹਨ। ਇਹ ਸ਼ਹਿਰ 7 ਨਵੰਬਰ 1995 ਨੂੰ ਜ਼ਿਲ੍ਹਾ ਬਣਿਆ। ਰਾਜਨੀਤੀ ਦੇ ਖੇਤਰ ਵਿਚ ਮੁਕਤਸਰ ਦੀ ਸਦਾ ਝੰਡੀ ਰਹੀ ਹੈ। ਪਵਿੱਤਰ ਨਗਰੀ ਹੋਣ ਦੇ ਬਾਵਜੂਦ ਅੱਜ ਇਸ ਸ਼ਹਿਰ ਦੀ ਹਾਲਤ ਤਰਸਯੋਗ ਹੈ। ਇਤਿਹਾਸਕ ਵਿਰਾਸਤ ਨੂੰ ਸਾਂਭਣ ਲਈ ਕੋਈ ਯਤਨ ਹੁੰਦਾ ਨਜ਼ਰ ਨਹੀਂ ਆਉਂਦਾ।

-ਮੋਬਾਈਲ : 94173-58120.

 
< Prev   Next >

Advertisements