ਦੰਗਾ ਪੀੜਤ ਰਾਹਤ ਕਮੇਟੀ 1984 ਦਾ ਜਥੇਬੰਦਕ ਢਾਂਚਾ ਮੁੜ ਗਠਿਤ |
|
|
 ਜਲੰਧਰ/ਨਵੀਂ ਦਿੱਲੀ -22ਜੁਲਾਈ(ਮੀਡੀਆਦੇਸਪੰਜਾਬ)- 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ
ਲਈ ਪਿਛਲੇ 34 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੀ ਅਖਿਲ ਭਾਰਤੀ ਦੰਗਾ ਪੀੜਤ ਰਾਹਤ
ਕਮੇਟੀ 1984 ਦੇ ਜਥੇਬੰਦਕ ਢਾਂਚੇ ਦਾ ਮੁੜ ਗਠਨ ਕੀਤਾ ਗਿਆ ਹੈ। ਸੰਸਥਾ ਦੇ ਨਵੇਂ ਪ੍ਰਧਾਨ
ਦੇ ਤੌਰ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ
ਕੁਲਦੀਪ ਸਿੰਘ ਭੋਗਲ ਦੀ ਸਰਬਸੰਮਤੀ ਨਾਲ ਚੋਣ
ਹੋਈ। ਨਾਲ ਹੀ 38 ਮੈਂਬਰੀ ਨਵੀਂ
ਕਾਰਜਕਾਰਨੀ ਦੇ ਮੁੱਖ ਸਰਪ੍ਰਸਤ ਦੇ ਤੌਰ 'ਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ
ਸਰਪ੍ਰਸਤ ਦੇ ਰੂਪ 'ਚ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਦੀ ਨਿਯੁਕਤੀ ਹੋਈ ਹੈ।
ਇਸ ਦੇ ਨਾਲ ਹੀ ਵਕੀਲ ਪ੍ਰਸੁੰਨ ਕੁਮਾਰ ਅਤੇ ਗੁਰਬਖਸ਼ ਸਿੰਘ ਨੂੰ ਮੁੱਖ ਸਲਾਹਕਾਰ,
ਹਰਮੀਤ ਸਿੰਘ ਭੋਗਲ ਨੂੰ ਸਕੱਤਰ ਜਨਰਲ ਬਣਾਇਆ ਗਿਆ ਹੈ। ਨਵੀਂ ਕਾਰਜਕਾਰਨੀ 'ਚ 4 ਜਨਰਲ
ਸਕੱਤਰ, 5 ਸੀਨੀਅਰ ਮੀਤ ਪ੍ਰਧਾਨ, 7 ਮੀਤ ਪ੍ਰਧਾਨ, 5 ਜੁਆਇੰਟ ਸਕੱਤਰ ਅਤੇ 5 ਸਕੱਤਰ
ਨਿਯੁਕਤ ਹੋਏ ਹਨ। ਮੁੱਖ ਨਾਵਾਂ 'ਚ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ
ਬੁਲਾਰੇ ਪਰਮਿੰਦਰਪਾਲ ਸਿੰਘ ਅਤੇ ਦਿੱਲੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਰਵਿੰਦਰ
ਸਿੰਘ ਖੁਰਾਨਾ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭੋਗਲ ਨੇ ਦੱਸਿਆ ਕਿ ਸੰਸਥਾ ਦਾ ਗਠਨ ਕਤਲੇਆਮ ਪੀੜਤਾਂ
ਨੂੰ ਇਨਸਾਫ ਦਿਵਾਉਣ ਲਈ 1985 'ਚ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ, ਸੁਖਦੇਵ ਸਿੰਘ
ਢੀਂਡਸਾ ਅਤੇ ਦਿੱਲੀ ਹਾਈਕੋਰਟ ਦੇ ਸਾਬਕਾ ਜਸਟਿਸ ਆਰ. ਐੱਸ. ਸੋਢੀ ਦੀ ਸਲਾਹ 'ਤੇ ਕੀਤਾ
ਗਿਆ ਸੀ। ਨਵੀਂ ਕਾਰਜਕਾਰਨੀ ਦਾ ਗਠਨ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਊਰਜਾਵਾਨ ਸ਼ਖਸੀਅਤਾਂ
ਨੂੰ ਕਾਰਜ ਕਰਨ ਲਈ ਅੱਗੇ ਲਿਆਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਫਿਲਹਾਲ ਸੰਸਥਾ ਕਾਨਪੁਰ
ਕਤਲੇਆਮ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਕੰਮ ਕਰ ਰਹੀ ਹੈ। ਸੁਪਰੀਮ ਕੋਰਟ 'ਚ
ਸੰਸਥਾ ਵੱਲੋਂ ਪਾਈ ਗਈ ਜਨਹਿਤ ਪਟੀਸ਼ਨ ਕਰ ਕੇ ਯੂ. ਪੀ. ਸਰਕਾਰ ਵੱਲੋਂ ਹੁਣ ਬਣਾਈ ਗਈ
ਐੱਸ. ਆਈ. ਟੀ. ਇਸ ਸਮੇਂ ਪੀੜਤਾਂ ਦੀ ਗਵਾਹੀ ਇਕੱਤਰ ਕਰ ਰਹੀ ਹੈ, ਜਿਸ ਨਾਲ ਕਾਨਪੁਰ
ਕਤਲੇਆਮ ਦੇ ਕਾਤਲਾਂ ਨੂੰ ਸਜ਼ਾਵਾਂ ਮਿਲਣ ਦਾ ਰਾਹ ਪੱਧਰਾ ਹੋਵੇਗਾ।
|