SC ਦੇ ਫ਼ੈਸਲੇ ਤੋਂ ਸਹਿਮਤ ਨਹੀਂ ਕਿਸਾਨ, ਟਿਕੈਤ ਬੋਲੇ- ਕਾਨੂੰਨ ਵਾਪਸੀ ਤੱਕ ਘਰ ਵਾਪਸੀ ਨਹੀਂ |
|
|
 ਨਵੀਂ ਦਿੱਲੀ --12ਜਨਵਰੀ-(ਮੀਡੀਆਦੇਸਪੰਜਾਬ)-- ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਕਿਸਾਨਾਂ ਦਾ
ਅੰਦੋਲਨ 48ਵੇਂ ਦਿਨ ਵੀ ਜਾਰੀ ਹੈ। ਪੰਜਾਬ, ਹਰਿਆਣਾ, ਸਮੇਤ ਕਈ ਸੂਬਿਆਂ ਦੇ ਕਿਸਾਨ
ਵੱਡੀ ਗਿਣਤੀ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਡੇਰੇ ਲਾਏ ਹੋਏ ਹਨ। ਇਸ ਵਿਚ ਸੁਪਰੀਮ ਕੋਰਟ
ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਅਗਲੇ ਆਦੇਸ਼ ਤੱਕ ਤਿੰਨੋਂ
ਖੇਤੀ ਕਾਨੂੰਨਾਂ ਨੂੰ ਲਾਗੂ ਕਰਨ 'ਤੇ ਰੋਕ ਲਗਾਈ ਹੈ। ਕੋਰਟ ਦੇ ਫ਼ੈਸਲੇ 'ਤੇ ਭਾਰਤੀ
ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਬਿਆਨ ਵੀ ਸਾਹਮਣੇ ਆਇਆ ਹੈ। ਰਾਕੇਸ਼ ਟਿਕੈਤ
ਨੇ ਕਿਹਾ ਹੈ ਕਿ ਜਦੋਂ ਤੱਕ ਕਾਨੂੰਨ ਵਾਪਸੀ ਨਹੀਂ ਹੋਵੇਗੀ, ਉਦੋਂ ਤੱਕ ਕਿਸਾਨਾਂ ਦੀ ਘਰ
ਵਾਪਸੀ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਗੱਲ ਰੱਖਾਂਗੇ, ਜੋ ਪਰੇਸ਼ਾਨੀ
ਹੈ, ਸਭ ਦੱਸ ਦੇਵਾਂਗੇ।
ਦੱਸਣਯੋਗ
ਹੈ ਕਿ ਕਿਸਾਨਾਂ ਵਲੋਂ ਲਗਾਤਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮਸਲੇ ਨੂੰ ਲੈ ਕੇ ਕਿਸਾਨ ਅਤੇ ਕੇਂਦਰ ਸਰਕਾਰ ਵਿਚਾਲੇ ਹੁਣ ਤੱਕ 8 ਦੌਰ ਦੀ ਬੈਠਕ ਹੋ
ਚੁੱਕੀ ਹੈ, ਜੋ ਬੇਨਤੀਜਾ ਰਹੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਤੇ
ਅੜੇ ਹਨ, ਇਸ ਤੋਂ ਬਾਅਦ ਇਹ ਮਸਲਾ ਸੁਪਰੀਮ ਕੋਰਟ ਕੋਲ ਪੁੱਜਿਆ। ਸੁਪਰੀਮ ਕੋਰਟ ਨੇ ਇਸ
ਮਸਲੇ 'ਚ ਦਖ਼ਲ ਦਿੰਦਿਆਂ ਅੱਜ ਖੇਤੀ ਕਾਨੂੰਨਾਂ 'ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ
ਹੈ ਅਤੇ ਇਕ 4 ਮੈਂਬਰੀ ਕਮੇਟੀ ਵੀ ਬਣਾਈ ਹੈ। ਹੁਣ ਸਵਾਲ ਇਹ ਹੈ ਕਿ ਸੁਪਰੀਮ ਕੋਰਟ ਵਲੋਂ
ਬਣਾਈ ਗਈ ਕਮੇਟੀ 'ਚ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਣਗੇ ਜਾਂ ਨਹੀਂ।
|