ਪੋਪ ਨੇ ਚਰਚ ਦੇ ਨਿਯਮਾਂ ਚ ਕੀਤੀ ਤਬਦੀਲੀ, ਬੀਬੀਆਂ ਨਹੀਂ ਬਣ ਸਕਦੀਆਂ ਪਾਦਰੀ |
|
|
ਰੋਮ --13ਜਨਵਰੀ-(ਮੀਡੀਆਦੇਸਪੰਜਾਬ)-- ਪੋਪ ਫ੍ਰਾਂਸਿਸ ਨੇ ਚਰਚ ਦੇ ਨਿਯਮਾਂ ਵਿਚ
ਤਬਦੀਲੀਆਂ ਕੀਤੀਆਂ ਹਨ। ਇਹਨਾਂ ਨਿਯਮਾਂ ਮੁਤਾਬਕ ਬੀਬੀਆਂ ਨੂੰ ਵਿਸ਼ੇਸ਼ ਤੌਰ 'ਤੇ
ਪ੍ਰਾਰਥਨਾ ਦੌਰਾਨ ਹੋਰ ਕੰਮ ਕਰਨ ਦੀ ਇਜਾਜ਼ਤ ਹੋਵੇਗੀ ਪਰ ਉਹ ਪਾਦਰੀ ਨਹੀਂ ਬਣ ਸਕਦੀਆਂ
ਹਨ। ਫ੍ਰਾਂਸਿਸ ਨੇ ਕਾਨੂੰਨ ਵਿਚ ਸੋਧ ਕਰ ਕੇ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿਚ ਚੱਲ
ਰਹੀ ਪ੍ਰਥਾ ਨੂੰ ਰਸਮੀ ਰੂਪ ਦਿੱਤਾ ਕਿ ਬੀਬੀਆਂ ਇੰਜੀਲ (ਗੋਸਪੇਲ) ਪੜ੍ਹ ਸਕਦੀਆਂ ਹਨ ਅਤੇ
ਵੇਦੀ 'ਤੇ ਯੁਕਰਿਸਟ ਮੰਤਰੀ ਦੇ ਤੌਰ 'ਤੇ ਸੇਵਾਵਾਂ ਦੇ ਸਕਦੀਆਂ ਹਨ।
ਪਹਿਲਾਂ ਇਸ ਤਰ੍ਹਾਂ ਦੀਆਂ ਭੂਮਿਕਾਵਾਂ ਅਧਿਕਾਰਤ ਤੌਰ 'ਤੇ ਪੁਰਸ਼ਾਂ ਦੇ ਲਈ ਰਾਖਵੀਆਂ
ਹੁੰਦੀਆਂ ਸਨ ਭਾਵੇਂਕਿ ਇਸ ਦੇ ਕੁਝ ਅਪਵਾਦ ਵੀ ਸਨ। ਫ੍ਰਾਂਸਿਸ ਨੇ ਕਿਹਾ ਕਿ ਚਰਚਾਂ ਵਿਚ
ਬੀਬੀਆਂ ਦੇ ਬਹੁਮੁੱਲੇ ਯੋਗਦਾਨ ਨੂੰ ਮਾਨਤਾ ਦੇਣ ਦੇ ਤੌਰ 'ਤੇ ਇਹ ਤਬਦੀਲੀਆਂ ਕੀਤੀਆਂ
ਗਈਆਂ ਹਨ। ਨਾਲ ਹੀ ਕਿਹਾ ਕਿ ਸਾਰੇ ਬੈਪਟਿਸਟ ਕੈਥੋਲਿਕਾਂ ਨੂੰ ਚਰਚ ਦੇ ਮਿਸ਼ਨ ਵਿਚ
ਭੂਮਿਕਾ ਨਿਭਾਉਣੀ ਹੋਵੇਗੀ। ਵੈਟੀਕਨ ਨੇ ਪਾਦਰੀ ਦਾ ਕੰਮ ਪੁਰਸ਼ਾਂ ਦੇ ਲਈ ਰਾਖਵਾਂ ਰੱਖਿਆ
ਹੈ। ਇਹ ਤਬਦੀਲੀਆਂ ਅਜਿਹੇ ਸਮੇਂ ਵਿਚ ਹੋਈਆਂ ਹਨ ਜਦੋਂ ਫ੍ਰਾਂਸਿਸ 'ਤੇ ਦਬਾਅ ਸੀ ਕਿ
ਬੀਬੀਆਂ ਨੂੰ ਡਿਕੌਨ (ਛੋਟੇ ਪਾਦਰੀ) ਦੇ ਤੌਰ 'ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਡਿਕੌਨ ਵਿਆਹ ਕਰਾਉਣ, ਬੈਪਟਿਜ਼ਮ ਅਤੇ ਅੰਤਿਮ ਸੰਸਕਾਰ ਕਰਾਉਣ ਜਿਹੇ ਕਈ ਕੰਮ ਪਾਦਰੀਆਂ
ਵਾਂਗ ਕਰਦੇ ਹਨ ਪਰ ਉਹਨਾਂ ਦਾ ਅਹੁਦਾ ਪਾਦਰੀ ਤੋਂ ਹੇਠਾਂ ਹੁੰਦਾ ਹੈ।
ਵਰਤਮਾਨ ਵਿਚ ਇਹ ਕੰਮ ਪੁਰਸ਼ਾਂ ਦੇ ਲਈ ਰਾਖਵਾਂ ਹੈ ਪਰ ਇਤਿਹਾਸਕਾਰਾਂ ਦਾ ਮੰਨਣਾ ਹੈ
ਕਿ ਪੁਰਾਣੇ ਸਮੇਂ ਵਿਚ ਚਰਚਾਂ ਵਿਚ ਇਹ ਕੰਮ ਬੀਬੀਆਂ ਕਰਦੀਆਂ ਸਨ। ਫ੍ਰਾਂਸਿਸ ਨੇ
ਮਾਹਰਾਂ ਦੇ ਦੂਜੇ ਕਮਿਸ਼ਨ ਦਾ ਗਠਨ ਕੀਤਾ ਹੈ ਜੋ ਅਧਿਐਨ ਕਰੇਗਾ ਕੀ ਬੀਬੀਆਂ ਡਿਕੌਨ ਬਣ
ਸਕਦੀਆਂ ਹਨ। ਇਸ ਤਰ੍ਹਾਂ ਦਾ ਪਹਿਲਾ ਕਮਿਸ਼ਨ ਆਮ ਸਹਿਮਤੀ ਬਣਾਉਣ ਵਿਚ ਅਸਫਲ ਰਿਹਾ ਸੀ।
ਫਿਲਹਾਲ ਵੈਟੀਕਨ ਦੀ ਬੀਬੀ ਪੱਤਰਿਕਾ ਦੀ ਮੁਖ ਸੰਪਾਦਕ ਲੁਸੇਟਾ ਸਕਾਰਾਫਿਆ ਨੇ ਨਵੀਆਂ
ਤਬਦੀਲੀਆਂ ਨੂੰ 'ਦੋਹਰਾ ਜਾਲ' ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਫ੍ਰਾਂਸਿਸ ਨੇ ਵਰਤਮਾਨ
ਪ੍ਰਥਾ ਨੂੰ ਸਿਰਫ ਰਸਮੀ ਬਣਾਇਆ ਹੈ। ਉਹਨਾਂ ਨੇ ਫੋਨ 'ਤੇ ਦਿੱਤੇ ਗਏ ਇੰਟਰਵਿਊ ਵਿਚ ਕਿਹਾ
ਕਿ ਇਸ ਨਾਲ ਬੀਬੀਆਂ ਦੇ ਡਿਕੌਨ ਬਣਨ ਦਾ ਰਸਤਾ ਬੰਦ ਹੋ ਗਿਆ ਹੈ। ਉਹਨਾਂ ਨੇ ਤਬਦੀਲੀ
ਨੂੰ ਬੀਬੀਆਂ ਲਈ 'ਇਕ ਕਦਮ ਪਿਛੜਨ' ਵਰਗਾ ਦੱਸਿਆ।
|