ਸ਼ਾਂਡਿਲਿਆ ਨੂੰ ‘ਵਾਤਾਵਰਣ ਪ੍ਰੇਮੀ’ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ
31-amb-7.gif

ਅੰਬਾਲਾ ,1 ਅਗਸਤ ( ਮੀ.ਕੁ.ਬਿਊਰੋ )

ਰੋਟਰੀ ਕੱਲਬ ਅੰਬਾਲਾ ਸ਼ਹਿਰ ਵੱਲੋਂ ਅੱਜ ਐਂਟੀ ਟੈਰੋਰਿਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਵਿਰੇਸ਼ ਸ਼ਾਂਡਿਲਿਆ ਨੂੰ ‘ਵਾਤਾਵਰਣ ਪ੍ਰੇਮੀ’ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ । ਅੰਬਾਲਾ ਸ਼ਹਿਰ ਦੇ ਇਕ ਹੋਟਲ ਵਿਚ ਕੀਤੇ ਗਏ ਸਮਾਰੋਹ ਵਿਚ ਬੋਲਦਿਆਂ ਰੋਟਰੀ ਪ੍ਰਧਾਨ ਐਨ ਐਨ ਸ਼ਰਮਾ ਨੇ ਕਿਹਾ ਕਿ ਮਲਕਾਨੀ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ  ਅੰਬਾਲਾ ਸ਼ਹਿਰ ਨੂੰ ਸਭ ਤੋਂ ਗੰਦਾ ਸ਼ਹਿਰ ਦੱਸਿਆ ਸੀ ਅਤੇ ਵਿਰੇਸ਼ ਸ਼ਾਂਡਿਲਿਆ ਨੇ ਸਫਾਈ ਸਬੰਧੀ ਹਾਈ ਕੋਰਟ ਵਿਚ ਇਕ ਪੀ ਆਈ ਐਲ ਪਾ ਕੇ ਕੋਰਟ ਵੱਲੋਂ ਇਤਿਹਾਸਕ ਆਦੇਸ਼ ਕਰਵਾ ਕੇ ਮਲਕਾਨੀ ਕਮਿਸ਼ਨ ਦੇ ਧੱਬੇ ਨੂੰ ਧੋ ਦਿਤਾ ਹੈ ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਸ਼ਾਂਡਿਲਿਆ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਪੀ ਆਈ ਐਲ ਪਾ ਕੇ ਅੰਬਾਲਾ ਵਿਚੋਂ ਗੰਦਗੀ ਦੂਰ ਕਰਾਉਣ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਨੂੰ ਸੀਵਰੇਜ ਅਤੇ ਨਾਲੀਆਂ ਤੋਂ ਦੂਰ ਹਟਾਉਣ ਦੇ ਆਦੇਸ਼ ਕਰਵਾਏ ਹਨ ।

ਇਸ ਮੌਕੇ ਤੇ ਬੋਲਦਿਆਂ ਸ਼ਾਂਡਿਲਿਆ ਨੇ ਕਿਹਾ ਕਿ ਕੰਕਰੀਟ ਦੇ ਜੰਗਲ ਖੜੇ ਕਰਨ ਨਾਲ ਮਨੁੱਖ ਕੁਦਰਤ ਤੋਂ ਦੂਰ ਚਲਾ ਗਿਆ ਹੈ ਅਤੇ ਪ੍ਰਦੂਸ਼ਨ ਦਿਨੋ ਦਿਨ ਵਧਦਾ ਜਾ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ ।ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਹੋ ਗਿਆ ਹੈ ਕਿ ਹਰ ਹੀਲੇ ਵਾਤਾਵਰਣ ਦੀ ਸੰਭਾਲ ਕੀਤੀ ਜਾਵੇ ।ਸ਼੍ਰੀ ਸ਼ਾਂਡਿਲਿਆ ਨੁੰ ਪੁਰਸਕਾਰ / ਸਨਮਾਨ ਰੋਟਰੀ ਕਲੱਬ ਦੇ ਪ੍ਰਧਾਨ ਐਨ ਐਨ ਸ਼ਰਮਾ , ਸਕੱਤਰ ਨਰੇਸ਼ ਅਗਰਵਾਲ ਅਤੇ ਭਾਵੀ ਪ੍ਰਧਾਨ ਐਨ ਸੀ ਗੁਪਤਾ ਨੇ ਦਿਤਾ । ਇਸ ਮੌਕੇ ਤੇ ਕਲੱਬ ਦੇ ਖ਼ਜ਼ਾਨਚੀ ਰਮੇਸ਼ ਭਨੋਟ ,ਪ੍ਰੈਸ ਸਕੱਤਰ ਪ੍ਰਦੀਪ ਗੁਲਾਟੀ , ਵਿਜੈ ਉੱਪਲ ਅਤੇ ਹੋਰ ਮੈਂਬਰ ਮੌਜੂਦ ਸਨ ।