1st Indian Sikh at Bhuckingham Palace London
30-amb-8.gif

 

ਰਤਨ ਸਿੰਘ ਢਿੱਲੋਂ

ਅੰਬਾਲਾ 1 ਅਗਸਤ

ਅੰਬਾਲਾ ਜ਼ਿਲੇ ਦੇ ਪਿੰਡ ਗਣੇਸ਼ ਪੁਰ ਦੇ ਸਰਬਜੀਤ ਪਾਲ ਸਿੰਘ ਨੂੰ ਬਰਤਾਨੀਆਂ ਦੀ ਮਹਾਰਾਣੀ ਐਲਿਜਾਬਿਥ ਦੂਜੀ ਦੀ ਸੁਰੱਖਿਆ ਦਾ ਜਿੰਮਾ ਦਿਤਾ ਗਿਆ ਹੈ ।ਇਹ ਸਮਾਚਾਰ ਜਿਉਂ ਹੀ ਅੱਜ ਗਣੇਸ਼ ਪੁਰ ਪਿੰਡ ਵਿਚ ਪਹੁੰਚਿਆ ਤਾਂ ਸਰਬਜੀਤ ਦੇ ਪਿਤਾ ਆਸਾ ਸਿੰਘ ਲੁਬਾਣਾ ਜੋ ਖੁਦ ਡੀ ਐਸ ਪੀ ਰੈਂਕ ਤੋਂ ਸੇਵਾ ਮੁਕਤ ਹੋਏ ਹਨ, ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ।ਗਣੇਸ਼ ਪੁਰ ਪਿੰਡ ਵਿਚ ਜੰਮੇ-ਪਲੇ ਅਤੇ ਅੰਬਾਲਾ ਕੈਂਟ ਦੇ ਐਸ ਡੀ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਵਾਲੇ ਸਰਬਜੀਤ ਪਾਲ ਸਿੰਘ ਨੂੰ ਮਹਾਰਾਣੀ ਦੇ ਸੁਰੱਖਿਆ ਕਾਫਲੇ ਵਿਚ ਸ਼ਾਮਲ ਕੀਤੇ ਜਾਣ ਕਰਕੇ ਪਿੰਡ ਵਿਚ ਵਿਆਹ ਵਰਗਾ ਮਾਹੌਲ ਹੈ ।ਬਰਤਾਨੀਆ ਦੀ ਮਹਾਰਾਣੀ ਦੀ ਸੁਰੱਖਿਆ ਲਈ ਪਹਿਲੀ ਵਾਰ ਦੋ ਸਿੱਖ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਸਰਬਜੀਤ ਪਾਲ ਸਿੰਘ ਪਹਿਲਾ ਭਾਰਤੀ ਸਿੱਖ ਹੈ ਜਦੋਂ ਕਿ ਦੂਜਾ ਇੰਗਲੈਂਡ ਦਾ ਹੀ ਜੰਮ ਪਲ ਹੈ ।

ਇਨੈਲੋ ਦੇ ਪ੍ਰਦੇਸ਼ ਸਕੱਤਰ ਆਸਾ ਸਿੰਘ ਲੁਬਾਣਾ ਦੇ ਤਿੰਨ ਪੁਤਰਾਂ ਵਿਚੋਂ ਸਰਬਜੀਤ ਪਾਲ ਸਿੰਘ ਵਿਚਕਾਰਲਾ ਬੇਟਾ ਹੈ ਜੋ ਬਰਤਾਨੀਆ ਦੀ ਵਾਟਿਸ਼ਾਮ ਦੀ ਤੀਜੀ ਆਰਮੀ ਰੇਜੀਮੈਂਟ ਕੋਰ ਵਿਚ ਇਕ ਸੈਨਿਕ ਹੈ ।ਕੋੜਵਾ ਖੁਰਦ ਦੇ ਹਾਈ ਸਕੂਲ ਤੋਂ ਦਸਵੀਂ ਪਾਸ ਕਰਨ ਤੋਂ ਬਾਅਦ ਸਰਬਜੀਤ ਪਾਲ ਸਿੰਘ ਨੇ ਅੰਬਾਲਾ ਕੈਂਟ ਦੇ ਐਸ ਡੀ ਕਾਲਜ ਤੋਂ ਬੀ ਏ ਕੀਤੀ ।ਸੰਨ 2000 ਤੋਂ 2003 ਤੱਕ ਲੰਦਨ ਵਿਚ ਭਾਰਤੀ ਹਾਈ ਕਮਿਸ਼ਨ ਵਿਚ ਬਤੌਰ ਵੀਜ਼ਾ ਅਤੇ ਸੁਰੱਖਿਆ ਅਧਿਕਾਰੀ ਦੇ ਸੇਵਾ ਕਰਨ ਵਾਲੇ ਉਸ ਦੇ ਪਿਤਾ ਆਸਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੰਦਨ ਰਹਿੰਦਿਆਂ ਉਨ੍ਹਾਂ ਦਾ ਛੋਟਾ ਬੇਟਾ ਆਦਰਸ਼ ਪਾਲ ਸਿੰਘ ਬਰਤਾਨਵੀ ਸੈਨਾ ਵਿਚ ਭਰਤੀ ਹੋ ਗਿਆ  ।ਸਰਬਜੀਤ ਨੇ ਭਾਰਤ ਆਉਣ ਤੋਂ ਬਾਅਦ ਫਿਰ ਇੰਗਲੈਂਡ ਵਾਪਸ ਜਾਣ ਦੀ ਤਮੰਨਾ ਜ਼ਾਹਰ ਕੀਤੀ ਅਤੇ ਉਹ ਵੀ  ਵਾਪਸ ਲੰਦਨ ਜਾ ਕੇ ਬਰਤਾਨੀਆ ਦੀ ਆਰਮੀ  ਏਅਰ ਕੋਰ ਵਿਚ ਭਰਤੀ ਹੋ ਗਿਆ ।ਆਪਣੇ ਕਾਰਜਕਾਲ ਦੌਰਾਨ ਸਰਬਜੀਤ ਪਾਲ ਸਿੰਘ ਨੇ ਅਫਗਾਨਿਸਤਾਨ ਵਿਚ ਵੀ ਆਪਣੀਆਂ ਸੇਵਾਵਾਂ ਦਿਤੀਆਂ ਹਨ ਅਤੇ ਚੀਫ ਆਫ ਆਰਮੀ ਸਟਾਫ ਨੇ ਉਸ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਹੈ।ਸ. ਆਸਾ ਸਿੰਘ ਦਾ ਕਹਿਣਾ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਜਿਨ੍ਹਾਂ ਅੰਗਰੇਜ਼ਾਂ ਨੇ ਸਾਨੂੰ ਵਰ੍ਹਿਆਂ ਬੱਧੀ ਗੁਲਾਮ ਬਣਾ ਕੇ ਰੱਖਿਆਂ ਅੱਜ  ਉਨ੍ਹਾਂ  ਦਾ ਬੇਟਾ ਉਨ੍ਹਾਂ ਦੇ ਨਾਲ ਸੈਨਾ ਵਿਚ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਿਹਾ ਹੈ ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਲੁਬਾਣਾ ਬਰਾਦਰੀ ਦਾ ਹੀ ਨਹੀਂ ਸਗੋਂ ਸਿੱਖ ਭਾਈਚਾਰੇ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ।

ਸਰਬਜੀਤਪਾਲ ਸਿੰਘ ਦੀ ਮਾਤਾ ਕੁਲਦੀਪ ਕੌਰ ਅਤੇ ਵੱਡੇ ਭਰਾ ਫਤਹਿ ਪਾਲ ਸਿੰਘ ਨੇ ਦੱਸਿਆ ਕਿ ਸਰਬਜੀਤ ਬਚਪਨ ਤੋਂ ਹੀ ਅਨੁਸ਼ਾਸਨ ਵਿਚ ਰਿਹਾ ਹੈ ਅਤੇ ਉਸ ਦੀ ਇਛਾ ਆਈ ਏ ਐਸ ਜਾਂ ਆਈ ਪੀ ਐਸ ਬਣਨ ਦੀ ਸੀ ਲੇਕਿਨ ਪਿਤਾ ਦੀ ਲੰਦਨ ਨਿਯੁਕਤੀ ਸਮੇ ਸਰਬਜੀਤ ਦਾ ਰੁਝਾਨ ਬ੍ਰਿਟਿਸ਼ ਆਰਮੀ ਵੱਲ ਹੋ ਗਿਆ ।ਆਪਣੇ ਪਿੰਡ ਦੇ ਹੋਣਹਾਰ ਨੌਜਵਾਨ ਦੀ ਕਾਮਯਾਬੀ ਉਤੇ ਪਿੰਡ ਅਤੇ ਇਲਾਕੇ ਵਾਲੇ ਬੇ-ਹੱਦ ਖੁਸ਼ ਹਨ ।

ਮੈਂਨੂੰ ਇਸ ਗੱਲ ਦਾ ਮਾਣ ਹੈ ਕਿ ਸਰਬਜੀਤ ਪਾਲ ਸਿੰਘ ਦੇ ਪਿਤਾ ਸ. ਆਸਾ ਸਿੰਘ ਮੇਰੇ ਕਾਲਜ ਦੇ ਵਿਦਿਆਰਥੀ ਰਹੇ ਹਨ ਅਤੇ ਖੁਦ ਸਰਬਜੀਤ ਵੀ ਸਾਡਾ ਵਿਦਿਆਰਥੀ ਰਿਹਾ ਹੈ ।