ਸਰਬਜੋਤ ਦੇ ਘਰੋਂ ਹਥਿਆਰ ਬਰਾਮਦ
ਲੋੜ ਪਈ ਤਾਂ ਬੂਟਾ ਸਿੰਘ ਤੋਂ ਪੁੱਛਗਿੱਛ ਕਰਾਂਗੇ : ਸੀਬੀਆਈ
ਯੂਐਨਆਈ
ਨਵੀਂ ਦਿੱਲੀ : 1 ਅਗਸਤ
ਨਾਸਿਕ ਦੇ ਇੱਕ ਠੇਕੇਦਾਰ ਤੋਂ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤੇ ਗਏ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਦੇ ਘਰ ਛਾਪਾ ਮਾਰ ਕੇ ਸੀਬੀਆਈ ਨੇ ਉਥੋਂ ਲਾਇਸੰਸ ਵਾਲੇ ਤਿੰਨ ਹਥਿਆਰ ਤੇ ਕੁਝ
ਕਾਰਤੂਸ ਬਰਾਮਦ ਕੀਤੇ ਹਨ। ਸੀਬੀਆਈ ਨੇ ਇਸ ਸਬੰਧ ‘ਚ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਬੂਟਾ ਸਿੰਘ ਨੇ ਸੀਬੀਆਈ ਦੀ ਇਸ ਕਾਰਵਾਈ ਨੂੰ ਗੈਰ ਜ਼ਰੂਰੀ ਕਰਾਰ ਦਿੱਤਾ ਹੈ। ਬੂਟਾ ਸਿੰਘ ਨੇ ਕਿਹਾ ਕਿ ਛਾਪਾਮਾਰੀ ਦੌਰਾਨ ਜੋ ਹਥਿਆਰ ਬਰਾਮਦ ਹੋਏ ਹਨ, ਉਨ੍ਹਾਂ ਦਾ ਲਾਇਸੰਸ ਸਰਬਜੋਤ ਕੋਲ ਹੈ। ਮੌਕੇ ‘ਤੇ ਲਾਇਸੰਸ ਦਿਖਾਉਣ ਬਾਰੇ ਪੁੱਛੇ ਜਾਣ ਤੋਂ ਬਾਅਦ ਬੂਟਾ ਸਿੰਘ ਨੇ ਕਿਹਾ ਕਿ ਲਾਇਸੰਸ ਉਨ੍ਹਾਂ ਦੇ ਪੁੱਤਰ ਕੋਲ ਹੀ ਹਨ, ਜਦੋਂ ਉਹ ਹਿਰਾਸਤ ‘ਚੋਂ ਬਾਹਰ ਆਵੇਗਾ, ਉਦੋਂ ਹੀ ਇਹ ਲਾਇਸੰਸ ਦੇ ਦਿੱਤੇ ਜਾਣਗੇ।
ਦੂਜੇ ਪਾਸੇ ਸੀਬੀਆਈ ਸੂਤਰਾਂ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਮਾਮਲੇ ‘ਚ ਬੂਟਾ ਸਿੰਘ ਤੋਂ ਵੀ ਪੁੱਛਗਿੱਛ ਕਰਨਗੇ। ਹਾਲਾਂਕਿ ਸੀਬੀਆਈ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਬੂਟਾ ਸਿੰਘ ਤੋਂ ਕਦੋਂ ਅਤੇ ਕਿੱਥੇ ਪੁੱਛਗਿੱਛ ਕੀਤੀ ਜਾਵੇਗੀ। ਸੀਬੀਆਈ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਨੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਅਸੀਂ ਬੂਟਾ ਸਿੰਘ ਤੋਂ ਪੁੱਛਗਿੱਛ ਕਰਾਂਗੇ। ਉਨ੍ਹਾਂ ਨਾਲ ਹੀ ਕਿਹਾ ਕਿ ਅਜੇ ਤੱਕ ਇਸ ਸਬੰਧ ‘ਚ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਤੇ ਸਾਰੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾਵੇਗੀ। ਇਸ ਮਾਮਲੇ ‘ਚ ਸੀਬੀਆਈ ‘ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਾ ਹੋਣ ਦੀ ਗੱਲ ਕਹਿੰਦਿਆਂ ਸ੍ਰੀ ਕੁਮਾਰ ਨੇ ਕਿਹਾ ਕਿ ਅਸੀਂ ਤੱਥਾਂ ਆਧਾਰਤ ਕਾਰਵਾਈ ਕਰ ਰਹੇ ਹਾਂ। ਸ੍ਰੀ ਕੁਮਾਰ ਨੇ ਉਨ੍ਹਾਂ ਅਫ਼ਵਾਹਾਂ ਨੂੰ ਵੀ ਬੇਬੁਨਿਆਦ ਦੱਸਿਆ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਸੀਬੀਆਈ ਨੇ ਇਸ ਸਬੰਧ ‘ਚ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਸੌਂਪੀ ਹੈ।
ਇਸੇ ਤਰ੍ਹਾਂ ਬੂਟਾ ਸਿੰਘ ਨੇ ਅੱਜ ਫਿਰ ਇਸ ਮਾਮਲੇ ‘ਚ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਬੂਟਾ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ ਨੇ ਦਬਾਅ ਹੇਠ ਜ਼ੁਰਮ ਕਬੂਲਿਆ ਹੈ। ਅਸਤੀਫ਼ੇ ਬਾਰੇ ਪੁੱਛੇ ਜਾਣ ‘ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਬੂਟਾ ਸਿੰਘ ਨੇ ਕਿਹਾ ਕਿ ਉਹ ਇੱਕ ਸੰਵਿਧਾਨਕ ਮੰਚ ਦੇ ਪ੍ਰਧਾਨ ਹਨ ਤੇ ਉਹ ਆਪਣੇ ਕਾਰਜ ‘ਚ ਸਮਰੱਥ ਹਨ, ਇਸ ਲਈ ਅਸਤੀਫ਼ਾ ਦੇਣ ਦਾ ਸਵਾਲ ਹੀ ਨਹੀਂ ਬਣਦਾ। ਗੁੱਸੇ ਭਰੇ ਲਹਿਜ਼ੇ ‘ਚ ਬੂਟਾ ਸਿੰਘ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਦਬਾਅ ਹੇਠ ਜ਼ੁਰਮ ਕਬੂਲਿਆ ਹੋਵੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਇੱਕ ਮਾਮਲਾ ਰਫ਼ਾ-ਦਫ਼ਾ ਕਰਨ ਲਈ ਰਿਸ਼ਵਤ ਲੈਣ ਦੇ ਦੋਸ਼ ਹੇਠ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਉਰਫ਼ ਸਵੀਟੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਬੀਆਈ ਨੇ ਇਸ ਮਾਮਲੇ ‘ਚ ਮੁਸਤੈਦੀ ਵਿਖਾਉਾਂਦਿਆਂ ਰਬਜੋਤ ਦਾ ਪੰਜ ਦਿਨਾਂ ਰਿਮਾਂਡ ਵੀ ਲੈ ਲਿਆ ਸੀ। ਦੂਜੇ ਪਾਸੇ ਕੁਝ ਲੋਕ ਇਸ ਮਾਮਲੇ ਨੂੰ ਕਾਂਗਰਸ ਦੀ ਗੁੱਝੀ ਸਿਆਸਤ ਦੱਸ ਰਹੇ ਹਨ। ਸਿਆਸੀ ਮਾਹਰ ਸੀਬੀਆਈ ਵੱਲੋਂ ਫਟਾਫਟ ਕੀਤੀ ਜਾ ਰਹੀ ਕਾਰਵਾਈ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖ ਰਹੇ ਹਨ।