ਕਾਂਗਰਸੀ ਸਾਂਸਦ ਨੂੰ ਸਾਢੇ ਤਿੰਨ ਸਾਲ ਦੀ ਸਜ਼ਾ
ਆਨੰਦਨਗਰ : 1 ਅਗਸਤ
ਗਣੇਸ਼ ਸ਼ੂਗਰ ਮਿੱਲ ਕੰਪਲੈਕਸ ‘ਚ 18 ਫਰਵਰੀ 1983 ‘ਚ ਕਿਸਾਨਾਂ ਦੇ ਅੰਦੋਲਨ ਦੌਰਾਨ ਹੋਈ ਕੁੱਟਮਾਰ ਦੇ ਮਾਮਲੇ ‘ਚ ਦੋਸ਼ੀ ਪਾਏ ਗਏ ਕਾਂਗਰਸੀ ਸਾਂਸਦ ਹਰਸ਼ਵਰਧਨ ਨੂੰ ਸਿਵਲ ਜੱਜ ਜੂਨੀਅਰ ਡਵੀਜ਼ਨ
ਫਰੇਂਦਾ ਨੇ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਬਾਅਦ ‘ਚ ਅਦਾਲਤ ਨੇ 15 ਹਜ਼ਾਰ ਰੁਪਏ ਦੀ ਜ਼ਮਾਨਤ ਤੇ ਇੰਨੀ ਹੀ ਰਾਸ਼ੀ ਦੇ ਮੁਚੱਲਕੇ ‘ਤੇ ਉਨ੍ਹਾਂ ਨੂੰ ਰਿਹਾਅ ਵੀ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਸਾਢੇ 26 ਸਾਲ ਪਹਿਲਾਂ ਸਥਾਨਕ ਸ਼ੂਗਰ ਮਿੱਲ ‘ਚ ਗੰਨੇ ਦੀ ਅਦਾਇਗੀ ਨੂੰ ਲੈ ਕੇ ਚਲਾਏ ਜਾ ਰਹੇ ਅੰਦੋਲਨ ਦੌਰਾਨ ਹਰਸ਼ਵਰਧਨ ਦਾ ਸ਼ੂਗਰ ਮਿੱਲ ਦੇ ਅਧਿਕਾਰੀ ਜਗਲਾਲ ਨਾਲ ਵਿਵਾਦ ਹੋ ਗਿਆ ਸੀ। ਇਸ ਝਗੜੇ ਤੋਂ ਬਾਅਦ ਜਗਲਾਲ ਨੇ ਹਰਸ਼ਵਰਧਨ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਫਰੇਂਦਾ ਥਾਣੇ ‘ਚ ਮਾਮਲਾ ਦਰਜ ਕਰਵਾਇਆ ਸੀ। ਸਾਢੇ 26 ਸਾਲ ਪਹਿਲਾਂ ਦਰਜ ਹੋਏ ਇਸ ਮਾਮਲੇ ‘ਚ ਕਈ ਉਤਾਰ-ਚੜ੍ਹਾਅ ਆਏ ਸਨ ਤੇ 7 ਸਾਲ ਪਹਿਲਾਂ ਹੀ ਇੱਕ ਮੁਲਜ਼ਮ ਪਰਸੂ ਰਾਮ ਮਿਸਰ ਦੀ ਮੌਤ ਵੀ ਹੋ ਗਈ। ਲੰਘੀ 10 ਜੁਲਾਈ ਨੂੰ ਸਿਵਲ ਜੱਜ ਕ੍ਰਿਸ਼ਨ ਕੁਮਾਰ ਨੇ ਸੁਣਵਾਈ ਤੋਂ ਬਾਅਦ ਸਾਂਸਦ ਹਰਸ਼ਵਰਧਨ ਨੂੰ ਦੋਸ਼ੀ ਠਹਿਰਾਇਆ ਸੀ। ਸੁਣਵਾਈ ਦੌਰਾਨ ਐਮਪੀ ਦੇ ਹਾਜ਼ਰ ਨਾ ਹੋਣ ਕਾਰਨ ਉਨ੍ਹਾਂ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਸਜ਼ਾ ਲਈ 18 ਜੁਲਾਈ ਦੀ ਮਿਤੀ ਨਿਰਧਾਰਤ ਕੀਤੀ ਗਈ। ਪਰ ਸੁਣਵਾਈ ਦੀ ਮਿਤੀ ਬਾਅਦ ‘ਚ 25 ਜੁਲਾਈ ਤੇ 1 ਅਗਸਤ ਤੱਕ ਵਧਾਈ ਗਈ।
ਅੱਜ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਸਾਂਸਦ ਖਿਲਾਫ਼ ਦੋ ਵੱਖ-ਵੱਖ ਮਾਮਲਿਆਂ ‘ਚ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ। ਦੂਜੇ ਪਾਸੇ ਹਰਸ਼ਵਰਧਨ ਦੇ ਵਕੀਲ ਨੇ ਕਿਹਾ ਕਿ ਉਹ ਕੋਰਟ ਦੇ ਫ਼ੈਸਲੇ ਖਿਲਾਫ਼ ਜ਼ਿਲ੍ਹਾ ਅਦਾਲਤ ‘ਚ ਅਪੀਲ ਕਰਨਗੇ।
ਇਸ ਸਬੰਧ ਐਮਪੀ ਹਰਸ਼ਵਰਧਨ ਨੇ ਕਿਹਾ ਕਿ ਭਾਰਤੀ ਕਾਨੂੰਨ ਵਿਵਸਥਾ ‘ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਤੇ ਉਹ ਇਸ ਫ਼ੈਸਲੇ ਨੂੰ ਲੈ ਕੇ ਹੈਰਾਨ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਤੇ ਗਰੀਬਾਂ ਖਿਲਾਫ਼ ਆਪਣਾ ਸੰਘਰਸ਼ ਹੁਣ ਵੀ ਜਾਰੀ ਰੱਖਣਗੇ।