ਹਰਿਆਣਾ ਦੇ ਮੁਖ ਮੰਤਰੀ ਨੇ ਵੱਖਰੀ ਕਮੇਟੀ ਦੇ ਗਠਨ ਬਾਰੇ ਦਿੱਤਾ ਬਿਆਨ
 c-m-haryana-bhupinder-singh.gifਚੋਣਾਂ ਨੇੜੇ ਹੋਣ ਕਰਕੇ ਸਿੱਖਾਂ ਨੂੰ ਭਰਮਾਉਣ ਦੀ ਚਾਲ    
    ਹਰਿਆਣਾ ਦੇ ਸਿੱਖਾਂ ਵਿਚ ਮਚੀ ਹਲਚਲ
ਰਤਨ ਸਿੰਘ ਢਿੱਲੋਂ
ਅੰਬਾਲਾ,1 ਅਗਸਤ
 ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ 1 ਨਵੰਬਰ 2009 ਨੂੰ ਹਰਿਆਣਾ ਦਿਵਸ ਦੇ ਮੌਕੇ ਤੇ ਵਖਰੀ ਕਮੇਟੀ ਦੇ ਗਠਨ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਨੇ ਹਰਿਆਣਾ ਦੀ ਸਿੱਖ ਰਾਜਨੀਤੀ ਵਿਚ ਹਲਚਲ ਛੇੜ ਦਿਤੀ ਹੈ ।ਜਿੱਥੇ ਇਕ ਪਾਸੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਮੁੱਖ ਮੰਤਰੀ ਦੇ ਬਿਆਨ ਦਾ ਸਵਾਗਤ ਕੀਤਾ ਹੈ ਉਥੇ ਯੂਥ ਦੇ ਪ੍ਰਧਾਨ ਕੰਵਲਜੀਤ ਸਿੰਘ ਅਜਰਾਣਾ ਨੇ ਇਸ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਦਾ ਕੋਈ ਭਰੋਸਾ ਨਹੀਂ ਹੈ ।ਸ਼੍ਰੀ ਅਜਰਾਣਾ ਅੱਜ ਇਥੇ ਪੰਜਾਬੀ ਟ੍ਰਿਬਿਊਨ ਨਾਲ ਗੱਲ ਬਾਤ ਕਰ ਰਹੇ ਸਨ ।

ਅਜਰਾਣਾ ਨੇ  ਕਿਹਾ ਕਿ ਪਤਾ ਨਹੀਂ ਝੀਂਡਾ ਸਾਹਿਬ ਮੁੱਖ ਮੰਤਰੀ ਦੀ ਭਾਸ਼ਾ ਕਿਵੇਂ ਬੋਲ ਰਹੇ ਹਨ ।ਉਨ੍ਹਾਂ ਕਿਹਾ ਕਿ ਝੀਂਡਾ ਨੇ ਮੁੱਖ ਮੰਤਰੀ ਦਾ ਵਖਰੀ ਕਮੇਟੀ ਦੇ ਗਠਨ ਦੇ ਐਲਾਨ ਲਈ ਜੋ ਧੰਨਵਾਦ ਕੀਤਾ ਹੈ ਅਤੇ ਬੁਲਾਰਾ ਬਣਨ ਦੀ ਕੋਸ਼ਿਸ਼ ਕਰਦਿਆਂ ਸ਼੍ਰੀ ਹੁੱਡਾ ਦੀ ਰਾਜਨੀਤਕ ਮਜਬੂਰੀ ਦੀ ਗੱਲ ਕੀਤੀ ਹੈ ,ਉਸ ਤੋਂ ਦਾਲ ਵਿਚ ਕੁਝ ਕਾਲਾ ਨਜ਼ਰ ਆਉਂਦਾ ਹੈ । ਯੂਥ ਪ੍ਰਧਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਬਾਰੇ ਵਿਚਾਰ ਕਰਨ ਲਈ  6 ਅਗਸਤ ਨੂੰ ਕੁਰਕਸ਼ੇਤਰਾ ਵਿਚ ਇਕ ਮੀਟਿੰਗ ਸੱਦ ਲਈ ਹੈ ਜਿਸ ਵਿਚ ਆਰ ਪਾਰ ਦਾ ਫੈਸਲਾ ਕੀਤਾ ਜਾਵੇਗਾ । 6 ਅਗਸਤ ਦੀ ਮੀਟਿੰਗ ਵਿਚ ਵਿਵਾਦ ਦਾ ਖੰਡਾ ਮਿਆਨ ਤੋ ਬਾਹਰ ਆਉਣ ਦੀ ਸੰਭਾਵਨਾ ਹੈ ਅਤੇ  ਇਸ ਦਾ ਪਹਿਲਾ ਵਾਰ ਜਥੇਦਾਰ ਝੀਂਡਾ ਤੇ  ਹੋ ਸਕਦਾ ਹੈ ।
ਯੂਥ ਪ੍ਰਦੇਸ਼ ਪ੍ਰਧਾਨ ਕੰਵਲਜੀਤ ਸਿੰਘ ਅਜਰਾਣਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਪਿਛਲੀਆਂ ਚੋਣਾਂ ਵਖਰੀ ਕਮੇਟੀ ਦੇ ਮੁੱਦੇ ਤੇ ਲੜੀਆਂ ਸਨ ਅਤੇ ਉਨ੍ਹਾਂ ਦੇ 11 ਵਿਚੋਂ 7 ਉਮੀਦਵਾਰ ਚੋਣ ਜਿੱਤ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਸਨ ।ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨਾਲ ਉਨ੍ਹਾਂ ਨਾਲ ਲਿਖਤੀ ਚੁਣਾਵੀ ਸਮਝੌਤਾ ਹੋਇਆ ਸੀ ਕਿ ਜੇ ਸਿੱਖ ਕਾਂਗਰਸ ਨੂੰ ਸਮਰਥਨ ਦੇਣਗੇ ਤਾਂ ਪਾਰਟੀ  ਸਰਕਾਰ ਆਉਣ ਤੇ ਵਖਰੀ ਕਮੇਟੀ ਦਾ ਗਠਨ ਕਰ ਦੇਵੇਗੀ  ।ਅਜਰਾਣਾ ਨੇ ਕਿਹਾ ਕਿ ਕਾਂਗਰਸ ਹੁਣ ਤੱਕ ਸਿੱਖਾਂ ਨੂੰ ਮੂਰਖ ਬਣਾਉਂਦੀ ਆ ਰਹੀ ਹੈ ਅਤੇ ਇਹ ਮਸਲਾ ਜਾਣ ਬੁਝ ਕੇ ਲਟਕਾਇਆ ਹੋਇਆ ਹੈ ।ਕਮੇਟੀ ਦੇ ਗਠਨ ਬਾਰੇ ਹਰ ਵੇਰ ਗੱਡੇ ਨਾਲ ਕੱਟਾ ਬੰਨਂ੍ਹ ਦਿੱਤਾ ਜਾਂਦਾ ਹੈ । ਹੁਣ ਚੋਣਾਂ ਨੇੜੇ ਆਉਣ ਕਰਕੇ ਹੁੱਡਾ ਸਾਹਿਬ ਨੇ ਫਿਰ ਸ਼ੋਸ਼ਾ ਛਡ ਦਿੱਤਾ ਹੈ । ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਕਿਸ ਰਾਜਾ ਦੀ ਪਰਜਾ ਹੋਣੀ ਹੈ ਇਹ ਕਿਸ ਨੂੰ ਪਤਾ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵਖਰੀ ਕਮੇਟੀ ਬਣਾਉਣ ਦੀ ਨੀਅਤ ਦਾ ਇਥੋਂ ਪਤਾ ਲੱਗ ਜਾਂਦਾ ਹੈ ਕਿ ਵਖਰੀ ਕਮੇਟੀ ਬਣਾਉਣ ਦੇ ਹੱਕ ਵਿਚ ਹਰਿਆਣਾ ਦੇ ਤਿੰਨ ਲੱਖ ਸਿੱਖਾਂ ਨੇ ਆਪਣੇ ਹਲਫੀਆ ਬਿਆਨ ਦਿੱੇਤੇ ਪ੍ਰੰਤੂ ਸਰਕਾਰ ਨੇ ਮਾਮਲੇ ਨੂੰ ਲਟਕਾਉਣ ਲਈ ਚੱਠਾ ਕਮੇਟੀ ਬਣਾ ਦਿਤੀ ਜਿਸ ਦੀ ਸਾਢੇ ਤਿੰਨ ਸਾਲ ਰਿਪੋਰਟ ਹੀ ਨਹੀਂ ਆਈ ।ਅਜਰਾਣਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਦੋਂ ਸ਼ਾਹਬਾਦ ਵਿਚ ਸ. ਪਰਕਾਸ਼ ਸਿੰਘ ਬਾਦਲ ਦਾ ਵਿਰੋਧ ਕੀਤਾ ਤਾਂ ਕਾਂਗਰਸ ਸਰਕਾਰ ਨੇ ਉਨ੍ਹਾਂ ਤੇ ਹੀ ਡਾਂਗਾਂ ਵਰ੍ਹਾਈਆਂ ।ਉਨ੍ਹਾਂ ਨੇ 110 ਦਿਨ ਕੁਰਕਸ਼ੇਤਰਾ ਵਿਚ ਚੱਠਾ ਸਾਹਿਬ ਦੀ ਰਿਹਾਇਸ਼ਗਾਹ ਦੇ ਬਾਹਰ ਧਰਨਾ ਮਾਰਿਆ , 37 ਦਿਨ ਹਰਿਆਣਾ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਫੂਲ ਚੰਦ ਮੁਲਾਣਾ ਦੀ ਅੰਬਾਲਾ ਸ਼ਹਿਰ ਸਥਿਤ ਰਿਹਾਇਸ਼ ਦੇ ਬਾਹਰ ਧਰਨ ਮਾਰਿਆ , ਜੀ ਟੀ ਰੋਡ ਵੀ ਜਾਮ ਕੀਤੀ ਪ੍ਰੰਤੂ ਹਰਿਆਣਾ ਸਰਕਾਰ ਤੋਂ ਸਿਵਾਏ ਲਾਰਿਆਂ ਦੇ ਹੋਰ ਕੁਝ ਨਹੀਂ ਮਿਲਿਆ ਅਤੇ ਸਰਕਾਰ ਨੇ ਅੱਜ ਕੱਲ ਕਰਦਿਆਂ ਹੀ ਪੰਜ ਸਾਲ ਕੱਢ ਦਿਤੇ ਹਨ ।ਉਨ੍ਹਾਂ ਕਿਹਾ ਕਿ ਵਖਰੀ ਕਮੇਟੀ ਦੇ ਗਠਨ ਨੂੰ ਲੈ ਕੇ ਉਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਦੀ ਕੌਮੀ ਪ੍ਰਧਾਨ ਸ਼੍ਰੀ ਮਤੀ ਸੋਨੀਆ ਗਾਂਧੀ ਨੂੰ ਵੀ ਮਿਲੇ ਚੁੱਕੇ ਹਨ ਪਰ ਪਰਨਾਲਾ ਉੱਥੇ ਦਾ ਉਥੇ ਹੀ ਰਿਹਾ ਹੈ।
ਸ਼੍ਰੀ ਅਜਰਾਣਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ 1 ਨਵੰਬਰ 2009 ਨੂੰ ਵਖਰੀ ਕਮੇਟੀ ਦੇ ਗਠਨ ਬਾਰੇ ਜੋ ਬਿਆਨ ਦਿਤਾ ਹੈ ਅਤੇ ਨਾਲ ਕਾਨੂੰਨੀ ਸਲਾਹ ਦੀ ‘ਜੇ’ ਵੀ ਜੋੜ ਦਿਤੀ ਹੈ ,ਇਸ ਤੋਂ ਜ਼ਾਹਰ ਹੁੰਦਾ ਹੈ ਕਿ ਹੁੱਡਾ ਸਾਹਿਬ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ ।ਉਨ੍ਹਾ ਕਿਹਾ ਕਿ ਇਸ ਗੱਲ ਦਾ ਕੀ ਯਕੀਨ  ਹੈ ਕਿ ਚੋਣਾਂ ਤੋਂ ਬਾਅਦ ਕਾਂਗਰਸ ਦੀ ਹੀ ਸਰਕਾਰ ਆਵੇਗੀ ਅਤੇ ਜੇ ਆ ਵੀ ਗਈ ਤਾਂ ਇਸ ਗੱਲ ਦਾ ਕੀ ਯਕੀਨ  ਹੈ ਕਿ ਹੁੱਡਾ ਸਾਹਿਬ ਹੀ ਹਰਿਆਣਾ ਦੇ ਮੁੱਖ ਮੰਤਰੀ ਬਣਨਗੇ ।ਸ਼੍ਰੀ ਅਜਰਾਣਾ ਨੇ ਸਪਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਜੀ ਸਿੱਖਾਂ ਨੂੰ ਮੂਰਖ ਬਣਾਉਣ ਵਾਲੇ ਬਿਆਨ ਨਾ ਦੇਣ ਅਤੇ ਜੇ ਉਹ ਵਾਕਿਆ ਹੀ ਵਖਰੀ ਕਮੇਟੀ ਦੇ ਗਠਨ ਸਬੰਧੀ ਗੰਭੀਰ ਹਨ ਤਾਂ ਚੋਣਾਂ ਤੋਂ ਪਹਿਲਾਂ ਇਸ ਸੈਸ਼ਨ ਵਿਚ ਹੀ ਕਮੇਟੀ ਬਣਾਉਣ ਦਾ ਕਾਨੂੰਨ ਪਾਸ ਕਰਨ ਅਤੇ ਜੋ ਕਸਰ ਬਾਕੀ ਰਹਿ ਜਾਵੇਗੀ ਉਹ ਅਗਲੀ ਸਰਕਾਰ ਪੂਰੀ ਕਰ ਦੇਵੇਗੀ ।
ਸ਼੍ਰੀ ਅਜਰਾਣਾ ਨੇ ਕਿਹਾ ਹੈ ਕਿ ੱਿਸਖ ਰਾਜਨੀਤੀ ਵਿਚੋਂ ਹਿੱਸਾ ਨਹੀਂ ਮੰਗ ਰਹੇ ਸਗੋਂ ਉਨ੍ਹਾਂ ਦੀ ਇਕ ਜਾਇਜ਼ ਧਾਰਮਿਕ ਮੰਗ ਹੈ ਜੋ ਹਰਿਆਣਾ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਪੂਰੀ ਕਰ ਦੇਣੀ ਚਾਹੀਦੀ ਹੈ ਨਹੀਂ ਤਾਂ ਸੰਗਤ ਅੱਕੀ ਬੈਠੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਦਾ ਰੱਜ ਕੇ ਨੁਕਸਾਨ ਕੀਤਾ ਜਾ ਸਕਦਾ ਹੈ ਜਿਸ ਬਾਰੇ 6 ਅਗਸਤ ਦੀ ਮੀਟਿੰਗ ਵਿਚ ਫੈਸਲਾ ਲਿਆ ਜਾਵੇਗਾ ।ਜੇ ਸਰਕਾਰ ਉਨ੍ਹਾਂ ਦੀ ਬੇਨਤੀ ਨੂੰ ਮੰਨਦੀ ਹੋਈ ਇਸੇ ਸੈਸ਼ਨ ਵਿਚ ਵਖਰੀ ਕਮੇਟੀ ਦਾ ਮਤਾ ਪਾਸ ਕਰ ਦਿੰਦੀ ਹੈ ਤਾਂ ਹਰਿਆਣਾ ਦੀ ਸੰਗਤ ਉਨ੍ਹਾਂ ਦੀ ਧੰਨਵਾਦੀ ਹੋਵੇਗੀ ।ਇਕ ਪ੍ਰਸ਼ਨ ਦੇ ਉੱਤਰ ਵਿਚ ਸ਼੍ਰੀ ਅਜਰਾਣਾ ਨੇ ਕਿਹਾ ਕਿ ਜਥੇਦਾਰ ਝੀਂਡਾ ਨੂੰ ਵਰਗਲਾਇਆ ਜਾ ਰਿਹਾ ਹੈ ਜਦੋਂ ਕਿ ਹੁਣ ਸੰਗਤ ਝੀਂਡਾ ਕੋਲੋਂ ਪਾਸਾ ਵੱਟ  ਰਹੀ ਹੈ ।
ਦੂਜੇ ਪਾਸੇ ਸੀਨੀਅਰ ਅਕਾਲੀ ਨੇਤਾ ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ੍ਹ ਅਤੇ ਯੂਥ ਪ੍ਰਧਾਨ ਹਰਪਾਲ ਸਿੰਘ ੱਿਰਪੀ ਨੇ ਕਿਹਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਹਰਿਆਣਾ ਦੀ ਵਖਰੀ ਗੁਰਦੁਆਰਾ ਕਮੇਟੀ ਹੋਂਦ ਵਿਚ ਨਹੀਂ ਆਉਣ ਦੇਣਗੇ ਅਤੇ ਕਾਂਗਰਸ ਦੀ ਸਿੱਖਾਂ ਵਿਚ ਫੁਟ ਪਾਊ ਨੀਤੀ ਨੂੰ ਸਫਲ ਨਹੀਂ ਹੋਣ ਦੇਣਗੇ ।ਉਨ੍ਹਾਂ ੁਿਕਹਾ ਹੈ ਕਿ ਸਰਕਾਰ ਦੇ ਵਿਰੁੱਧ ਉਹ ਸੰਘਰਸ਼ ਵਿਢਣਗੇ ।ਕਾਂਗਰਸ ਨੂੰ ਉਸ ਦੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਣ ਦਿਤਾ ਜਾਵੇਗਾ ਭਾਵੇਂ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ ।