ਸਾਧਵੀਆਂ ਦੇ ਸਰੀਰਕ ਸ਼ੋਸ਼ਣ ਮਾਮਲੇ ਵਿਚ ਡੇਰਾ ਮੁਖੀ ਅਦਾਲਤ ਵਿਚ ਪੇਸ਼
dera-mukhi-sant-gurmit-ram-.gifਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ
ਇਕ ਗਵਾਹ ਨੇ ਆਪਣੀ ਗਵਾਹੀ ਦਰਜ ਕਰਾਈ
ਅਗਲੀ ਪੇਸ਼ੀ 29 ਅਗਸਤ ਨੂੰ
ਅੰਬਾਲਾ,1 ਅਗਸਤ ( ਮੀ.ਕੁ.ਬੀਊਰੋ )
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਖਿਲਾਫ ਦਰਜ ਮੁੱਕਦਮਾ ਨੰਬਰ ਆਰ ਸੀ 5 ਅਤੇ ਆਰ ਸੀ 8 ਦੋ ਮਾਮਲਿਆਂ ਦੀ ਸੁਣਵਾਈ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਈ ।ਡੇਰਾ ਮੁਖੀ ਸਿਰਸਾ ਦੀ ਅਦਾਲਤ ਵਿਚ ਪੇਸ਼ ਹੋਇਆ ਜਦੋਂ ਕਿ ਗਵਾਹੀ ਦੀ ਕਾਰਵਾਈ ਅੰਬਾਲਾ ਵਿਚ ਚੱਲੀ । ਅੰਬਾਲਾ ਸਥਿਤ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿਚ ਜਸਟਿਸ ਸ਼੍ਰੀ ਏ ਐਸ ਨਾਰੰਗ ਦੇ ਸਾਹਮਣੇ ਡੇਰੇ ਦੀਆਂ ਸਾਧਵੀਆਂ ਦੇ ਬਲਾਤਕਾਰ ਸਬੰਧੀ ਮਾਮਲੇ ਵਿਚ ਅੱਜ ਇਕ ਗਵਾਹ ਪਰਮਜੀਤ ਸਿੰਘ ਨੇ ਆਪਣੀ ਗਵਾਹੀ ਦਰਜ ਕਰਾਈ ਜਦੋਂ ਕਿ ਆਰ ਸੀ 8 ( ਰਣਜੀਤ ਸਿੰਘ ਕਤਲ ਕੇਸ ) ਵਿਚ ਕੋਈ ਕਾਰਵਾਈ ਨਹੀਂ ਹੋਈ ।ਇਸ ਮਾਮਲੇ ਦੀ ਅਗਲੀ ਤਾਰੀਖ 29 ਅਗਸਤ ਨਿਰਧਾਰਤ ਕੀਤੀ ਗਈ ਹੈ ।

ਸੀ ਬੀ ਆਈ ਵੱਲੋਂ ਡੇਰਾ ਮੁਖੀ ਦੀ ਜਮਾਨਤ ਰੱਦ ਕਰਨ ਸਬੰਧੀ ਪਾਈ ਗਈ ਅਰਜ਼ੀ ਤੇ ਵੀ ਅੱਜ ਬਹਿਸ ਹੋਈ ।ਬਚਾਅ ਪੱਖ ਦੇ ਵਕੀਲਾਂ ਨੇ ਡੇਰਾ ਮੁਖੀ ਦੇ ਖਿਲਾਫ ਚੱਲ ਰਹੇ ਮਾਮਲਿਆਂ ਨਾਲ ਜੁੜੇ ਜਾਂਚ ਅਧਿਕਾਰੀਆਂ ਤੇ ਗੰਭੀਰ ਦੋਸ਼ ਲਾਉਂਦਿਆਂ ਇਕ ਦਰਖਾਸਤ  ਅਦਾਲਤ ਵਿਚ ਪੇਸ਼ ਕੀਤੀ ਜਿਸ ਤੇ ਮਾਣਯੋਗ ਜੱਜ ਨੇ ਸੀ ਬੀ ਆਈ ਵੱਲੋਂ ਡੇਰਾ ਮੁਖੀ ਦੀ ਜਮਾਨਤ ਰੱਦ ਕਰਨ ਸਬੰਧੀ ਪਾਈ ਅਰਜ਼ੀ ਤੇ ਬਹਿਸ ਲਈ 8 ਸਤੰਬਰ ਦੀ ਤਾਰੀਖ ਨਿਰਧਾਰਤ ਕਰ ਦਿਤੀ ।
ਅਦਾਲਤੀ ਕਾਰਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਸੀ ਬੀ ਆਈ ਦੇ ਵਕੀਲ ਐਚ ਪੀ ਐਸ ਵਰਮਾ ਅਤੇ ਵਰਲਡ ਸਿੱਖ ਮਿਸ਼ਨ ਤੇ ਪੀੜਤ ਧਿਰਾਂ ਵੱਲੋਂ ਵਕੀਲ ਗੁਰਸ਼ੇਰ ਸਿੰਘ ਸੁੱਲਰ ਨੇ ਦੱਸਿਆ ਕਿ ਅੱਜ ਸਰੀਰਕ ਸ਼ੋਸ਼ਣ ਮਾਮਲੇ ਦੀ ਸ਼ਿਕਾਰ ਸਾਧਵੀ ਸਰਜੀਵਨ ਕੌਰ ਦੇ ਵੱਡੇ ਜੀਜੇ ਪਰਮਜੀਤ ਸਿੰਘ ਨੇ ਆਪਣੀ ਗਵਾਹੀ ਦਰਜ ਕਰਾਉਂਦਿਆਂ ਅਦਾਲਤ ਨੂੰ ਦੱਸਿਆ ਕਿ ਅਪਰੈਲ 2001 ਵਿਚ ਜਦੋਂ ਮਰਹੂਮ ਰਣਜੀਤ ਸਿੰਘ ਆਪਣੀ ਭੈਣ ਸਰਜੀਵਨ ਕੌਰ ਅਤੇ ਦੋ ਪੁੱਤਰੀਆਂ ਰੀਤੂ ਅਤੇ ਗੀਤੂ ਨੂੰ ਡੇਰੇ ਵਿਚੋਂ ਕੱਢ ਕੇ ਘਰ ਵਾਪਸ ਲਿਆਇਆ ਸੀ ਤਾਂ ਉਸ ਨੇ ਦੱਸਿਆ ਸੀ ਕਿ ਡੇਰਾ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਅਤੇ ਛੇੜ ਛਾੜ ਦਾ ਅੱਡਾ ਬਣ ਚੁੱਕਾ ਹੈ । ਪਰਮਜੀਤ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਰਣਜੀਤ ਸਿੰਘ ਆਪਣੀ ਭੈਣ ਨਾਲ ਜਬਰ ਜਿਨਾਹ ਹੋਣ ਤੋਂ ਬਹੁੱਤ ਦੁਖੀ ਸੀ ਅਤੇ ਉਸ ਨੂੰ ਆਪਣੀ ਭੈਣ ਤੇ ਬੱਚੀਆਂ ਦੇ ਭਵਿੱਖ ਦੀ ਚਿੰਤਾ ਲੱਗੀ ਹੋਈ ਸੀ ।ਪਰਮਜੀਤ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਹ ਧਾਰਾ 164 ਦੇ ਤਹਿਤ 27/7/2005 ਨੂੰ ਆਪਣੇ ਬਿਆਨ ਸੀ ਬੀ ਆਈ ਦੇ ਵਿਸ਼ੇਸ਼ ਜੱਜ ਦੇ ਸਾਹਮਣੇ ਵੀ ਦਰਜ ਕਰਵਾ ਚੁੱਕਾ ਹੈ । ਮਾਣਯੋਗ ਜੱਜ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 29 ਅਗਸਤ 09 ਦੀ ਤਾਰੀਖ ਨਿਰਧਾਰਤ ਕਰ ਦਿਤੀ ਹੈ ਜਦੋਂ ਕਿ ਡੇਰਾ ਮੁਖੀ ਦੀ ਜਮਾਨਤ ਰੱਦ ਕਰਨ ਸਬੰਧੀ ਬਹਿਸ ਲਈ ਅਗਲੀ ਤਾਰੀਖ 8 ਸਤੰਬਰ 09 ਨਿਰਧਾਰਤ ਕੀਤੀ ਗਈ ਹੈ ।
ਵਕੀਲਾਂ ਨੇ ਦੱਸਿਆ ਕਿ ਸਰੀਰਕ ਸ਼ੋਸ਼ਣ ਦੇ ਮਾਮਲੇ ਦੀ ਤਹਿਕੀਕਾਤ ਕਰਨ ਸਮੇ ਡੇਰੇ ਦੀਆਂ 130 ਸਾਧਵੀਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ 20 ਦੀ ਸ਼ਨਾਖਤ ਕਰਕੇ ਸੀ ਬੀ ਆਈ ਨੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਸਨ ।ਵਕੀਲਾਂ ਨੇ ਦੱਸਿਆ ਕਿ 1999 ਤੋਂ 2002 ਦੇ ਦਰਮਿਆਨ 24 ਸਾਧਵੀਆਂ ਡੇਰੇ ਨੂੰ ਅਲਵਿਦਾ ਕਹਿ ਚੁੱਕੀਆਂ ਹਨ ।
ਡੇਰਾ ਮੁਖੀ ਦੇ ਵਕੀਲ ਸ਼੍ਰੀ ਐਸ ਕੇ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਡੇਰਾ ਮੁਖੀ ਦੀ ਜਮਾਨਤ ਸਬੰਧੀ ਅਦਾਲਤ ਵਿਚ ਇਕ ਦਰਖਾਸਤ ਦੇ ਕੇ ਕਿਹਾ ਹੈ ਕਿ ਜਾਂਚ ਅਧਿਕਾਰੀ ਜਾਣ ਬੁਝ ਕੇ ਡੇਰਾ ਮੁਖੀ ਨੂੰ ਇਸ ਮਾਮਲੇ ਵਿਚ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਸ਼੍ਰੀ ਗਰਗ ਨੇ ਦੱਸਿਆ ਕਿ ਇਸ ਬਾਰੇ ਸੀ ਬੀ ਆਈ ਵੱਲੋਂ ਲਿਖਤੀ ਜਵਾਬੀ ਦਾਅਵਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ । ਡੇਰ ਮੁਖੀ ਦੀ ਜਮਾਨਤ ਦੀ ਅਰਜ਼ੀ ਨੂੰ ਲੈ ਕੇ ਦੋਹਾਂ ਧਿਰਾਂ ਦੇ ਵਕੀਲਾਂ ਵਿਚਕਾਰ ਕਾਫੀ ਤਿੱਖੀ ਨੋਕ ਝੋਕ ਹੋਈ ਜਿਸ ਪਿਛੋਂ ਮਾਣਯੋਗ ਜੱਜ ਨੇ ਇਸ ਦਰਖਾਸਤ  ਤੇ ਬਹਿਸ ਲਈ 8 ਸਤੰਬਰ 09 ਦੀ  ਤਾਰੀਖ ਨਿਰਧਾਰਤ ਕਰ ਦਿਤੀ ।
ਅੱਜ ਦੀ ਅਦਾਲਤੀ ਕਾਰਵਾਈ ਸਮੇ ਸਿੱਖ ਪੰਥ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੈਰਵੀ ਕਰ ਰਹੀ ਜਥੇਬੰਦੀ ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ ,ਸਕੱਤਰ ਜਨਰਲ ਤੀਰਥ ਸਿੰਘ ਭਟੋਆ , ਭਾਈ ਕੁਲਵੰਤ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਤੋਂ ਬਿਨਾ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਮੈਂਬਰ ਵੀ ਹਾਜਰ ਸਨ ।ਸਰੀਰਕ ਸ਼ੋਸ਼ਣ ਅਤੇ ਰਣਜੀਤ ਸਿੰਘ ਕਤਲ ਕੇਸ ਵਿਚ ਸ਼ਾਮਲ ਬਾਕੀ ਦੋਸ਼ੀਆਂ ਨੇ ਵੀ ਅਦਾਲਤ ਵਿਚ ਆਪਣੀ ਹਾਜਰੀ ਲਾਈ ।
ਦੱਸਣ ਯੋਗ ਹੈ ਕਿ ਸੀ ਬੀ ਆਈ ਨੇ ਇਕ ਗੁੰਮਨਾਮ ਚਿੱਠੀ ਦੇ ਆਧਾਰ ਤੇ ਡੇਰਾ ਮੁਖੀ ਦੇ ਖਿਲਾਫ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਦਾ ਮਾਮਲਾ ( ਆਰ ਸੀ 05-2002 ) 12 ਦਸੰਬਰ 2002 ਨੂੰ ਦਰਜ ਕੀਤਾ ਸੀ ਅਤੇ ਇਸ ਮਾਮਲੇ ਵਿਚ 6 ਸਤੰਬਰ 2008 ਨੂੰ ਦੋਸ਼ ਆਇਦ ਹੋਏ ਸਨ ।