ਪ੍ਰਧਾਨ ਮੰਤਰੀ ਨੇ ਮੰਗਿਆ ਬੂਟਾ ਸਿੰਘ ਕੋਲੋਂ ਸਪੱਸ਼ਟੀਕਰਨ
ਨਵੀਂ ਦਿੱਲੀ, 2 ਅਗਸਤ-ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਇਕ ਕਰੋੜ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ (ਐਨ. ਸੀ. ਐਸ. ਸੀ.) ਬਾਰੇ ਕਮਿਸ਼ਨ ਦੇ ਚੇਅਰਮੈਨ ਸ: ਬੂਟਾ ਸਿੰਘ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ। ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ: ਬੂਟਾ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਤੱਥ ਪੇਸ਼ ਕਰਨ
ਲਈ ਕਿਹਾ ਹੈ ਅਤੇ ਉਹ ਕੱਲ੍ਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਪਣਾ ਪੱਖ ਰੱਖਣਗੇ। ਸਾਬਕਾ ਕੇਂਦਰੀ ਮੰਤਰੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚੀ ਗਈ ਹੈ। ਉਹ ਇਸ ਕੇਸ ਨਾਲ ਸਬੰਧਿਤ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ। ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਦਿੱਤੇ ਸੰਖੇਪ ਵੇਰਵੇ ਵਿਚ ਸ: ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗਿਣ-ਮਿੱਥ ਕੇ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਪਰ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਇਹ ਨਹੀਂ ਦੱਸਿਆ ਕਿ ਪ੍ਰਧਾਨ ਮੰਤਰੀ ਨਾਲ ਗੱਲਬਾਤ ਦਾ ਸੰਚਾਰ ਕਿਵੇਂ ਹੋਇਆ। ਉਨ੍ਹਾਂ ਦੱਸਿਆ ਕਿ ਮੈਂ ਤੱਥਾਂ ਬਾਰੇ ਪ੍ਰਧਾਨ ਮੰਤਰੀ ਨੂੰ ਸੰਖੇਪ ਵਿਚ ਜਾਣੂ ਕਰਵਾਇਆ ਹੈ ਤੇ ਪ੍ਰਧਾਨ ਮੰਤਰੀ ਨੇ ਸਕਾਰਾਤਮਿਕ ਹੁੰਗਾਰਾ ਦਿੱਤਾ ਹੈ ਪਰ ਪ੍ਰਧਾਨ ਮੰਤਰੀ ਨੇ ਹੋਰ ਵੇਰਵੇ ਮੰਗੇ ਹਨ। ਸ: ਬੂਟਾ ਸਿੰਘ ਨੇ ਦੱਸਿਆ ਕਿ ਮੈਂ ਪ੍ਰਧਾਨ ਮੰਤਰੀ ਨੂੰ ਆਪਣਾ ਪੱਖ ਦੱਸਣ ਲਈ ਉਨ੍ਹਾਂ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ । ਇਹ ਪੁੱਛੇ ਜਾਣ ’ਤੇ ਕਿ ਉਹ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕਰਨਗੇ ਤਾਂ ਉਨ੍ਹਾਂ ਕਿਹਾ, ‘ਮੈਂ ਆਪਣੇ ਬਚਾਅ ਲਈ ਖੁਦ ਹੀ ਕਾਫ਼ੀ ਹਾਂ, ਮੈਂ ਹੋਰਾਂ ਨੂੰ ਮੁਸ਼ਕਿਲ ਵਿਚ ਕਿਉਂ ਪਾਵਾਂ।’ ਸਰਬਜੋਤ ਸਿੰਘ ਦੇ ਹਵਾਲਾ ਨਾਲ ਸਬੰਧਾਂ ਦੀ ਜਾਂਚ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਸਹਿਯੋਗ ਲਿਆ ਗਿਆ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਦੋਸ਼ ਲਾਇਆ ਕਿ ਸਿਆਸੀ ਇਸ਼ਾਰੇ ’ਤੇ ਸੀ. ਬੀ. ਆਈ. ਮੈਨੂੰ ਅਤੇ ਮੇਰੇ ਪੁੱਤਰ ਸਰਬਜੋਤ ਸਿੰਘ ਉਰਫ਼ ਸਵੀਟੀ ਨੂੰ ਫਸਾਉਣ ਦੇ ਯਤਨਾਂ ਵਿਚ ਹੈ ਅਤੇ ਸਰਬਜੋਤ ਸਿੰਘ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਕੀਤੀ ਗ੍ਰਿਫ਼ਤਾਰੀ ਜਾਂਚ ਏਜੰਸੀ ਵੱਲੋਂ ਰਚੀ ਗਈ ਇਕ ਸਾਜ਼ਿਸ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੀ. ਬੀ. ਆਈ. ਜਾਣਬੁੱਝ ਕੇ ਸ਼ਿਕਾਇਤ ਕਰਨ ਵਾਲੇ ਵਿਅਕਤੀ ਦਾ ਸਮੱਰਥਨ ਕਰ ਰਹੀ ਹੈ ਤੇ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਹੀਂ ਨਿਭਾਅ ਰਹੀ। ਆਪਣੇ ਪੁੱਤਰ ਸਰਬਜੋਤ ਸਿੰਘ ਦੇ ਘਰੋਂ ਪਿਸਤੌਲ ਮਿਲਣ ਬਾਰੇ ਸ: ਬੂਟਾ ਸਿੰਘ ਨੇ ਕਿਹਾ, ‘ਮੇਰਾ ਪੁੱਤਰ ਨਿਸ਼ਾਨੇਬਾਜ਼ੀ ਵਿਚ ਚੈਂਪੀਅਨ ਰਿਹਾ ਹੈ। ਇਸ ਲਈ ਸਾਰੇ ਪਿਸਤੌਲ ਲਾਇਸੈਂਸੀ ਹਨ ਪਰ ਇਹ ਲਾਇਸੈਂਸ ਕਿੱਥੇ ਹਨ, ਇਹ ਮੇਰਾ ਪੁੱਤਰ ਹੀ ਦੱਸ ਸਕਦਾ ਹੈ।’ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰਦਿਆਂ ਸ: ਬੂਟਾ ਸਿੰਘ ਨੇ ਕਿਹਾ, ‘ਮੈਂ ਸੰਵਿਧਾਨਿਕ ਅਹੁਦੇ ’ਤੇ ਹਾਂ। ਮੈਂ ਕਿਉਂ ਅਸਤੀਫ਼ਾ ਦੇਵਾਂ। ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰਾ ਅਸਤੀਫ਼ਾ ਕਿਉਂ ਮੰਗਿਆ ਜਾ ਰਿਹਾ ਹੈ।’ ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਨੇ ਦਬਾਅ ਵਿਚ ਆ ਕੇ ਆਪਣੇ ਜੁਰਮ ਨੂੰ ਕਬੂਲ ਕਰਨ ਦੀ ਗੱਲ ਕਹੀ ਹੈ। ਪੱਤਰਕਾਰ ਸੰਮੇਲਨ ਦੌਰਾਨ ਭਾਵੇਂ ਉਨ੍ਹਾਂ ਸਿਆਸੀ ਤਾਕਤਾਂ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ ਪਰ ਉਨ੍ਹਾਂ ਕਿਹਾ ਕਿ ਸਮਾਂ ਆਉਣ ’ਤੇ ਹੀ ਆਪਣੇ ਪੱਤੇ ਖੋਲ੍ਹਣਗੇ। ਸ: ਬੂਟਾ ਸਿੰਘ ਨੇ ਮੰਨਿਆ ਕਿ ਗ੍ਰਿਫ਼ਤਾਰ ਕੀਤੇ ਅਨੂਪ ਬੇਗੀ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ ਤੇ ਉਹ ਰਾਮਰਾਜ ਨੂੰ ਉਨ੍ਹਾਂ ਦੇ ਪੁੱਤਰ ਨੂੰ ਮਿਲਵਾਉਣ ਦਾ ਇਛੁੱਕ ਸੀ। ਸ: ਬੂਟਾ ਸਿੰਘ ਨੇ ਆਜ਼ਾਦ ਲੋਕ ਸਭਾ ਚੋਣ ਲੜਨ ਦੇ ਆਪਣੇ ਫ਼ੈਸਲੇ ’ਤੇ ਪਛਤਾਵਾ ਕਰਦਿਆਂ ਕਿਹਾ ਕਿ ਉਹ ਸਾਰੀ ਜ਼ਿੰਦਗੀ ਕਾਂਗਰਸੀ ਹੀ ਰਹਿਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨਾਲ ਸਾਰੀ ਚਰਚਾ ਕੀਤੇ ਜਾਣ ਦੀ ਗੱਲ ਮੁੜ ਦੁਹਰਾਈ।