ਸਵਾਈਨ ਫਲੂ ਨਾਲ 3 ਹੋਰ ਮੌਤਾਂ
ਬੰਗਲੌਰ, 16 ਅਗਸਤ-ਅੱਜ ਸਾਈਬਰ ਸ਼ਹਿਰ ਵਿਚ ਦੋ ਅਤੇ ਪੁਣੇ ’ਚ ਇਕ ਹੋਰ ਔਰਤ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਇਨ੍ਹਾਂ ਮੌਤਾਂ ਨਾਲ ਕਰਨਾਟਕ ਵਿਚ ਸਵਾਈਨ ਫਲੂ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ ਪੰਜ ਹੋ ਗਈ। ਦੇਸ਼ ਭਰ ਵਿਚ ਹੁਣ ਤਕ ਸਵਾਈਨ ਫਲੂ ਨਾਲ 33 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਬੰਗਲੌਰ ’ਚ 27 ਸਾਲਾ ਸ਼ਮਸ਼ਾਦ ਬੇਗਮ ਅਤੇ ਸ਼ਿਲਪਾ ਹੈਗੜੇ ਸਵਾਈਨ ਫਲੂ ਨਾਲ ਬੀਤੀ ਰਾਤ ਵੱਖ ਵੱਖ ਹਸਪਤਾਲਾਂ ਵਿਚ ਦਮ ਤੋੜ ਗਈਆਂ। ਸ਼ਮਸ਼ਾਦ ਬੇਗਮ ਦੀ ਬੈਪ - ਟਿਸਟ ਹਸਪਤਾਲ ਵਿਚ ਦੇਰ ਰਾਤ ਮੌਤ ਹੋ ਗਈ। ਬੇਗਮ ਜਿਸ

ਨੂੰ 10 ਅਗਸਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਿਛਲੇ ਤਿੰਨ ਮਹੀਨਿਆਂ ਤੋਂ ਸਾਹ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਬਾਅਦ ਵਿਚ ਉਸ ਨੂੰ ਖੰਘ, ਬੁਖਾਰ ਤੇ ਜ਼ੁਕਾਮ ਹੋ ਗਿਆ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ: ਚੰਦੀ ਇਬਰਾਹਮ ਨੇ ਦੱਸਿਆ ਕਿ ਜਦੋਂ ਇਸ ਔਰਤ ਨੂੰ ਹਸਪਤਾਲ ਲਿਆਂਦਾ ਤਾਂ ਉਸ ਨੂੰ ਦਿਲ ਦੀ ਬਿਮਾਰੀ ਹੋਣ ਦਾ ਪਤਾ ਲੱਗਾ ਅਤੇ ਉਸ ਨੂੰ ਨਮੂਨੀਆ ਸ਼ੁਰੂ ਹੋਣ ਦੇ ਵੀ ਲੱਛਣ ਦਿਸੇ। ਬਾਅਦ ਵਿਚ ਉਸ ਨੂੰ ਸਵਾਈਨ ਫਲੂ ਹੋਣ ਦੇ ਸੰਕੇਤ ਵੀ ਮਿਲੇ। ਉਸ ਦੇ ਖੂਨ ਦਾ ਨਮੂਨਾ ਜਾਂਚ ਲਈ ਭੇਜਿਆ ਗਿਆ ਤਾਂ ਉਸ ਵਿਚ ਉਸ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋ ਗਈ। ਸ਼ਿਲਪਾ ਜਿਸ ਨੂੰ 12 ਅਗਸਤ ਨੂੰ ਸੇਂਟ ਜਾਹਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਨੂੰ ਖੰਘ, ਜ਼ੁਕਾਮ ਅਤੇ ਸਰੀਰ ਵਿਚ ਦਰਦਾਂ ਹੋਣ ਦੀ ਸ਼ਿਕਾਇਤ ਸੀ ਅਤੇ ਉਸ ਦੀ ਦੇਰ ਰਾਤ ਮੌਤ ਹੋ ਗਈ। ਪੁਣੇ ’ਚ ਬੀਨਾ ਭੰਸਾਲੀ ਨਾਂਅ ਦੀ ਔਰਤ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ।

ਐਸ਼ਵਰਿਆ ਨੂੰ ਸਵਾਈਨ ਫਲੂ

ਅਦਾਕਾਰਾ ਐਸ਼ਵਰਿਆ ਰਾਏ ਦੇ ਵੀ ਸਵਾਈਨ ਫਲੂ ਦੀ ਲਪੇਟ ਵਿਚ ਜਾਣ ਦਾ ਖਦਸ਼ਾ ਹੈ। ਜਾਣਕਾਰੀ ਅਨੁਸਾਰ ਐਸ਼ਵਰਿਆ ਆਪਣੇ ਪਤੀ ਅਭਿਸ਼ੇਕ ਬੱਚਨ ਨਾਲ ਊਟੀ ਵਿਖੇ ਮਣੀ ਰਤਨਮ ਦੀ ਫ਼ਿਲਮ ‘ਰਾਵਣ’ ਦੀ ਸ਼ੂਟਿੰਗ ਕਰ ਰਹੀ ਸੀ ਕਿ ਉਸ ਨੂੰ ਕੱਲ੍ਹ ਬਹੁਤ ਤੇਜ਼ ਬੁਖਾਰ ਹੋ ਗਿਆ ਤੇ ਨਾਲ ਛਾਤੀ ਦੀ ਲਾਗ ਦੇ ਲੱਛਣ ਵੀ ਪਾਏ ਗਏ। ਇਸ ਦੇ ਤਰ੍ਹਾਂ ਦੇ ਲੱਛਣਾ ਤੋਂ ਬਾਅਦ ਐਸ਼ਵਰਿਆ ਨੇ ਕਾਫੀ ਬੇਚੈਨੀ ਮਹਿਸੂਸ ਕੀਤੀ। ਉਸ ਦੇ ਤੁਰੰਤ ਇਲਾਜ ਲਈ ਮਾਹਿਰ ਡਾਕਟਰਾਂ ਦੀ ਟੀਮ ਸਰਗਰਮ ਹੋ ਗਈ ਹੈ। ਸਵਾਈਨ ਫਲੂ ਹੋਣ ਜਾਂ ਨਾ ਹੋਣ ਦੀ ਪੁਸ਼ਟੀ ਟੈਸਟਾਂ ਦੀ ਰਿਪੋਰਟਾਂ ਆਉਣ ਤੋਂ ਬਾਅਦ ਹੀ ਹੋਵੇਗੀ ਪਰ ਦੇਸ਼ ਭਰ ਵਿਚ ਸਵਾਈਨ ਫਲੂ ਦੇ ਕਹਿਰ ਨੂੰ ਧਿਆਨ ਵਿਚ ਰੱਖਦਿਆਂ ਡਾਕਟਰਾਂ ਵੱਲੋਂ ਹਰ ਇਹਤਿਆਤ ਵਰਤੀ ਜਾ ਰਹੀ ਹੈ। ਦੂਸਰੇ ਪਾਸੇ ਅਮਿਤਾਬ ਬੱਚਨ, ਅੱਜ-ਕੱਲ੍ਹ ਸਿੰਗਾਪੁਰ ਵਿਚ ਹਨ, ਨੂੰ ਆਪਣੇ ਨੂੰਹ ਦੇ ਬਿਮਾਰ ਹੋਣ ਦੀ ਖ਼ਬਰ ਮਿਲਣ ’ਤੇ ਕਾਫੀ ਧੱਕਾ ਲੱਗਾ ਹੈ। ਉਨ੍ਹਾਂ ਆਪਣੇ ਬਲਾਗ ਵਿਚ ਲਿਖਿਆ ਹੈ ਕਿ ਬੇਸ਼ੱਕ ਐਸ਼ਵਰਿਆ ਤੇ ਅਭਿਸ਼ੇਕ ਦੋਵੇਂ ਪਰਪੱਕ ਹਨ ਪਰ ਉਨ੍ਹਾਂ ਲਈ ਬੱਚੇ ਹਨ ਤੇ ਬੱਚਿਆਂ ਦਾ ਸਭ ਤੋਂ ਵੱਧ ਧਿਆਨ ਮਾਪੇ ਹੀ ਰੱਖ ਸਕਦੇ ਹਨ। ਅਮਿਤਾਬ ਬੱਚਨ ਦੇ ਛੇਤੀ ਹੀ ਦੇਸ਼ ਪਰਤ ਆਉਣ ਦੀ ਉਮੀਦ ਹੈ। ਐਸ਼ਵਰਿਆ ਰਾਏ ਦੇ ਬਿਮਾਰ ਹੋਣ ਦੀ ਖ਼ਬਰ ਸੁਣਦਿਆਂ ਹੀ ਉਸ ਦੇ ਲੱਖਾਂ ਪ੍ਰਸੰਸਕਾਂ ਨੇ ਉਸ ਦੀ ਸਿਹਤਯਾਬੀ ਲਈ ਦੁਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਚੰਡੀਗੜ੍ਹ ’ਚ ਮਰੀਜ਼ਾਂ  ਦੀ ਗਿਣਤੀ ਵਧੀ

ਪੁਣੇ ਵਿਚ ਪੜ੍ਹ ਰਹੀ ਚੰਡੀਗੜ੍ਹ ਦੀ ਇਕ 20 ਸਾਲ ਲੜਕੀ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋ ਗਈ ਹੈ। ਇਸ ਨਾਲ ਚੰਡੀਗੜ੍ਹ ਵਿਚ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 8 ਹੋ ਗਈ ਹੈ। ਇਸ ਲੜਕੀ ਨੂੰ ਸਵਾਈਨ ਫਲੂ ਦੇ ਲੱਛਣ ਦਿਸਣ ਪਿੱਛੋਂ 9 ਅਗਸਤ ਨੂੰ ਪੀ. ਜੀ. ਆਈ. ’ਚ ਭਰਤੀ ਕਰਵਾਇਆ ਗਿਆ ਸੀ ਅਤੇ ਦਿੱਲੀ ਤੋਂ ਆਈ ਉਸ ਦੀ ਜਾਂਚ ਰਿਪਰਟ ’ਚ ਉਸ ਨੂੰ ਫਲੂ ਹੋਣ ਦੀ ਪੁਸ਼ਟੀ ਹੋ ਗਈ। ਇਹ ਲੜਕੀ ਪਿਛਲੇ ਮਹੀਨੇ ਥਾਈਲੈਂਡ ਤੋਂ ਆਈ ਸੀ। ਇਸੇ ਦੌਰਾਨ ਸ਼ਿਲਾਂਗ ਵਿਚ ਵੀ ਸਵਾਈਨ ਫਲੂ ਦੇ ਚਾਰ ਹੋਰ ਮਾਮਲੇ ਸਾਹਮਣੇ ਆਏ ਹਨ।