ਅਸੀਂ ਕੰਡੇ ਹਾਂ ਪਰ ਫੁੱਲਾਂ ਜਿਹਾ ਅੰਦਾਜ਼ ਰੱਖਦੇ ਹਾਂ |


ਅਸੀਂ ਸਿਰ ਆਪਣੇ 'ਤੇ ਕੰਡਿਆਂ ਦਾ ਤਾਜ ਰੱਖਦੇ ਹਾਂ ,
ਖ਼ੁਦਾਅ ਸਭਨੂੰ ਦਏ ਖ਼ੁਸ਼ੀਆਂ ਇਹੀ ਫ਼ਰਿਆਦ ਰੱਖਦੇ ਹਾਂ |
ਤੁਸੀਂ ਹੋ ਕੌਣ, ਕੀ ਕਰਦੇ ਹੋ, ਕਿਸਦੀ ਸ਼ਹਿ 'ਤੇ ਕਰਦੇ ਹੋ,
 ਦਫ਼ਨ ਸੀਨੇ ਦੇ ਵਿਚ ਐਸੇ ਅਨੇਕਾਂਰਾਜ਼ ਰੱਖਦੇ ਹਾਂ |
 ਕਸਰ ਕੋਈ ਨਾ ਛੱਡੀ ਹੈ ਤੁਸਾਂ ਨੇ ਖੰਭ ਨੋਚਣ ਦੀ,
 ਖ਼ੁਦਾਅ ਦੇ ਆਸਰੇ ਫਿਰ ਵੀ ਅਸੀਂ ਪਰਵਾਜ਼ ਰੱਖਦੇ ਹਾਂ |
 ਜਿਨ੍ਹਾਂ ਦੇ ਵਾਰ ਹਿਰਦੇ ਵਿੰਨ੍ਹਦੇ, ਰੂਹਾਂ ਕਰਨ ਛਲਣੀ,
ਨਹੀਂਉਹ ਬੋਲ਼, ਨਸ਼ਤਰ, ਨਾਜ਼ ਤੇ ਆਵਾਜ਼ ਰੱਖਦੇ ਹਾਂ |
ਪਸਰਿਆ ਖ਼ੂਬ ਚੌਗਿਰਦੇ ਅਸਾਡੇ ਹੈ ਘਣਾ ਨ੍ਹੇਰਾ,
ਨਹੀਂ ਸ਼ਿਕਵਾ ਕੋਈ, ਮਸਤਕ 'ਚ ਰੌਸ਼ਨ ਖ਼ਾਬ ਰੱਖਦੇ ਹਾਂ |
 ਜੋ ਕੋਲੋਂ ਲੰਘਦਾ ਪੈਰਾਂ ਤੋਂ ਸਿਰ ਤੀਕਰ ਮਹਿਕ ਜਾਂਦਾ,
 ਅਸੀਂ ਕੰਡੇ ਹਾਂ ਪਰ ਫੁੱਲਾਂ ਜਿਹਾ ਅੰਦਾਜ਼ ਰੱਖਦੇ ਹਾਂ |
 
• ਜਸਵੰਤ ਭਾਰਤੀ •
 
-ਸਲੇਮਪੁਰਾ, ਸਿਧਵਾਂ ਬੇਟ, ਲੁਧਿਆਣਾ | ਮੋਬਾਈਲ : 98550-52972.
538786_228242343951657_570515015_n.jpg