ਨਜ਼ਰ ਮਿਹਰ ਦੀ ਅੱਲ੍ਹਾ ਰੱਖੇ, ਨਾ ਔਖੇ ਦਿਨ ਵੇਖਣ ਧੀਆਂ |
ਅੰਦਰ ਵੜ ਕੇ ਡੁਸਕਣ ਧੀਆਂ |
 ਮੰਹੋਂ ਦਰਦ ਨਾ ਦੱਸਣ ਧੀਆਂ |
 ਉਸ ਘਰ ਵਿਚ ਮਰਿਆਦਾ ਪਲਦੀ,
 ਜਿਸ ਦੇ ਵਿਹੜੇ ਖੇਡਣ ਧੀਆਂ |
 ਕਿੱਥੇ ਨਿੰਮਣ, ਕਿੱਥੇ ਜੰਮਣ,
ਤੇ ਕਿੱਥੇ ਜਾ ਵੱਸਣ ਧੀਆਂ |
ਕੰਧਾਂ ਕੋਠੇ ਭੁੱਬਾਂ ਮਾਰਨ,
ਜਦ ਪਰਦੇਸੀਂ ਵੰਞਣ ਧੀਆਂ |
ਬਾਬਲ ਦੀ ਪੱਗ ਖਾਤਰ, ਜਜ਼ਬਾ,
 ਦਿਲ ਦੀ ਕਬਰ 'ਚ ਦੱਬਣ ਧੀਆਂ |
 ਜੰਮਣ ਤੋਂ ਪਹਿਲਾਂ ਕੁਝ ਮਾਂਵਾਂ,
ਕੁੱਖ 'ਚ ਮਾਰ ਮੁਕਾਵਣ ਧੀਆਂ |
ਦੂਹਰੇ ਘਰ ਦੀਆਂ ਮਾਲਕ ਹੋ ਕੇ,
ਇਕ ਘਰ ਨੂੰ ਵੀ ਤਰਸਣ ਧੀਆਂ |
ਨੀਂਦਰ ਬਾਬਲ ਦੀ ਉੱਡ ਜਾਵੇ,
 ਜਦ ਵਿਹੜੇ ਵਿਚ ਮੇਲ੍ਹਣ ਧੀਆਂ |
ਫ਼ਿਕਰੇ, ਫ਼ਿਕਰਾਂ ਵਿਚ ਖੁਰ ਜਾਵਣ,
ਬਿਨ ਸ਼ਬਦਾਂ ਤੋਂ ਸੋਚਣ ਧੀਆਂ |
ਜਬਰੀ ਖੰਭ ਮਰੋੜੇ ਜਾਂਦੇ,
ਜਦ ਅਪਣੇ ਪਰ ਤੋਲਣ ਧੀਆਂ |
ਖ਼ਬਰੇ ਕਿਸ ਮਜਬੂਰੀ ਕਾਰਨ,
 ਪੈਰ ਘਰਾਂ 'ਚੋਂ ਪੁੱਟਣ ਧੀਆਂ |
 ਢੋਰਾਂ ਵਰਗੀ ਜੂਨੀ ਭੋਗਣ,
ਸਾਊ ਗਾਵਾਂ ਜਾਪਣ ਧੀਆਂ |
ਪੁੱਤਰ ਘਰ ਦੇ ਹਿੱਸੇ ਵੰਡਣ,
ਘਰ ਦੇ ਦੁੱਖ ਵੰਡਾਵਣ ਧੀਆਂ |
ਜੇ ਕਿਧਰੇ ਅੜ ਕੇ ਖੜ੍ਹ ਜਾਵਣ,
'ਭਾਗੋ' ਬਣ, ਵਿਖਲਾਵਣ ਧੀਆਂ |
ਕੁਦਰਤ ਦੇ ਬਾਗੀਚੇ ਅੰਦਰ,
ਸ਼ਾਲਾ! ਵਿਗਸਣ ਮੌਲਣ ਧੀਆਂ |
 ਨਜ਼ਰ ਮਿਹਰ ਦੀ ਅੱਲ੍ਹਾ ਰੱਖੇ,
 ਨਾ ਔਖੇ ਦਿਨ ਵੇਖਣ ਧੀਆਂ |
ਦਿਲ਼ ਦੀ ਵੱਡੀ ਲੋਚਾ 'ਸੂਫ਼ੀ',
 ਹੱਸਣ, ਨੱਚਣ, ਵੱਸਣ ਧੀਆਂ |
• ਅਮਰ 'ਸੂਫ਼ੀ' •
# ਏ-1, ਜੁਝਾਰ ਨਗਰ, ਮੋਗਾ-142001. ਮੋਬਾਈਲ : 098555-43660.
b297_49740.gif