ਵਿਦੇਸ਼ੀ ਗੁਰਦੁਆਰਿਆਂ 'ਚ ਭਾਰਤੀ ਅਧਿਕਾਰੀਆਂ 'ਤੇ ਲੱਗੀ ਰੋਕ ਪਿੱਛੇ ਪ੍ਰਵਾਸੀ ਸਿੱਖਾਂ ਦਾ ਦਰਦ : ਦਿੱਲੀ ਕਮੇਟੀ
m_gk.jpgਜਲੰਧਰ -09ਜਨਵਰੀ-(ਮੀਡੀ,ਦੇਸਪੰਜਾਬ)- ਵਿਦੇਸ਼ਾਂ ਦੇ ਗੁਰਦੁਆਰਿਆਂ 'ਚ ਭਾਰਤੀ ਅਧਿਕਾਰੀਆਂ ਦੇ ਦਾਖਲੇ 'ਤੇ ਰੋਕ ਲਾਉਣ ਦੇ ਸਾਹਮਣੇ ਆਏ ਰੁਝਾਨ ਪਿਛਲੇ ਦਰਦ ਨੂੰ ਸਮਝਣ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਕਾ ਦਿੱਤਾ ਹੈ। ਕੈਨੇਡਾ ਦੇ 14 ਗੁਰਦੁਆਰਾ ਸਾਹਿਬਾਨ ਤੋਂ ਬਾਅਦ ਹੁਣ ਅਮਰੀਕਾ ਦੇ 96
ਗੁਰਦੁਆਰਿਆਂ ਵੱਲੋਂ ਭਾਰਤੀ ਅਧਿਕਾਰੀਆਂ ਦੇ ਦਾਖਲੇ 'ਤੇ ਰੋਕ ਲਾਉਣ ਦੇ ਕੀਤੇ ਗਏ ਐਲਾਨ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਪ੍ਰਵਾਸੀ ਸਿੱਖਾਂ ਦੇ ਪੰਜਾਬ ਤੇ ਸਿੱਖਾਂ ਪ੍ਰਤੀ ਦਰਦ ਵਜੋਂ ਪਰਿਭਾਸ਼ਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਗੁਰੂ ਦਾ ਸਿਧਾਂਤ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ 'ਚ ਦਾਖਲ ਹੋਣ ਤੋਂ ਰੋਕਣ ਦੀ ਹਾਮੀ ਨਹੀਂ ਭਰਦਾ ਪਰ ਪ੍ਰਵਾਸੀ ਸਿੱਖਾਂ ਵੱਲੋਂ ਭਾਰਤੀ ਅਧਿਕਾਰੀਆਂ ਤੇ ਸਮਰਥਕਾਂ 'ਤੇ ਲਾਈ ਗਈ ਰੋਕ ਪਿੱਛੇ ਪੰਜਾਬ ਅਤੇ ਸਿੱਖਾਂ ਦੇ ਰੌਸ਼ਨ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਆਸ ਨਜ਼ਰ ਆਉਂਦੀ ਹੈ। ਅੱਜ ਸਿਆਸੀ ਪਾਰਟੀਆਂ ਅਤੇ ਸਰਕਾਰਾਂ ਨੂੰ ਇਸ ਬਾਬਤ ਪੜਚੋਲ ਕਰਨ ਦੀ ਲੋੜ ਹੈ ਕਿ ਆਖਿਰ ਬਾਹਰ ਵੱਸਦੇ ਸਿੱਖਾਂ 'ਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਇੰਨਾ ਗੁੱਸਾ ਕਿਉਂ ਹੈ। ਸਰਕਾਰਾਂ ਪੰਜਾਬ ਹਿਤੈਸ਼ੀ ਪ੍ਰਵਾਸੀ ਸਿੱਖਾਂ ਨੂੰ ਖਾਲਿਸਤਾਨ ਸਮਰਥਕ ਦੱਸ ਕੇ ਕਦੋਂ ਤਕ ਸਿੱਖਾਂ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਨੂੰ ਦੇਣ ਤੋਂ ਕਿਨਾਰਾ ਕਰਦੀਆਂ ਰਹਿਣਗੀਆਂ। ਜੀ. ਕੇ. ਨੇ ਕਿਹਾ ਕਿ ਪ੍ਰਵਾਸੀ ਸਿੱਖਾਂ ਵੱਲੋਂ ਰੋਕ ਲਾਉਣ ਦੇ ਪਿੱਛੇ ਦਿੱਤੀਆਂ ਗਈਆਂ ਜ਼ਿਆਦਾਤਰ ਦਲੀਲਾਂ ਨੂੰ ਅਸੀਂ ਖਾਰਿਜ ਨਹੀਂ ਕਰ ਸਕਦੇ, ਜਿਸ 'ਚ 1984 ਸਿੱਖ ਕਤਲੇਆਮ ਦਾ ਇਨਸਾਫ਼, ਪੰਜਾਬ ਦੇ ਪਾਣੀਆਂ ਦੀ ਵੰਡ, ਫ਼ਰਜ਼ੀ ਪੁਲਸ ਮੁਕਾਬਲੇ, ਸਿੱਖਾਂ ਨੂੰ ਅੱਤਵਾਦੀ ਦੱਸ ਕੇ ਜੇਲਾਂ 'ਚ ਪਾਉਣਾ ਅਤੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਸਿੱਖ ਕੈਦੀਆਂ ਦੀ ਰਿਹਾਈ ਨਾ ਹੋਣਾ ਆਦਿ ਕਈ ਮਸਲੇ ਹਨ, ਜਿਨ੍ਹਾਂ ਦੇ ਹਲ ਪ੍ਰਤੀ ਸਰਕਾਰਾਂ ਦਾ ਰਵੱਈਆ ਡੰਗ ਟਪਾਉਣ ਵਾਲਾ ਜਾਪਦਾ ਹੈ।
ਉਨ੍ਹਾਂ ਨੇ ਸਾਫ਼ ਕੀਤਾ ਕਿ ਉਹ ਗੁਰਦੁਆਰਿਆਂ 'ਚ ਭਾਰਤੀ ਅਧਿਕਾਰੀਆਂ ਦੇ ਦਾਖਲੇ 'ਤੇ ਲਾਈ ਗਈ ਰੋਕ ਦਾ ਬਿਲਕੁਲ ਸਮਰਥਨ ਨਹੀਂ ਕਰਦੇ ਹਨ ਪਰ ਭਾਰਤ 'ਚ ਵੱਸਦੇ ਸਿੱਖਾਂ ਅਤੇ ਪੰਜਾਬ ਸੂਬੇ ਨੂੰ ਕਾਣੀ ਅੱਖ ਨਾਲ ਵੇਖਣ ਦੀ ਸਰਕਾਰਾਂ ਦੀ ਸੋਚ ਨੂੰ ਬਦਲਣਾ ਭਾਰਤੀ ਕੂਟਨੀਤੀ ਦੀ ਹੁਣ ਲੋੜ ਬਣ ਗਈ ਹੈ।
ਇਹੀ ਕਾਰਨ ਹੈ ਕਿ ਸਰਕਾਰਾਂ ਦੀਆਂ ਇਨ੍ਹਾਂ ਖਾਮੀਆਂ ਦਾ ਫਾਇਦਾ ਚੁੱਕ ਕੇ ਗੁਆਂਢੀ ਮੁਲਕ ਦੀਆਂ ਖੁਫੀਆ ਏਜੰਸੀਆਂ ਸਿੱਖਾਂ ਨੂੰ ਭੜਕਾ ਕੇ ਦੇਸ਼ ਦੇ ਅਕਸ ਨੂੰ ਵਿਦੇਸ਼ਾਂ 'ਚ ਖਰਾਬ ਕਰਨ ਦਾ ਕੋਈ ਮੌਕਾ ਨਹੀਂ ਛੱਡਦੀਆਂ। ਉਨ੍ਹਾਂ ਕਿਹਾ ਕਿ ਹਾਲਾਂਕਿ ਪੰਥ ਦੀ ਇਕ ਜ਼ਿੰਮੇਵਾਰ ਕਮੇਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਕਦੇ ਵੀ ਆਪਣੇ ਵਿਰੋਧੀ ਵਿਚਾਰਧਾਰਾ ਵਾਲੇ ਸ਼ਖ਼ਸ ਨੂੰ ਗੁਰਦੁਆਰਾ ਸਾਹਿਬ ਵਿਖੇ ਆਉਣ ਤੋਂ ਰੋਕਣ ਦਾ ਫੈਸਲਾ ਲੈਣ ਦੀ ਥਾਂ ਉਸ ਦੀ ਵਿਚਾਰਧਾਰਾ ਨੂੰ ਬਦਲਣ ਪ੍ਰਤੀ ਸੁਹਿਰਦਤਾ ਦਿਖਾਉਣ ਦੀ ਕੋਸ਼ਿਸ਼ ਕਰਦਾ।