ਬਿੱਟੂ ਨੂੰ ਕੈਪਟਨ ਤੇ ਅਰੂਸਾ ਦਾ ਰਿਸ਼ਤਾ ਜਾਪੇ ਨਿਜੀ ਮਸਲਾ

amrinder-bittu-arusa-580x395.jpgਬਠਿੰਡਾ -09ਜਨਵਰੀ-(ਮੀਡੀ,ਦੇਸਪੰਜਾਬ)- ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਭਾਰਤੀ ਦੂਤਾਂ ਅਤੇ ਭਾਰਤ ਸਰਕਾਰ ਦੇ ਪ੍ਰਤੀਨਿਧਾਂ ਦੇ ਦਾਖ਼ਲੇ ਤੇ ਗੁਰਦੁਆਰਾ ਕਮੇਟੀਆਂ ਵੱਲੋਂ ਲਾਈ ਗਈ ਪਾਬੰਦੀ ‘ਤੇ ਕਾਂਗਰਸੀ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਬਿੱਟੂ ਨੇ ਚਿੰਤਾ ਜਤਾਈ ਹੈ। ਉਨ੍ਹਾਂ ਜੱਗੀ ਜੌਹਲ ਦੀ ਗ੍ਰਿਫਤਾਰੀ ਨੂੰ ਵੀ ਜਾਇਜ਼ ਠਹਿਰਾਇਆ ਤੇ ਅਰੂਸਾ-ਕੈਪਟਨ ਨੂੰ ਇੱਕ ਨਿਜੀ ਮਸਲਾ ਦੱਸਿਆ। ਬਿੱਟੂ ਨੇ ਕਿਹਾ ਕਿ ਉਹ ਸੰਸਦ ਵਿੱਚ ਕੇਂਦਰ ਦੀ ਪੱਤਰਕਾਰ ਤੇ ਦਲਿਤਾਂ ਵਿਰੁੱਧ ਗ਼ਲਤ ਨੀਤੀਆਂ ਬਾਰੇ ਆਵਾਜ਼ ਵੀ ਉਠਾਉਣਗੇ।


ਅੱਜ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਹਰਿਮੰਦਰ ਸਾਹਿਬ ਵਿਖੇ ਵੀ ਚਾਰ ਦਰਵਾਜ਼ੇ ਹਰ ਧਰਮ ਲਈ ਖੁੱਲ੍ਹੇ ਹਨ ਪਰ ਵਿਦੇਸ਼ਾਂ ਵਿੱਚ ਗੁਰਦੁਆਰਾ ਸਾਹਿਬਾਨਾਂ ਦੇ ਦਰਵਾਜ਼ੇ ਬੰਦ ਕਰਨ ਦੀ ਪਿਰਤ ਪਹਿਲੀ ਵਾਰ ਪ੍ਰਬੰਧਕ ਕਮੇਟੀਆਂ ਨੇ ਪਾਈ ਹੈ ਜਿਸ ਨਾਲ ਵਿਦੇਸ਼ਾਂ ਚ ਪੰਜਾਬੀਆਂ ਦੀ ਛਵੀ ਨੂੰ ਢਾਅ ਲੱਗੀ ਹੈ।

ਬਿੱਟੂ ਨੇ ਕਿਹਾ ਕਿ ਲੱਖਾਂ ਲੋਕ ਵਿਦੇਸ਼ ਤੋਂ ਭਾਰਤ ਤੇ ਪੰਜਾਬ ਆਉਂਦੇ ਹਨ ਅੱਜ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਜੇਕਰ ਜਗਜੀਤ ਜੌਹਲ ਦੀ ਗ੍ਰਿਫਤਾਰੀ ਹੋਈ ਹੈ ਤਾਂ ਉਸਦੀ ਲੁਧਿਆਣਾ ਤੇ ਹੋਰ ਥਾਵਾਂ ਤੇ ਹੋਏ ਕਈ ਕਤਲਾਂ ‘ਚ ਸ਼ਮੂਲੀਅਤ ਸੀ।

ਆਧਾਰ ਖਾਤਿਆਂ ਬਾਰੇ ਖ਼ਬਰ ਪ੍ਰਕਾਸ਼ਿਤ ਕਰਨ ਵਾਲੀ ਮਹਿਲਾ ਪੱਤਰਕਾਰ ਖਿਲਾਫ ਕੇਸ ਦਰਜ ਹੋਣ ਦੇ ਮਾਮਲੇ ਨੂੰ ਮੰਦਭਾਗਾ ਦੱਸਦਿਆਂ ਬਿੱਟੂ ਨੇ ਕਿਹਾ ਕੇ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਨੂੰ ਬੀਜੇਪੀ ਵੱਲੋਂ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਪੱਤਰਕਾਰ ਉਨ੍ਹਾਂ ਖਿਲਾਫ ਅਵਾਜ਼ ਚੁੱਕੇ ਜੋ ਕਿ ਬਹੁਤ ਬੁਰੀ ਗੱਲ ਹੈ ਮੈਂ ਅਤੇ ਸੁਨੀਲ ਕੁਮਾਰ ਜਾਖੜ ਹੋਰਾਂ ਇਹ ਮੁੱਦਾ ਸਪੀਕਰ ਕੋਲ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਸਰਕਾਰ ਦੇ ਦਬਾਅ ਦੇ ਚੱਲਦਿਆਂ ਸਾਨੂੰ ਸਮਾਂ ਨਹੀਂ ਦਿੱਤਾ ਕਿ 29 ਜਨਵਰੀ ਨੂੰ ਸ਼ੁਰੂ ਹੋਣ ਵਾਲੇ ਸੈਸ਼ਨ ਵਿੱਚ ਉਹ ਇਹ ਮੁੱਦਾ ਜ਼ੋਰ ਸ਼ੋਰ ਨਾਲ ਕਾਂਗਰਸ ਪਾਰਟੀ ਵੱਲੋਂ ਉਠਾਇਆ ਜਾਏਗਾ ਤੇ ਸਰਕਾਰ ਕੋਲੋਂ ਮੁਆਫ਼ੀ ਮੰਗਵਾਈ ਜਾਏਗੀ।

ਕਿਸਾਨਾਂ ਦੇ ਕਰਜ਼ਾ ਮੁਆਫੀ ਦਾ ਸਰਕਾਰ ਵੱਲੋਂ ਲਾਹਾ ਲੈਣ ਦੀ ਕੋਸ਼ਿਸ਼ ਦੇ ਜਵਾਬ ‘ਚ ਬਿੱਟੂ ਨੇ ਕਿਹਾ ਕਿ ਸਰਕਾਰ ਬਣੀ ਨੂੰ ਹਾਲੇ ਸਿਰਫ ਅੱਠ ਮਹੀਨੇ ਹੋਏ ਹਨ, ਅਸੀਂ ਹੁਣੇ ਕਾਹਦਾ ਕ੍ਰੈਡਿਟ ਲੈਣਾ ਹੈ। ਇਹ ਗੱਲਾਂ ਤਿੰਨ ਚਾਰ ਸਾਲਾਂ ਬਾਅਦ ਚੰਗੀਆਂ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਵਿੱਤੀ ਸੰਕਟ ਦੇ ਚੱਲਦਿਆਂ ਵੀ ਕਾਂਗਰਸ ਸਰਕਾਰ ਤੋਂ ਜਿੰਨਾ ਹੋ ਸਕਿਆ ਲੋਕਾਂ ਦਾ ਕਰਜ਼ਾ ਮਾਫ ਕਰ ਰਹੀ ਹੈ ਪਰ ਅਜਿਹੇ ਮੌਕੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਲੋਕਾਂ ਦਾ ਮਜ਼ਾਕ ਉਡਾ ਰਹੀ ਹੈ।

ਅਰੂਸਾ ਆਲਮ ਦੇ ਮੁੱਖ ਮੰਤਰੀ ਨਿਵਾਸ ‘ਤੇ ਰੁਕਣ ਬਾਰੇ ਪੁੱਛੇ ਗਏ ਸਵਾਲ ਤੇ ਕਾਂਗਰਸੀ ਸਾਂਸਦ ਨੇ ਟਾਲਾ ਵੱਟਦਿਆਂ ਕਿਹਾ ਕਿ ਕਿਸੇ ਨੂੰ ਵੀ ਕਿਸੇ ਦੀ ਨਿਜੀ ਜ਼ਿੰਦਗੀ ਚ ਨਹੀਂ ਝਾਕਣਾ ਚਾਹੀਦਾ ਜਿਹੜੇ ਲੋਕ ਅਜਿਹਾ ਕਰ ਰਹੇ ਨੇ ਉਹ ਮੰਦਭਾਗੀ ਤੇ ਬਹੁਤ ਗਿਰਾਵਟ ਵਾਲੀ ਗੱਲ ਕਰ ਰਹੇ ਹਨ।

ਪਿਛਲੇ ਦਿਨੀਂ ਮਹਾਰਾਸ਼ਟਰ ਵਿਖੇ ਦਲਿਤ ਵਰਗ ਉੱਪਰ ਹੋਏ ਹਮਲੇ ਦੇ ਵਿਰੋਧ ਵਿੱਚ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਮੋਦੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਤੇ ਕਿਹਾ ਕਿ ਇਹ ਦਲਿਤ ਵਰਗ ਖਿਲਾਫ ਬਹੁਤ ਵੱਡਾ ਵਿਉਂਤਬੰਦੀ ਨਾਲ ਕੀਤਾ ਹਮਲਾ ਸੀ। ਉਨ੍ਹਾਂ ਦਲਿਤ ਵਰਗ ਦੇ ਨਾਲ ਵੀ ਡੱਟ ਕੇ ਖੜ੍ਹਨ ਦੀ ਗੱਲ ਵੀ ਕੀਤੀ।