ਟਾਈਟਲਰ ਦਾ ਪਾਸਪੋਰਟ ਜ਼ਬਤ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ
taitlr_11.jpgਜਲੰਧਰ -11ਫਰਵਰੀ-(ਮੀਡੀ,ਦੇਸਪੰਜਾਬ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਪਾਸਪੋਰਟ ਜ਼ਬਤ ਕਰਨ ਅਤੇ ਉਸਦੀ ਆਵਾਜਾਈ ਨੂੰ ਪਾਬੰਦੀ ਦੇ ਦਾਇਰੇ 'ਚ ਰੱਖਣ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਇਸਦੇ ਨਾਲ
ਹੀ ਟਾਈਟਲਰ ਵੱਲੋਂ ਉਨ੍ਹਾਂ ਦੇ ਖਿਲਾਫ਼ ਕਾਪਸਹੇੜਾ ਥਾਣੇ 'ਚ ਬੀਤੇ ਦਿਨੀਂ ਦਿੱਤੀ ਗਈ ਸ਼ਿਕਾਇਤ ਦੇ ਲੈਟਰ ਹੈੱਡ 'ਤੇ ਟਾਈਟਲਰ ਵੱਲੋਂ ਰਾਸ਼ਟਰੀ ਚਿੰਨ੍ਹ ਛਾਪਣ 'ਤੇ ਵੀ ਪੁਲਸ ਨੂੰ ਸ਼ਿਕਾਇਤ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀ. ਕੇ. ਨੇ ਦੱਸਿਆ ਕਿ ਟਾਈਟਲਰ 1984 ਸਿੱਖ ਕਤਲੇਆਮ ਮਾਮਲੇ 'ਚ ਨਿੱਤ ਨਵੇਂ ਸਾਹਮਣੇ ਆ ਰਹੇ ਖੁਲਾਸਿਆਂ ਤੋਂ ਬਾਅਦ ਕਾਨੂੰਨੀ ਸ਼ਿਕੰਜੇ 'ਚ ਘਿਰਦਾ ਨਜ਼ਰ ਆ ਰਿਹਾ ਹੈ। ਇਸ ਲਈ ਦਿੱਲੀ ਕਮੇਟੀ ਨੇ ਥਾਣਾ ਨੌਰਥ ਐਵੇਨਿਊ ਦੇ ਏ. ਸੀ. ਪੀ. ਅਤੇ ਥਾਣਾ ਮੁਖੀ ਨੂੰ ਟਾਈਟਲਰ ਦਾ ਪਾਸਪੋਰਟ ਜ਼ਬਤ ਕਰਨ ਨੂੰ ਕਿਹਾ ਹੈ ਤਾਂ ਜੋ ਟਾਈਟਲਰ ਦੇਸ਼ ਛੱਡ ਕੇ ਫਰਾਰ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਭੇਜੀ ਗਈ ਉਕਤ ਅਰਜ਼ੀ ਦਾ ਉਤਾਰਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਵਿਦੇਸ਼ ਮੰਤਰਾਲਾ, ਡਾਇਰੈਕਟਰ ਸੀ. ਬੀ. ਆਈ., ਚੇਅਰਮੈਨ ਐੱਸ. ਆਈ. ਟੀ., ਜਸਟਿਸ ਐੱਸ. ਐੱਨ. ਢੀਂਗਰਾ ਅਤੇ ਦਿੱਲੀ ਪੁਲਸ ਕਮਿਸ਼ਨਰ ਨੂੰ ਵੀ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟਾਈਟਲਰ ਵੱਲੋਂ ਕਾਪਸਹੇੜਾ ਥਾਣੇ 'ਚ ਉਨ੍ਹਾਂ ਦੇ ਖਿਲਾਫ਼ ਦਿੱਤੇ ਗਏ ਸ਼ਿਕਾਇਤੀ ਪੱਤਰ 'ਤੇ ਰਾਸ਼ਟਰੀ ਚਿੰਨ੍ਹ ਨੂੰ ਛਾਪਿਆ ਹੈ ਜੋ ਕਿ ਸਿੱਧੇ ਤੌਰ 'ਤੇ ਰਾਸ਼ਟਰੀ ਚਿੰਨ੍ਹ ਦੇ ਇਸਤੇਮਾਲ ਬਾਰੇ ਨਿਯਮ 10 ਦੀ ਉਲੰਘਣਾ ਦਾ ਮਾਮਲਾ ਹੈ । ਕੋਈ ਵੀ ਸਾਬਕਾ ਮੰਤਰੀ, ਸਾਬਕਾ ਸੰਸਦ ਮੈਂਬਰ, ਸਾਬਕਾ ਵਿਧਾਇਕ, ਸਾਬਕਾ ਜੱਜ ਅਤੇ ਸੇਵਾ ਮੁਕਤ ਸਰਕਾਰੀ ਅਧਿਕਾਰੀ ਬਿਨਾਂ ਸਰਕਾਰ ਦੀ ਮਨਜ਼ੂਰੀ ਦੇ ਆਪਣੇ ਲੈਟਰ ਹੈੱਡ 'ਤੇ ਰਾਸ਼ਟਰੀ ਚਿੰਨ੍ਹ ਨਹੀਂ ਛਾਪ ਸਕਦਾ।