....... ਦਿਲ ਦਾ ਦਰਦ.......??????
mukeria.jpgਦਿਲ ਦਾ ਦਰਦ ਛੁਪਾਉਣਾ ਆਉਣਾ ਚਾਹੀਦਾ,
ਬੁੱਕਲ ਵਿੱਚ ਸਮਾਉਣਾ ਆਉਣਾ ਚਾਹੀਦਾ।
ਨੈਣੀਂ ਪੀ ਕੇ ਆਪਣੇ ਹੰਝੂ ਖਾਰਿਆਂ ਨੂੰ,
ਰੋਂਦਿਆਂ ਤਾਂਈ ਹਸਾਉਣਾ ਆਉਣਾ ਚਾਹੀਦਾ।
ਭੁੱਲ ਕੇ ਵੈਰ ਵਿਰੋਧ,ਨਫਰਤਾਂ ਤੇ ਰੋਸੇ,
ਪਿਆਰ ਦਾ ਵਣਜ ਕਮਾਉਣਾ ਆਉਣਾ ਚਾਹੀਦਾ।
ਘਾਹੀ ਦੇ ਬੱਚਿਆਂ ਨੂੰ ਘਾਹ ਨਾ ਖੋਤਣਾ ਪਏ,
ਹਵਾ ਦਾ ਰੁੱਖ ਪਰਤਾਉਣਾ ਆਉਣਾ ਚਾਹੀਦਾ।
ਚੁੱਭਵੀਂ ਗੱਲ ਕਿਸੇ ਦੀ ਸੀਨਾ ਛਲਨੀ ਕਰ ਜਾਵੇ,
ਓਹਦੇ ਸਾਹਵੇਂ ਸੀਸ ਝੁਕਾਉਣਾ ਆਉਣਾ ਚਾਹੀਦਾ।
ਆਸ ਨਾ ਰੱਖੀਂ ਜੁਗਨੂੰ ਤੋਂ ਜਾਂ ਸੂਰਜ ਤੋਂ,
ਖੁਦ ਹੀ ਰਾਹ ਰੁਸ਼ਨਾਉਣਾ ਆਉਣਾ ਚਾਹੀਦਾ।
ਹਰ ਥਾਂ ਆਪਣੀ ਮਰਜੀ ਚਲਦੀ ਨਹੀਂ 'ਮਨਦੀਪ'
ਜ਼ਜ਼ਬਾਤਾਂ ਨੂੰ 'ਪ੍ਰੀਤ' ਲੁਕਾਉਣਾ ਆਉਣਾ ਚਾਹੀਦਾ।
ਮਨਦੀਪ ਕੌਰ ਪ੍ਰੀਤ,ਮੁਕੇਰੀਆਂ