ਅੱਜ ਪ੍ਰਕਾਸ਼ ਦਵਿਸ 'ਤੇ ਵਸ਼ੇਸ਼ ਸੇਵਾ ਤੇ ਸਮਿਰਨ ਦੇ ਪੁੰਜ: ਸ੍ਰੀ ਗੁਰੂ ਅਮਰਦਾਸ
amr_dass.jpgਭਾਈ ਗੁਰਦਾਸ ਜੀ ਨੇ ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਦਾ ਵਰਨਣ ਕਰਦਿਆਂ ਕਿਹਾ ਸੀ ਕਿ ਆਪ ਨੇ ਸਿੱਖ ਪੰਥ ਨੂੰ ਪੂਰਨ ਮਰਿਆਦਾ ਨਾਲ ਅੱਗੇ ਵਧਾਇਆ ਤੇ ਗੁਰੂ ਸ਼ਬਦ ਦਾ ਖਜ਼ਾਨਾ ਖੋਲ੍ਹ ਮਨੁੱਖਤਾ ਨੂੰ ਨਿਹਾਲ ਕਰ ਦਿੱਤਾ | ਗੁਰੂ ਸਾਹਿਬ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਇਸ ਨਿਵੇਕਲੇ ਪੰਥ ਨੂੰ ਇਕ ਮਜ਼ਬੂਤ ਆਧਾਰ ਬਖਸ਼ਿਆ | ਪੂਰੇ ਪੂਰਾ ਥਾਟੁ ਬਣਾਇਆ | ਗੁਰੂ ਸਾਹਿਬ ਦੀ ਕਰਨੀ ਤੇ ਬਾਣੀ ਦੋਵਾਂ ਦੀ ਵਿਲੱਖਣਤਾ ਅਚਰਜ ਪੈਦਾ ਕਰਦੀ ਹੈ | ਗੁਰੂ ਅੰਗਦ ਦੇਵ ਜੀ ਨਾਲ ਗੁਰੂ ਅਮਰਦਾਸ ਜੀ ਦਾ ਮੇਲ ਸੰਮਤ 1597 ਵਿਚ ਹੋਇਆ ਜੋ ਖਿਣ ਮਾਤਰ 'ਚ ਹੀ ਸਦੀਵੀ ਸੰਗ ਵਿਚ ਬਦਲ ਗਿਆ | ਗੁਰੂ ਅਮਰਦਾਸ ਜੀ ਨੇ ਰਤਾ ਵੀ ਢਿੱਲ ਨਾ ਕੀਤੀ ਤੇ ਆਪਾ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਅਰਪਣ ਕਰ ਦਿੱਤਾ | ਗੁਰੂ ਨਾਲ ਸਿੱਖ ਦਾ ਮੇਲ ਸੰਸਾਰ ਦੀ ਸਭ ਤੋਂ ਸ੍ਰੇਸ਼ਟ ਤੇ ਅਦੁੱਤੀ ਘਟਨਾ ਹੁੰਦੀ ਹੈ, ਜਿਸ ਦੇ ਸੁੱਖ ਨੂੰ ਬਖਾਨ ਨਹੀਂ ਕੀਤਾ ਜਾ ਸਕਦਾ | ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿਆਈ¨ ਗੁਰੂ ਅਮਰਦਾਸ ਜੀ ਨੇ ਸੇਵਾ ਤੇ ਸਿਮਰਨ ਦੀ ਰਾਹ ਦੱਸੀ | ਸੇਵਾ ਮਨੁੱਖ ਸਿਮਰਨ ਵਾਂਗੂ ਕਰੇ | ਸਤਿਗੁਰੁ ਸੇਵਨਿ ਸੇ ਵਡਭਾਗੀ¨ ਅਨਦਿਨੁ ਸਾਚਿ ਨਾਮਿ ਲਿਵ ਲਾਗੀ¨ ਸਿਮਰਨ ਨੂੰ ਸੇਵਾ ਦੀ ਤਰਹ ਕਰੇ | ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ, ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ | ਗੁਰੂ ਅਮਰਦਾਸ ਸਾਹਿਬ ਨੇ ਆਪ ਹੀ ਆਪਣੀ ਬਾਣੀ ਅੰਦਰ ਸਵਾਲ ਖੜ੍ਹਾ ਕੀਤਾ, ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ | ਗੁਰੂ ਸਾਹਿਬ ਨੇ ਆਪ ਹੀ ਸ਼ੰਕਾ ਨਿਵਾਰਣ ਕੀਤਾ ਕਿ ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ | ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ 'ਚ ਆਏ ਤੇ ਅਨਿਨ ਸੇਵਕ ਬਣ ਕੇ ਰਹੇ | ਗੁਰੂ ਹੁਕਮ ਨੂੰ ਜਪ ਤਪ ਸਮਝ ਕੇ ਮੰਨਿਆ | ਆਪ ਜੀ ਤਨ ਤੇ ਮਨ ਤੋਂ ਗੁਰੂ ਦੇ ਸਿੱਖ ਬਣੇ | ਤਨ ਸੇਵਾ 'ਚ ਲੱਗਿਆ ਰਹਿੰਦਾ ਤੇ ਮਨ ਸਿਮਰਨ 'ਚ ਲੀਨ ਰਹਿੰਦਾ | ਸਤਿਗੁਰੂ ਦੀ ਸ਼ਰਨ ਤੇ ਨਦਰਿ ਤੋਂ ਬਿਨਾਂ ਇਸ ਮਾਰਗ 'ਤੇ ਨਹੀਂ ਚੱਲਿਆ ਜਾ ਸਕਦਾ:

ਕਿਆ ਕੋਈ ਤੇਰੀ ਸੇਵਾ ਕਰੇ
ਕਿਆ ਕੋ ਕਰੇ ਅਭਿਮਾਨਾ¨
ਜਬ ਅਪੁਨੀ ਜੋਤਿ ਖਿੰਚਹਿ ਤੂ
ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ¨

ਗੁਰੂ ਅਮਰਦਾਸ ਸਾਹਿਬ ਦਾ ਜੀਵਨ ਮਨੁੱਖੀ ਪ੍ਰੇਰਣਾ ਦਾ ਵੱਡਾ ਸ੍ਰੋਤ ਹੈ ਕਿ ਪਰਮਾਤਮਾ ਸ਼ਰਨ 'ਚ ਆਇਆਂ ਦੀ ਆਪ ਪਤਿ ਰੱਖਦਾ ਤੇ ਜੀਵਨ ਸੰਵਾਰਦਾ ਹੈ | ਅੰਗੀਕਾਰੁ ਉਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ | ਪਰਮਾਤਮਾ ਦੀ ਸ਼ਰਨ 'ਚ ਹੀ ਸੱਚਾ ਸੁੱਖ ਹੈ | ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ | ਪਰਮਾਤਮਾ ਹੀ ਜੀਵਨ ਮੁਕਤੀ ਦੀ ਰਾਹ ਵਿਖਾਉਣ ਵਾਲਾ ਤੇ ਰਾਹ 'ਤੇ ਪਾਉਣ ਵਾਲਾ ਹੈ | ਸਤਿਗੁਰੂ ਦਾ ਹੁਕਮ ਮੰਨ ਕੇ ਹੀ ਜੀਵਨ ਸਫਲ ਹੁੰਦਾ ਹੈ | ਜੋ ਹੁਕਮ ਤੋਂ ਬਾਹਰ ਰਹਿ ਕੇ ਸੰਸਾਰ ਦੇ ਰਸਾਂ ਵਿਚ ਰਮੇ ਰਹਿੰਦੇ ਹਨ ਜੀਵਨ ਦਾ ਦੁਰਲੱਭ ਅਵਸਰ ਗੁਆ ਬਹਿੰਦੇ ਹਨ | ਸਾਚੀ ਲਿਵੈ ਬਿਨੁ ਦੇਹ ਨਿਮਾਣੀ | ਮਨੁੱਖ ਕਿੰਨੇ ਹੀ ਯਤਨ ਕਿਉਂ ਨਾ ਕਰ ਲਵੇ ਸਤਿਗੁਰੂ ਦੀ ਮਿਹਰ ਤੋਂ ਬਿਨਾਂ ਭਟਕਣ ਨਹੀਂ ਮਿਟ ਸਕਦੀ ਤੇ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ | ਗੁਰੂ ਸ਼ਬਦ ਨਾਲ ਹੀ ਮਨ ਨਿਰਮਲ ਹੁੰਦਾ ਹੈ ਤੇ ਪਰਮਾਤਮਾ 'ਚ ਟਿਕਦਾ ਹੈ:
ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ¨
ਗੁਰੂ ਅਮਰਦਾਸ ਸਾਹਿਬ ਨੇ ਕਿਹਾ ਕਿ ਪਰਮਾਤਮਾ ਨੇ ਮਨੁੱਖੀ ਤਨ ਇਕ ਖਾਸ ਮਨੋਰਥ ਲਈ ਸਿਰਜਿਆ ਹੈ | ਮਨੁੱਖੀ ਤਨ ਦੀ ਸਿਫਤ ਹੈ ਕਿ ਇਹ ਪਰਮਾਤਮਾ ਦੀ ਪ੍ਰਤੀਤਿ ਕਰ ਸਕਦਾ ਹੈ | ਚੁਰਾਸੀ ਲੱਖ ਜੀਵਾਂ 'ਚੋਂ ਕਿਸੇ ਹੋਰ ਜੀਵ ਅੰਦਰ ਇਹ ਸਮਰਥਾ ਨਹੀਂ ਹੈ | ਮਨੁੱਖ ਦਾ ਮਨ ਪਰਮਾਤਮਾ ਦੇ ਸਰਬ ਵਿਆਪਕ ਰੂਪ ਨੂੰ ਵੇਖ ਸਕਦਾ ਹੈ ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ | ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨ ਲਈ ਮਨੁੱਖ ਨੂੰ ਮਨ ਹੀ ਨਹੀਂ ਅੱਖਾਂ, ਕੰਨ ਤੇ ਰਸਨਾ ਆਦਿਕ ਇੰਦ੍ਰੀਆਂ ਵੀ ਪ੍ਰਾਪਤ ਹੋਈਆਂ | ਸਤਿਗੁਰੂ ਹੀ ਗਿਆਨ ਦਿੰਦਾ ਹੈ ਕਿ ਇਨ੍ਹਾਂ ਸ਼ਕਤੀਆਂ ਦੀ ਮਹੱਤਤਾ ਕੀ ਹੈ ਤੇ ਕਿਵੇਂ ਇਨ੍ਹਾਂ ਦੀ ਵਰਤੋਂ ਕਰ ਪਰਮਾਤਮਾ ਦੀ ਸ਼ਰਨ ਪ੍ਰਾਪਤ ਹੁੰਦੀ ਹੈ | ਅੱਖਾਂ ਸੰਸਾਰ ਦੇ ਰੰਗ ਤਮਾਸ਼ੇ ਵੇਖਣ ਲਈ ਨਹੀਂ ਮਿਲੀਆਂ ਹਨ | ਕੰਨ ਨਿੰਦਾ, ਚੁਗਲੀ , ਕੂੜ੍ਹ ਸੁਣਨ ਲਈ ਨਹੀਂ ਬਣੇ | ਜਿਹਵਾ ਫਰੇਬ, ਝੂਠ, ਕੂੜ੍ਹ ਬੋਲਣ ਲਈ ਨਹੀਂ ਬਖਸ਼ੀ ਗਈ | ਇਨ੍ਹਾਂ ਦੀ ਵਰਤੋਂ ਸੱਚ ਵੇਖਣ ਤੇ ਧਾਰਨ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ | ਮਨੁੱਖ ਜਦੋਂ ਆਪਣੀਆ ਸਾਰੀਆਂ ਸ਼ਕਤੀਆਂ ਜਦੋਂ ਪਰਮਾਤਮਾ ਦੀ ਸਿਫਤ ਸਲਾਹ ਤੇ ਉਸ ਦਾ ਹੁਕਮ ਮੰਨਣ 'ਚ ਲਾਉਂਦਾ ਹੈ ਤਾਂ ਹੀ ਉਸ ਦਾ ਜੀਵਨ ਮਨੋਰਥ ਪੂਰਨ ਹੁੰਦਾ ਹੈ | ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ, ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ |
ਬਿਰਧ ਅਵਸਥਾ ਦੇ ਬਾਵਜੂਦ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਤੇ ਸੰਗਤ ਦੀ ਅਣਥਕ ਸੇਵਾ ਕੀਤੀ | ਆਪ ਦਾ ਦਿਨ ਗੁਰੂ ਅੰਗਦ ਦੇਵ ਜੀ ਦੇ ਜਾਗਣ ਤੋਂ ਪਹਿਲਾਂ ਹੀ ਆਰੰਭ ਹੋ ਜਾਂਦਾ ਤੇ ਉਨ੍ਹਾਂ ਦੇ ਰਾਤ ਨੂੰ ਆਰਾਮ ਕਰਨ ਤੋਂ ਬਾਅਦ ਹੀ ਪੂਰਾ ਹੁੰਦਾ ਸੀ | ਇਹ ਕੁਝ ਦਿਨਾਂ, ਮਹੀਨਿਆਂ, ਸਾਲ ਦੋ ਸਾਲ ਦਾ ਨਹੀਂ ਬਾਰ੍ਹਾਂ ਸਾਲ ਤੋਂ ਵੀ ਜ਼ਿਆਦਾ ਦਾ ਕਰੜਾ ਤਪ ਸੀ, ਜੋ ਸੇਵਾ ਤੇ ਸਿਮਰਨ ਰੂਪ 'ਚ ਸਿੱਧ ਹੋਇਆ | ਗੁਰੂ ਅਮਰਦਾਸ ਜੀ ਜਾਣਦੇ ਸਨ ਕਿ ਵਿਕਾਰਾਂ ਤੋਂ ਪਾਰ ਪਾਉਣਾ ਸੌਖਾ ਨਹੀਂ | ਆਪ ਨੇ ਸੁਚੇਤ ਕੀਤਾ ਕਿ ਮਨੁੱਖ ਮਾਣ, ਹੰਕਾਰ ਤੋਂ ਪਰਮਾਤਮਾ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ | ਪਰਮਾਤਮਾ ਦਾ ਹੁਕਮ ਹੀ ਵਰਤਦਾ ਹੈ | ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ¨ ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ | ਮਨੁੱਖ ਕਿੰਨੀ ਹੀ ਸੇਵਾ ਕਰ ਲਵੇ, ਸਿਮਰਨ ਕਰ ਲਵੇ ਪਰ ਮਨ ਤੋਂ ਵਿਕਾਰ ਨਾ ਗਏ ਤਾਂ ਸਭ ਨਿਹਫਲ ਹੋ ਜਾਏਗਾ | ਮਨ ਦੀ ਨਿਰਮਲਤਾ ਤੇ ਪਰਮਾਤਮਾ ਲਈ ਸੱਚਾ ਪ੍ਰੇਮ ਹੀ ਭਗਤੀ ਦੀ ਰਾਹ ਹੈ | ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ¨ ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ¨
ਗੁਰੂ ਅਮਰਦਾਸ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀਆਂ ਸਿਖਿਆਵਾਂ ਨੂੰ ਦਿ੍ੜ੍ਹ ਕਰਾਉਂਦਿਆਂ ਕਿਹਾ ਕਿ ਭੇਖ ਤੇ ਪਾਖੰਡ ਨਾਲ ਪਰਮਾਤਮਾ ਨਹੀਂ ਮਿਲਦਾ | ਲੋਕ ਖਾਸ ਵੇਸ਼, ਰੂਪ ਧਾਰਨ ਕਰ ਕੇ ਆਪਣੇ-ਆਪ ਨੂੰ ਧਰਮੀ ਸਾਬਤ ਕਰਦੇ ਸਨ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਆਪਣੇ ਨਿੱਜੀ ਮਕਸਦ ਪੂਰੇ ਕਰਦੇ ਸਨ | ਬਹੁਤੇ ਭੇਖ ਕਰੈ ਭੇਖਧਾਰੀ, ਅੰਤਰਿ ਤਿ੍ਸਨਾ ਫਿਰੈ ਅਹੰਕਾਰੀ | ਗੁਰੂ ਸਾਹਿਬ ਨੇ ਕਿਹਾ ਕਿ ਮਨੁੱਖ ਦੇ ਗੁਣ ਹੀ ਉਸ ਦੇ ਧਰਮੀ ਹੋਣ ਦੀ ਸੱਚੀ ਤੇ ਪੱਕੀ ਗਵਾਹੀ ਹੁੰਦੇ ਹਨ | ਜੋਗੀਆਂ ਦੇ ਭੇਖ ਦਾ ਜ਼ਿਕਰ ਕਰਦਿਆਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਮਨੁੱਖ ਦੀ ਸੁਚੱਜੀ ਕਿਰਤ ਤੇ ਪਰਉਪਕਾਰੀ ਵਿਰਤੀ ਹੋਵੇ ਤਾਂ ਉਸ ਨੂੰ ਕੰਨਾਂ 'ਚ ਮੁੰਦਰਾਂ ਤੇ ਤਨ 'ਤੇ ਲੰਬਾ ਚੋਲਾ ਪਾਉਣ ਦੀ ਲੋੜ ਨਹੀਂ ਹੁੰਦੀ | ਮਨੁੱਖ ਜੇ ਸੰਸਾਰ 'ਤੇ ਜੀਵਨ ਨੂੰ ਨਾਸ਼ਵਾਨ ਸਮਝ ਲਵੇ ਤਾਂ ਭਸਮ ਚੜ੍ਹਾਉਣ ਦੀ ਲੋੜ ਨਹੀਂ ਪੈਂਦੀ | ਜੋਗੀ ਲੋਕ ਵੀਣਾ ਵਜਾਇਆ ਕਰਦੇ ਸਨ | ਗੁਰੂ ਸਾਹਿਬ ਨੇ ਕਿਹਾ ਕਿ ਮਨ ਪਰਮਾਤਮਾ ਨਾਲ ਜੁੜ ਜਾਏ ਤਾਂ ਆਪ ਹੀ ਅਨਹਦ ਧੁਨ ਵੱਜਣ ਲੱਗ ਪੈਂਦੀ ਹੈ | ਜਿਤੁ ਕਿੰਗੁਰੀ ਅਨਹਦੁ ਵਾਜੈ ਹਰਿ ਸਿਉ ਰਹੈ ਲਿਵ ਲਾਇ | ਗੁਰੂ ਅਮਰਦਾਸ ਸਾਹਿਬ ਦਾ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਗੁਰੂ ਸ਼ਬਦ ਦੀ ਪ੍ਰੇਰਣਾ ਸਦਕਾ ਹੋਇਆ ਸੀ | ਗੁਰੂ ਅੰਗਦ ਦੇਵ ਜੀ ਦੇ ਪ੍ਰਤੱਖ ਦਰਸ਼ਨ ਕਰ ਆਪ ਦੇ ਮਨ ਅੰਦਰ ਚੱਲ ਰਹੇ ਵਿਕਾਰਾਂ ਦੇ ਸਾਰੇ ਸ਼ੋਰ ਸ਼ਾਂਤ ਹੋ ਗਏ ਤੇ ਮਨ ਸਹਿਜ ਪ੍ਰੇਮ ਵਿਚ ਆ ਗਿਆ | ਗੁਰੂ ਅਮਰਦਾਸ ਜੀ ਦੀ ਬਾਰ੍ਹਾਂ ਸਾਲ ਦੀ ਸੇਵਾ ਦਰਅਸਲ ਉਨ੍ਹਾਂ ਦੇ ਆਤਮਕ ਗੁਣਾਂ ਤੇ ਸ੍ਰੇਸ਼ਟਤਾ ਦਾ ਪ੍ਰਗਟਾਵਾ ਮਾਤਰ ਸੀ | ਸਤਿਗੁਰੂ ਗਿਆਨ ਦੀ ਬਖਸ਼ਿਸ਼ ਨਾਲ ਸਿੱਖ ਨੂੰ ਗੁਣਾਂ ਦਾ ਧਾਰਨੀ ਬਣਾਉਂਦਾ ਹੈ | ਪੂਰੈ ਗੁਰਿ ਸਮਝਾਇਆ ਮਤਿ ਊਤਮ ਹੋਈ¨ ਅੰਤਰੁ ਸੀਤਲੁ ਸਾਂਤਿ ਹੋਇ ਨਾਮੇ ਸੁਖੁ ਹੋਈ¨ ਗੁਰੂ ਦੇ ਬਖ਼ਸ਼ੇ ਗੁਣਾਂ ਨਾਲ ਹੀ ਸਿੱਖਾਂ ਨੇ ਸੇਵਾ ਦੀਆਂ ਮਿਸਾਲਾਂ ਕਾਇਮ ਕੀਤੀਆਂ | ਗੁਰੂ ਦੇ ਬਖ਼ਸ਼ੇ ਗੁਣਾਂ ਨਾਲ ਹੀ ਅਦੁੱਤੀ ਬਲਿਦਾਨਾਂ ਦੇ ਇਤਿਹਾਸ ਰਚੇ ਗਏ | ਉੱਤਮ ਮਤਿ ਤੇ ਅੰਤਰ ਦੀ ਸਹਿਜਤਾ ਬਿਨਾਂ ਇਹ ਸ਼ਾਨਦਾਰ ਵਿਰਸਾ ਨਹੀਂ ਬਣ ਸਕਦਾ ਸੀ, ਜਿਸ 'ਤੇ ਅੱਜ ਅਸੀਂ ਮਾਣ ਕਰਦੇ ਨਹੀਂ ਥੱਕਦੇ | ਗੁਰੂ ਅਮਰਦਾਸ ਸਾਹਿਬ ਨੇ ਸੰਪੂਰਨ ਮਨੁੱਖੀ ਜੀਵਨ ਨੂੰ ਧਰਮ ਦੇ ਦਾਇਰੇ ਅੰਦਰ ਲਿਆਂਦਾ | ਆਪ ਨੇ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਵਿਆਪਕ ਚੇਤਨਾ ਜਾਗਿ੍ਤ ਕੀਤੀ | ਗੁਰੂ ਦੇ ਲੰਗਰ ਨੂੰ ਗੁਰੂ ਅਮਰਦਾਸ ਸਾਹਿਬ ਨੇ ਸਮਾਜਿਕ ਸਮਾਨਤਾ ਦੀ ਸੋਚ ਨਾਲ ਜੋੜ ਕੇ ਸਿੱਖ ਪੰਥ ਦੀ ਇਕ ਪਾਵਨ ਸੰਸਥਾ ਬਣਾ ਦਿੱਤਾ | ਲੰਗਰ ਸਰੀਰਕ ਭੁੱਖ ਹੀ ਨਹੀਂ ਆਤਮਿਕ ਲੋੜ ਦਾ ਵੀ ਹਿੱਸਾ ਬਣ ਗਿਆ | ਆਪ ਦੀ ਦਿ੍ਸ਼ਟੀ ਸੀ ਕਿ ਮਨੁੱਖ ਹੰਕਾਰ ਤਿਆਗ, ਸਾਂਝੀਵਾਲਤਾ ਦੀ ਭਾਵਨਾ ਧਾਰਨ ਕਰਨ ਤੋਂ ਬਾਅਦ ਹੀ ਗੁਰੂ ਦੇ ਦਰਬਾਰ ਤੱਕ ਪੁੱਜਣ ਦਾ ਹੱਕਦਾਰ ਹੁੰਦਾ ਹੈ | ਅੱਜ ਜਦੋਂ ਵੀ ਕੋਈ ਗੁਰਸਿੱਖ ਆਪਣੀ ਸੇਵਾ 'ਤੇ ਮਾਣ ਕਰਨ ਦੀ ਕੋਸ਼ਿਸ਼ ਕਰੇ ਤਾਂ ਇਕ ਵਾਰ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਨੂੰ ਜ਼ਰੂਰ ਚੇਤੇ ਕਰ ਲਵੇ | ਕੋਈ ਗੁਰਸਿੱਖ ਆਪਣੀ ਭਗਤੀ ਤੇ ਗਿਆਨ ਦੀ ਗੱਲ ਕਰਨ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਦੇ ਵਚਨ :
ਹਮ ਮੂਰਖ ਮੂਰਖ ਮਨ ਮਾਹਿ¨
ਹਉਮੈ ਵਿਚਿ ਸਭ ਕਾਰ ਕਮਾਹਿ¨

'ਤੇ ਵੀਚਾਰ ਕਰੇ ਕਿਉਂਕਿ ਗਿਆਨ ਤਾਂ ਬਸ ਸਤਿਗੁਰੂ ਹੈ:
ਗੁਰਮਤਿ ਸਾਚੀ ਸਾਚਾ ਵੀਚਾਰੁ¨

-ਈ 1716 , ਰਾਜਾਜੀਪੁਰਮ, ਲਖਨਊ 226017
ਮੋਬਾਈਲ : 9415960533 , 8417852899