ਝੁਲਸ ਰਿਹੈ ਅਫ਼ਗਾਨਿਸਤਾਨ
ham.jpgਅਫ਼ਗਾਨਿਸਤਾਨ ਅੱਗ ਦੀ ਭੱਠੀ ਵਿਚ ਝੁਲਸ ਰਿਹਾ ਹੈ ਅਤੇ ਉਸ ਦੇ ਲੋਕ ਲਗਾਤਾਰ ਬੰਬਾਂ ਦੇ ਸਾਏ ਹੇਠ ਰਹਿਣ ਲਈ ਮਜਬੂਰ ਹਨ। ਪਿਛਲੇ ਦਿਨੀਂ ਇਸ ਦੀ ਰਾਜਧਾਨੀ ਕਾਬਲ ਅਤੇ ਪ੍ਰਸਿੱਧ ਸ਼ਹਿਰ ਕੰਧਾਰ ਵਿਚ ਤਿੰਨ ਥਾਵਾਂ 'ਤੇ ਆਤਮਘਾਤੀ ਹਮਲੇ ਹੋਏ, ਜਿਨ੍ਹਾਂ ਵਿਚ ਮੌਤਾਂ ਦੀ ਗਿਣਤੀ 37 ਅਤੇ ਜ਼ਖ਼ਮੀਆਂ ਦੀ ਗਿਣਤੀ 61 ਦੱਸੀ ਜਾਂਦੀ ਹੈ ਪਰ ਇਹ ਵੀ ਸ਼ੰਕਾ ਬਰਕਰਾਰ ਹੈ ਕਿ ਮੌਤਾਂ ਦੀ ਗਿਣਤੀ ਵਧ ਵੀ ਸਕਦੀ ਹੈ। ਇਥੇ ਇਸਲਾਮਿਕ ਸਟੇਟ ਅਤੇ ਤਾਲਿਬਾਨ ਬੇਹੱਦ ਸਰਗਰਮ ਹਨ। ਇਹ ਸੰਗਠਨ ਮਨੁੱਖੀ ਖੂਨ ਦੇ ਪਿਆਸੇ ਹਨ। ਇਨ੍ਹਾਂ ਨੇ ਹੁਣ ਤੱਕ ਹਜ਼ਾਰਾਂ ਹੀ ਬੱਚਿਆਂ ਅਤੇ ਔਰਤਾਂ ਸਮੇਤ ਨਾਗਰਿਕਾਂ ਨੂੰ ਬਲੀ ਦੇ ਬਕਰੇ ਬਣਾਇਆ ਹੈ। ਇਨ੍ਹਾਂ ਦੇ ਕਾਰਿਆਂ ਨਾਲ ਜਿੰਨਾ ਵਧੇਰੇ ਮਨੁੱਖੀ ਖੂਨ ਡੁੱਲ੍ਹਦਾ ਹੈ, ਓਨਾ ਹੀ ਬੜੇ ਫ਼ਖਰ ਨਾਲ ਇਹ ਅਜਿਹੇ ਕਾਰਿਆਂ ਦੀ ਜ਼ਿੰਮੇਵਾਰੀ ਲੈਂਦੇ ਹਨ। ਹੁਣ ਹੋਏ ਹਮਲੇ ਵਿਚ ਇਕ ਹੋਰ ਗੱਲ ਇਹ ਵੀ ਦਿਖਾਈ ਦਿੰਦੀ ਹੈ ਕਿ ਇਨ੍ਹਾਂ ਮ੍ਰਿਤਕਾਂ ਵਿਚ 10 ਪੱਤਰਕਾਰ ਵੀ ਸ਼ਾਮਿਲ ਹਨ। ਇਕ ਆਤਮਘਾਤੀ ਨੇ ਪਹਿਲਾ ਹਮਲਾ ਕੀਤਾ ਅਤੇ ਕੁਝ ਸਮੇਂ ਬਾਅਦ ਉਥੇ ਪੱਤਰਕਾਰ ਅਤੇ ਹੋਰ ਲੋਕ ਇਕੱਠੇ ਹੋ ਗਏ, ਜਿਨ੍ਹਾਂ 'ਤੇ ਦੂਸਰੇ ਆਤਮਘਾਤੀ ਨੇ ਪੈਦਲ ਹੀ ਉਨ੍ਹਾਂ ਵਿਚ ਆ ਕੇ ਧਮਾਕਾ ਕਰ ਦਿੱਤਾ।

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਇਨ੍ਹਾਂ ਹਮਲਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਪਰ ਇਨ੍ਹਾਂ ਦੇ ਹੌਸਲੇ ਏਨੇ ਵਧ ਗਏ ਹਨ ਕਿ ਇਹ ਵੱਧ ਤੋਂ ਵੱਧ ਸੁਰੱਖਿਅਤ ਥਾਵਾਂ 'ਤੇ ਵੀ ਜਾ ਕੇ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਦੇਸ਼ ਦੇ ਕੁਝ ਇਕ ਇਲਾਕੇ ਇਨ੍ਹਾਂ ਸੰਗਠਨਾਂ ਦੇ ਕਬਜ਼ੇ ਵਿਚ ਹਨ ਪਰ ਉਹ ਵਧੇਰੇ ਹਮਲੇ ਪਾਕਿਸਤਾਨ ਦੀ ਸਰਜ਼ਮੀਂ ਤੋਂ ਆ ਕੇ ਕਰਦੇ ਹਨ। ਬਿਨਾਂ ਸ਼ੱਕ ਪਾਕਿਸਤਾਨ ਵਿਚ ਵਸਦੇ ਇਨ੍ਹਾਂ ਅੱਤਵਾਦੀਆਂ ਨੂੰ ਇਨ੍ਹਾਂ ਦੇ ਵਹਾਏ ਖੂਨ ਲਈ ਦੋਸ਼ੀ ਮੰਨਿਆ ਜਾਂਦਾ ਹੈ। ਹੌਲੀ-ਹੌਲੀ ਹੁਣ ਦੁਨੀਆ ਭਰ ਦੇ ਸਾਰੇ ਦੇਸ਼ਾਂ ਦਾ ਪਾਕਿਸਤਾਨ ਪ੍ਰਤੀ ਅਜਿਹਾ ਪ੍ਰਭਾਵ ਬਣ ਗਿਆ ਹੈ। ਅਮਰੀਕਾ, ਜੋ ਕਦੀ ਪਾਕਿਸਤਾਨ ਨਾਲ ਲੰਮੇ ਸਮੇਂ ਤੋਂ ਸਹਿਯੋਗ ਕਰਦਾ ਆ ਰਿਹਾ ਹੈ, ਵੀ ਇਸ ਦੇ ਪੂਰੀ ਤਰ੍ਹਾਂ ਖਿਲਾਫ਼ ਹੋ ਚੁੱਕਾ ਹੈ। ਚੀਨ ਨੇ ਵੀ ਕਦੇ ਇਸ ਨਾਲ ਦੋਸਤੀ ਦਾ ਦਮ ਭਰਿਆ ਪਰ ਜਿਸ ਤਰ੍ਹਾਂ ਦਾ ਰਵੱਈਆ ਹੁਣ ਉਸ ਦਾ ਭਾਰਤ ਵੱਲ ਵਿਖਾਈ ਦੇ ਰਿਹਾ ਹੈ ਅਤੇ ਪਿਛਲੇ ਦਿਨੀਂ ਦੋਵਾਂ ਦੇਸ਼ਾਂ ਦੇ ਮੁਖੀਆਂ ਨੇ ਕੌਮਾਂਤਰੀ ਅੱਤਵਾਦ ਨਾਲ ਲੜਨ ਦਾ ਜਿਸ ਤਰ੍ਹਾਂ ਅਹਿਦ ਕੀਤਾ ਹੈ, ਉਸ ਤੋਂ ਜਾਪਦਾ ਹੈ ਕਿ ਆਉਂਦੇ ਸਮੇਂ ਵਿਚ ਉਸ ਦਾ ਨੇੜਲਾ ਸਾਥੀ ਚੀਨ ਵੀ ਉਸ ਤੋਂ ਦੂਰੀ ਬਣਾਉਣ ਵਿਚ ਹੀ ਆਪਣੀ ਬਿਹਤਰੀ ਸਮਝੇਗਾ।
ਇਸਲਾਮਿਕ ਸਟੇਟ ਦੇ ਅੱਤਵਾਦੀ ਅਤੇ ਤਾਲਿਬਾਨ ਕਿਸੇ ਵੀ ਸੂਰਤ ਵਿਚ ਅਫ਼ਗਾਨਿਸਤਾਨ ਵਿਚ ਸ਼ਾਂਤੀ ਨਹੀਂ ਹੋਣ ਦੇਣੀ ਚਾਹੁੰਦੇ। ਇਥੇ ਆਉਂਦੇ ਸਾਲ ਵਿਚ ਚੋਣਾਂ ਹੋ ਰਹੀਆਂ ਹਨ ਪਰ ਇਨ੍ਹਾਂ ਅੱਤਵਾਦੀ ਸੰਗਠਨਾਂ ਨੇ ਦੇਸ਼ ਵਿਚ ਪਰਜਾਤੰਤਰੀ ਪ੍ਰਕਿਰਿਆ ਨਾ ਚੱਲਣ ਦੇਣ ਦੀ ਸਹੁੰ ਖਾਧੀ ਹੋਈ ਹੈ। ਇਸੇ ਲਈ ਹੁਣ ਤੱਕ ਵੋਟਾਂ ਬਣਾਉਣ ਲਈ ਬਣੇ ਅਨੇਕਾਂ ਹੀ ਕੇਂਦਰਾਂ 'ਤੇ ਹਮਲੇ ਕੀਤੇ ਗਏ ਹਨ, ਜਿਸ ਵਿਚ ਦਰਜਨਾਂ ਹੀ ਲੋਕ ਮਾਰੇ ਗਏ ਹਨ। ਅਪ੍ਰੈਲ ਦੇ ਮਹੀਨੇ ਵਿਚ ਕਾਬਲ ਵਿਚ ਵੋਟਰ ਰਜਿਸਟ੍ਰੇਸ਼ਨ ਕੇਂਦਰ 'ਤੇ ਅੱਤਵਾਦੀ ਹਮਲਾ ਕੀਤਾ ਗਿਆ, ਜਿਸ ਵਿਚ ਔਰਤਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਸੰਗਠਨ ਗੱਜ-ਵੱਜ ਕੇ ਅਜਿਹੇ ਐਲਾਨ ਕਰਦੇ ਹਨ ਕਿ ਉਹ ਕਿਸੇ ਵੀ ਸੂਰਤ ਵਿਚ ਦੇਸ਼ ਵਿਚ ਵੋਟਾਂ ਨਹੀਂ ਪੈਣ ਦੇਣਗੇ। ਲੋਕਾਂ ਨੇ ਇਥੇ ਤਾਲਿਬਾਨ ਦੀ ਹਕੂਮਤ ਦਾ ਸਵਾਦ ਚੱਖਿਆ ਹੈ, ਜਿਸ ਵਿਚ ਉਨ੍ਹਾਂ ਸਾਰੇ ਕਾਇਦੇ-ਕਾਨੂੰਨਾਂ ਅਤੇ ਸ਼ਹਿਰੀ ਆਜ਼ਾਦੀਆਂ ਨੂੰ ਛਿੱਕੇ ਟੰਗ ਕੇ ਅਖੌਤੀ ਸ਼ਰੀਅਤ ਦੇ ਕਾਨੂੰਨ ਲਾਗੂ ਕੀਤੇ ਸਨ ਅਤੇ ਉਸ ਸਮੇਂ ਸ਼ਰੇਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ। ਕਿਸੇ ਵੀ ਦਿਨ-ਤਿਉਹਾਰ 'ਤੇ ਇਹ ਕਿਸੇ ਵੀ ਥਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਇਸੇ ਸਾਲ ਮਾਰਚ ਦੇ ਮਹੀਨੇ ਵਿਚ ਸ਼ੀਆ ਮਸਜਿਦ ਨੇੜੇ ਨਵਰੋਜ਼ ਦੇ ਤਿਓਹਾਰ ਮੌਕੇ 33 ਲੋਕਾਂ, ਜਿਨ੍ਹਾਂ ਵਿਚ ਬੱਚੇ ਵੀ ਸ਼ਾਮਿਲ ਸਨ, ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਅੱਤਵਾਦੀਆਂ ਦਾ ਮੁੱਖ ਨਿਸ਼ਾਨਾ ਸ਼ੀਆ ਮਸਜਿਦ ਸੀ। ਜਿਥੋਂ ਤੱਕ ਪਹੁੰਚਣ ਲਈ ਇਹ ਆਤਮਘਾਤੀ ਸਫ਼ਲ ਨਾ ਹੋ ਸਕੇ, ਜਿਸ ਕਾਰਨ ਉਨ੍ਹਾਂ ਨੇ ਮਸਜਿਦ ਤੋਂ ਥੋੜ੍ਹਾ ਉਰੇ ਹੀ ਧਮਾਕਾ ਕੀਤਾ, ਜਿਸ ਕਾਰਨ ਹੋਰਨਾਂ ਲੋਕਾਂ ਦਾ ਵੀ ਖੂਨ ਡੁੱਲ੍ਹਿਆ।
ਹੈਰਾਨੀ ਇਸ ਗੱਲ ਦੀ ਹੈ ਕਿ ਅੱਜ ਦੁਨੀਆ ਭਰ ਦੇ ਦੇਸ਼ ਇਸ ਅੱਤਵਾਦ ਦੇ ਜ਼ਹਿਰੀਲੇ ਨਾਗ ਨੂੰ ਕੁਚਲਣ ਦੇ ਯਤਨ ਵਿਚ ਹਨ। ਪਰ ਇਹ ਫਿਰ ਵੀ ਕਿਤੇ ਨਾ ਕਿਤੇ ਆਪਣਾ ਫਨ ਚੁੱਕ ਲੈਂਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਪੂਰੀ ਵਾਹ ਲਾਉਣ ਦੇ ਬਾਵਜੂਦ ਇਨ੍ਹਾਂ ਦਾ ਜ਼ੋਰ ਘਟਦਾ ਨਜ਼ਰ ਨਹੀਂ ਆ ਰਿਹਾ। ਪਾਕਿਸਤਾਨ ਵੀ ਆਪਣੇ ਬਣੇ ਜਾਲ ਵਿਚ ਇਸ ਕਦਰ ਫਸ ਚੁੱਕਾ ਹੈ ਕਿ ਉਸ 'ਚੋਂ ਉਸ ਨੂੰ ਨਿਕਲਣ ਦਾ ਰਾਹ ਦਿਖਾਈ ਨਹੀਂ ਦੇ ਰਿਹਾ। ਉਥੋਂ ਦੀ ਫ਼ੌਜ ਅਤੇ ਅਦਾਲਤਾਂ ਨੇ ਵੀ ਲੋਕਤੰਤਰੀ ਪ੍ਰਕਿਰਿਆ ਨੂੰ ਮਧੋਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਅਫ਼ਗਾਨਿਸਤਾਨ ਦੇ ਨਾਂਅ 'ਤੇ ਪਾਕਿਸਤਾਨ ਵਿਚ ਅੱਤਵਾਦੀਆਂ ਦੇ ਜਮਾਵੜੇ ਕਾਰਨ ਉਹ ਵੀ ਬਾਰੂਦ ਦੇ ਢੇਰ 'ਤੇ ਬੈਠਾ ਦਿਖਾਈ ਦੇ ਰਿਹਾ ਹੈ। ਕਿਉਂਕਿ ਲੋਕਾਂ 'ਤੇ ਪ੍ਰਭਾਵ ਪਾਉਣ ਵਾਲੇ ਉਥੋਂ ਦੇ ਵੱਡੇ ਆਗੂਆਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਆਪਣੀਆਂ ਸਰਗਰਮੀਆਂ ਕਰਨ ਤੋਂ ਰੋਕ ਦਿੱਤਾ ਗਿਆ ਹੈ। ਅਜਿਹੀ ਸੂਰਤ ਵਿਚ ਭਾਰਤ ਵਰਗੇ ਦੇਸ਼ ਲਈ ਵੱਡੀ ਚਿੰਤਾ ਬਣੀ ਹੋਈ ਹੈ। ਕਸ਼ਮੀਰ ਨੂੰ ਹਥਿਆਉਣ ਦੇ ਨਾਂਅ 'ਤੇ ਪਾਕਿਸਤਾਨ ਬੇਹੱਦ ਖ਼ਤਰਨਾਕ ਖੇਡ ਖੇਡ ਰਿਹਾ ਹੈ, ਜਿਸ ਦਾ ਅਖੀਰ ਵਿਚ ਖਮਿਆਜ਼ਾ ਉਸ ਨੂੰ ਵੀ ਭੁਗਤਣਾ ਪੈ ਸਕਦਾ ਹੈ ਪਰ ਭਾਰਤ ਵਰਗੇ ਦੇਸ਼ ਦਾ ਵੀ ਇਸ ਹਾਲਤ ਵਿਚ ਬੇਹੱਦ ਨੁਕਸਾਨ ਹੋ ਸਕਦਾ ਹੈ। ਭਾਰਤ ਦੀ ਸਰਕਾਰ ਨੇ ਆਪਣੇ ਗੁਆਂਢੀ ਅਤੇ ਹੋਰ ਵੱਡੇ ਦੇਸ਼ਾਂ ਨੂੰ ਅਜਿਹੀਆਂ ਸਥਿਤੀਆਂ ਬਾਰੇ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਪ੍ਰੇਰਤ ਕਰਨ ਦਾ ਲਗਾਤਾਰ ਯਤਨ ਕੀਤਾ ਹੈ। ਪਰ ਆਪਣੇ ਇਨ੍ਹਾਂ ਯਤਨਾਂ ਵਿਚ ਉਹ ਕਿੰਨਾ ਕੁ ਕਾਮਯਾਬ ਹੁੰਦਾ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ। ਪਰ ਹਾਲ ਦੀ ਘੜੀ ਇਸ ਖੇਤਰ ਵਿਚ ਬਣ ਰਹੇ ਹਾਲਾਤ ਦੁਨੀਆ ਦੇ ਵੱਡੇ ਹਿੱਸੇ ਲਈ ਚਿੰਤਾ ਦਾ ਕਾਰਨ ਬਣੇ ਹੋਏ ਹਨ, ਜਿਨ੍ਹਾਂ ਦਾ ਹੱਲ ਲੱਭ ਸਕਣਾ ਹਾਲੇ ਮੁਸ਼ਕਿਲ ਜਾਪਦਾ ਹੈ।


-ਬਰਜਿੰਦਰ ਸਿੰਘ ਹਮਦਰਦ