ਕਿੱਥੇ ਰੱਖ ਲਵਾਂ ਲੁਕੋ ਕੇ ਤੈਨੂੰ ਧੀਏ
dhie.pngkes.jpgਕਈ ਦਿਨਾਂ ਤੋਂ ਕਠੂਆ ਨੇੜਲੇ ਇਕ ਪਿੰਡ ਦੀ ਮਾਸੂਮ ਲੜਕੀ ਨਾਲ ਵਾਪਰੀ ਹਿਰਦੇਵੇਦਕ ਘਟਨਾ ਨੇ ਦਿਲੋ-ਦਿਮਾਗ ਨੂੰ ਸੁੰਨ ਕਰ ਰੱਖਿਆ ਹੈ। ਜਿਸ ਕਿਸੇ ਨਾਲ ਵੀ ਫੋਨ 'ਤੇ ਗੱਲ ਕਰਦੇ ਹਾਂ ਇਸ ਘਿਨਾਉਣੀ ਹਰਕਤ 'ਤੇ ਸ਼ਰਮਸਾਰ ਮਹਿਸੂਸ ਕਰਦੇ ਲੋਕ ਕਿਸੇ ਹੋਰ ਮੁੱਦੇ 'ਤੇ ਗੱਲ ਹੀ ਨਹੀਂ ਕਰ ਪਾਉਂਦੇ। ਪਾਪ ਤਾਂ ਮਨੁੱਖ ਪਲ-ਪਲ ਕਰ ਰਿਹਾ ਹੈ ਪਰ ਕੋਈ ਵਿਰਲਾ ਉਸ ਨੂੰ ਅਜਿਹੇ ਢੰਗ ਨਾਲ ਅੰਜਾਮ ਦਿੰਦਾ ਹੈ ਤਾਂ ਉਹ ਗੰਭੀਰ ਅਪਰਾਧ ਬਣ ਜਾਂਦਾ ਹੈ। ਕਿਸੇ ਤੋਂ ਬਦਲਾ ਲੈਣ ਦਾ ਕਿਹੋ ਜਿਹਾ ਤਰੀਕਾ ਹੋਣਾ ਚਾਹੀਦਾ ਹੈ? ਕਿਸੇ ਨੂੰ ਸਮਝਾਉਣ ਜਾਂ ਆਪਣੀ ਗੱਲ ਮਨਾਉਣ ਲਈ ਕੀ ਕਰਨਾ ਚਾਹੀਦਾ ਹੈ? ਪਿੱਠ ਪਿੱਛੇ ਵਾਰ? ਨਿਹੱਥੇ ਉੱਤੇ ਵਾਰ? ਕੀ ਇਹੀ ਮਰਦਾਨਗੀ ਹੁੰਦੀ ਹੈ ਭਲਾ? ਇਸ ਨੂੰ ਬਹਾਦਰੀ ਦਾ ਮੈਡਲ ਤਾਂ ਨਹੀਂ ਪਾਇਆ ਜਾ ਸਕਦਾ।

ਹਾਂ! ਮਰਦ ਕੋਲ ਤਾਂ ਇਹ ਵਧੀਆ ਹਥਿਆਰ ਹੈ। ਔਰਤ ਉੱਤੇ ਵਾਰ ਕਰਨ ਦਾ। ਫਿਰ ਔਰਤ ਦੀ ਕੀ ਮਜਾਲ ਕਿ ਆਦਮੀ ਨਾਲ ਪੰਗਾ ਲੈਣਾ ਬਾਰੇ ਸੋਚੇ। ਸ਼ਾਇਦ ਇਸੇ ਵਜ੍ਹਾ ਕਰ ਕੇ ਲੋਕ ਡਰਦੇ ਨੇ ਕੁੜੀ ਜੰਮਣ ਤੋਂ। ਐਵੇਂ ਦੁਹਾਈਆਂ ਪਾਈਆਂ ਜਾ ਰਹੀਆਂ ਨੇ ਕੁੜੀਆਂ ਬਚਾਓ। ਹਾਂ! ਕੁੜੀਆਂ ਬਚਾਓ! ਵਹਿਸ਼ੀਆਂ ਤੋਂ। ਪਾਪੀਆਂ ਤੋਂ। ਜੋ ਦੁਰਕਰਮ ਕਰਨ ਲੱਗਿਆਂ ਪਲ ਭਰ ਵੀ ਨਹੀਂ ਸੋਚਦੇ। ਨਾਅਰੇ ਲਗਾਉਣੇ ਨੇ ਤਾਂ ਮੁੰਡਿਆਂ ਨੂੰ ਮੁਖ਼ਾਤਿਬ ਹੋ ਕੇ ਲਾਓ। ਉਏ ਸ਼ਰਮ ਕਰਿਓ ਭੋਰਾ ਕਿਸੇ ਮਾਸੂਮ ਉੱਤੇ ਟੁੱਟ ਪੈਣ ਤੋਂ ਪਹਿਲਾਂ। ਔਰਤ ਕਦੋਂ ਸੁਰੱਖਿਅਤ ਸੀ? ਹੈ ਜਾਂ ਹੋਵੇਗੀ? ਕੋਈ ਹੈ ਜਵਾਬ? ਵਧੀਆ ਤਰੀਕਾ ਹੈ ਔਰਤ ਨੂੰ ਨੀਵਾਂ ਦਿਖਾਉਣ ਦਾ। ਦੁਰ-ਫਿੱਟੇ ਮੂੰਹ ਅਜਿਹੇ ਇਨਸਾਨ ਦੇ। ਇਨਸਾਨ ਕਹਾਉਣ ਦੇ ਹੱਕਦਾਰ ਹੀ ਨਹੀਂ ਅਜਿਹੇ ਲੋਕ। ਇਨਸਾਨੀਅਤ ਹੋਵੇ ਅੰਦਰ ਤਾਂ ਮਾਸੂਮਾਂ ਸ਼ਿਕਾਰ ਬਣਨ! ਟੱਕਰ ਲੈਣ ਲਈ ਘੱਟੋ-ਘੱਟ ਆਪਣੇ ਬਰੋਬਰ ਦਾ ਤਾਂ ਚੁਣੋ। ਇਹ ਕੀ ਹੋਇਆ ਕਿ ਔਰਤ ਨੂੰ ਸ਼ਿਕਾਰ ਬਣਾਓ। ਦਹਿਸ਼ਤ ਫੈਲਾਓ। ਇਥੇ ਤਾਂ ਔਰਤ ਵੀ ਨਹੀਂ ਮਾਸੂਮ ਜੇਹੀ ਜਿੰਦ ਸੀ।
ਦਸ-ਬਾਰਾਂ ਸਾਲ ਦੀ ਕੁੜੀ ਨੂੰ ਕੰਨਿਆ ਆਖਦੇ ਹਾਂ। ਕੰਜਕਾਂ ਬਿਠਾਉਦੇ ਹਾਂ। ਕਾਹਦੇ ਲਈ ਪੂਜਦੇ ਹਾਂ ਇਨ੍ਹਾਂ ਕੰਨਿਆਵਾਂ ਨੂੰ? ਇਸੇ ਲਈ ਕਿ ਤੂੰ ਬੇਸ਼ੱਕ ਕੰਨਿਆ ਹੈ ਪਰ ਹੈਂ ਤਾਂ ਔਰਤ। ਉਹ ਔਰਤ ਜਿਸ ਨੂੰ ਕਈ ਅਖੌਤੀ ਮਰਦ ਤ੍ਰਿਸ਼ਨਾ ਮਿਟਾਉਣ ਦਾ ਸਾਧਨ ਹੀ ਸਮਝਦੇ ਹਨ। ਦਸ ਸਾਲ ਤੱਕ ਦੀਆਂ ਛੋਟੀਆਂ ਬੱਚੀਆਂ ਨਾਲ ਏਨਾ ਮਾੜਾ ਵਰਤਾਰਾ ਕਰਦਿਆਂ ਆਤਮਾ ਮਰ ਕਿਉਂ ਜਾਂਦੀ ਹੈ? ਉਂਜ ਵੀ ਇਹੋ ਜੇਹੀਆਂ ਹਰਕਤਾਂ ਆਤਮਾ ਮਾਰ ਕੇ ਹੀ ਹੋ ਸਕਦੀਆਂ ਨੇ।
ਇਹ ਕੋਈ ਪਹਿਲੀ ਘਟਨਾ ਨਹੀਂ ਹੋਈ ਕਿ ਕੋਈ ਮਾਸੂਮ ਜਬਰ ਜਨਾਹ ਦਾ ਸ਼ਿਕਾਰ ਹੋਈ ਪਰ ਇਸ ਦੇ ਕਈ ਹੋਰ ਪਹਿਲੂਆਂ ਨੇ ਕੋਮਲ ਹਿਰਦਿਆਂ ਉੱਪਰ ਗਹਿਰੀ ਸੱਟ ਮਾਰੀ ਹੈ। ਬਲਾਤਕਾਰ ਉਹ ਵੀ ਮੰਦਿਰ ਵਰਗੀ ਪੂਜਨੀਕ ਜਗ੍ਹਾ 'ਤੇ, ਸੋਚਣਾ ਵੀ ਮੁਸ਼ਕਿਲ ਹੈ। ਇਸ ਘਟਨਾ ਨੂੰ ਹਿੰਦੂ ਮੁਸਲਿਮ ਦੇ ਨਜ਼ਰੀਏ ਤੋਂ ਦੇਖਣਾ। ਬਦਲੇ ਦੀ ਭਾਵਨਾ। ਗਲਾ ਘੁੱਟ ਕੇ ਮਾਰਨ ਤੋਂ ਬਾਅਦ ਵੀ ਪੱਥਰਾਂ ਨਾਲ ਮਾਰਨਾ। ਪੱਥਰਾਂ ਨਾਲ ਮਾਰਨਾ ਵਰਗੀ ਘਟਨਾ ਨੂੰ ਨਿਰਭੱਯਾ ਕਾਂਡ ਨਾਲ ਮੇਚ ਕੇ ਵੇਖਿਆ ਜਾ ਸਕਦਾ ਹੈ। ਜਿਨ੍ਹਾਂ ਨੇ ਉਸ ਦੇ ਅੰਦਰੂਨੀ ਅੰਗਾਂ ਵੀ ਨੂੰ ਨਹੀਂ ਬਖ਼ਸ਼ਿਆ। ਪਰ ਇਸ ਕਾਰਜ ਦੇ ਪਿਛੋਕੜ ਵਿਚ ਪਹਿਲਾਂ ਤੋਂ ਨਿਰਧਾਰਿਤ ਕੋਈ ਗਿਣੀ ਮਿਥੀ ਸਾਜ਼ਿਸ਼ ਨਹੀਂ ਸੀ। ਉਹ ਤਾਂ ਰਾਹ ਜਾਂਦੀ ਸ਼ਿਕਾਰ ਹੋ ਗਈ। ਨਿਰਭੈ ਨੂੰ ਆਖਦੇ ਸੀ ਕਿ ਉਹ ਅਣਜਾਣ ਮੁੰਡੇ ਨਾਲ ਫਿਲਮ ਦੇਖਣ ਘਰੋਂ ਕਿਉਂ ਗਈ। ਕਿਉਂਕਿ ਜ਼ਮਾਨਾ ਖਰਾਬ ਹੈ। ਮੁੰਡਿਆਂ ਦਾ ਹੈ। ਕੁੜੀਆਂ ਨੂੰ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ ਉਹ ਵੀ ਰਾਤ ਨੂੰ ਖ਼ਾਸ ਕਰ ਕੇ। ਹੁਣ ਕਠੂਆ ਵਾਲੀ ਮਾਸੂਮ ਨੂੰ ਕੀ ਆਖੋਗੇ? ਕੀ ਉਸ ਨੂੰ ਦਿਨ ਵਕਤ ਵੀ ਬਾਹਰ ਨਹੀਂ ਨਿਕਲਣਾ ਚਾਹੀਦਾ ਸੀ? ਕੀ ਕੁੜੀਆਂ ਨੂੰ ਘਰ ਦੀ ਚਾਰਦੀਵਾਰੀ ਵਿਚ ਰਹਿਣਾ ਚਾਹੀਦਾ ਹੈ, ਪਰ ਹੁਣ ਤਾਂ ਇਹ ਵੇਲਾ ਵੀ ਬਦਲ ਗਿਆ। ਔਰਤ ਘਰ ਵਿਚ ਆਪਣੇ ਹੀ ਨਜ਼ਦੀਕੀ ਰਿਸ਼ਤਿਆਂ ਹੱਥੋਂ ਦੁਸ਼ਵਾਰ ਹੋ ਰਹੀ ਹੈ। ਆਖਰ ਕਿਥੇ ਰੈਣ-ਬਸੇਰਾ ਦਿਉਗੇ ਔਰਤ ਨੂੰ? ਜਿੱਥੇ ਉਹ ਆਪਣੀ ਸਰੀਰਿਕ ਹਿਫਾਜ਼ਤ ਕਰ ਸਕੇ।
ਦੋਸ਼ੀਆਂ ਵਿਚ ਦੋ ਨਬਾਲਗ। ਕੀ ਹੁਣ ਕਾਨੂੰਨ ਇਹ ਆਖੇਗਾ ਕਿ ਉਹ ਨਬਾਲਗ ਨੇ ਉਨ੍ਹਾਂ ਨੂੰ ਸਜ਼ਾ ਨਹੀਂ ਮਿਲ ਸਕਦੀ। ਜਦੋਂ ਉਹ ਕੁਕਰਮ ਕਰਦੇ ਸੀ ਉਦੋਂ ਬਾਲਗਾਂ ਵਾਲੀ ਅਕਲ ਕਿਥੋਂ ਆ ਜਾਂਦੀ ਹੈ। ਨਿਰਭੈ ਦੇ ਅੰਦਰਲੇ ਅੰਗਾਂ ਨਾਲ ਛੇੜਖਾਨੀਆਂ ਕਰਨ ਵਾਲਾ ਵੀ ਨਬਾਲਗ ਹੀ ਸੀ।
ਕਾਨੂੰਨ ਵਿਚ ਸੋਧ ਕਰਨ ਦੀ ਜ਼ਰੂਰਤ ਹੈ। ਹੁਣ ਜਦ ਨਬਾਲਗ ਦੁਸ਼ਕਰਮਾਂ 'ਤੇ ਉੱਤਰ ਆਏ ਹਨ ਤਾਂ ਕਾਨੂੰਨ ਬਦਲ ਲੈਣੇ ਚਾਹੀਦੇ ਹਨ। ਮੁੰਡਿਆਂ ਲਈ ਬਾਲਗ ਹੋਣ ਦੀ ਉਮਰ ਇੱਕੀ ਦੀ ਥਾਂ ਸਤਾਰਾਂ ਹੋਵੇ। ਇਕ ਤਾਂ ਉਹ ਬਾਹਰ ਆਪਣੀ ਤ੍ਰਿਸ਼ਨਾ ਪੂਰੀ ਕਰਨ ਲਈ ਮਾਸੂਮਾਂ ਨੂੰ ਸ਼ਿਕਾਰ ਕਰਨ ਦੀ ਥਾਂ ਵਿਆਹ ਕਰਵਾ ਸਕਣ। ਦੂਜਾ ਉਨ੍ਹਾਂ ਨੂੰ ਸਜ਼ਾ ਦੇਣ ਲੱਗਿਆਂ ਬਹੁਤਾ ਵਕਤ ਨਾ ਲੱਗੇ। ਅਜਿਹੇ ਮਾਮਲਿਆਂ ਦੀ ਦਿਨਾਂ ਵਿਚ ਛਾਣ-ਬੀਣ ਹੋਣੀ ਚਾਹੀਦੀ ਹੈ। ਅਪਰਾਧੀ ਨੂੰ ਫ਼ਾਂਸੀ ਦਿੱਤੀ ਜਾਣੀ ਚਾਹੀਦੀ ਤਾਂ ਕਿ ਅੱਗੋਂ ਕਿਸੇ ਨੂੰ ਅਜਿਹਾ ਘਿਨਾਉਣਾ ਕਾਰਨਾਮਾ ਕਰਨ ਲੱਗਿਆਂ ਆਪਣੀ ਮੌਤ ਵੀ ਦਿਸੇ। ਸਰਕਾਰਾਂ ਨੂੰ ਕਿਸੇ ਵੀ ਲੋਕਾਂ ਦਾ ਸਾਥ ਨਹੀਂ ਦੇਣਾ ਚਾਹੀਦਾ। ਚਾਹੇ ਉਹ ਤੁਹਾਡੇ ਪਾਰਟੀ ਦੇ ਹੋਣ।
ਜੇ ਬੇਟੀਆਂ ਬਚਾਉਣ ਦੀ ਗੱਲ ਕਰਦੇ ਹੋ ਤਾਂ ਪਹਿਲਾਂ ਉਨ੍ਹਾਂ ਨੂੰ ਦਰਿੰਦਿਆਂ ਦੇ ਪੰਜਿਆਂ ਵਿਚ ਜਾਣ ਤੋਂ ਬਚਾਉਣ ਲਈ ਕੋਈ ਠੋਸ ਕਾਨੂੰਨ ਬਣਾਉ। ਜਬਰ ਜਨਾਹ ਕਰਨ ਤੋਂ ਪਹਿਲਾਂ ਕਿਸੇ ਦੀ ਰੂਹ ਕੰਬੇ। ਧੀਆਂ ਦੇ ਦੁੱਖ ਕੀ ਹਨ? ਉਨ੍ਹਾਂ ਅਭਾਗੇ ਮਾਪਿਆਂ ਨੂੰ ਪੁੱਛਿਓ ਜ਼ਰਾ ਜਿਨ੍ਹਾਂ ਦੀਆਂ ਧੀਆਂ ਨਾਲ ਇਹ ਕੁਝ ਵਾਪਰਦਾ। ਉੱਤੋਂ ਇਨਸਾਫ਼ ਲਈ ਰੁਲਣਾ ਪੈਂਦਾ ਹੈ। ਸਮਾਜ ਵੀ ਇਨ੍ਹਾਂ ਨੂੰ ਕਿਸ ਨਜ਼ਰ ਨਾਲ ਵੇਖਦਾ ਹੈ, ਇਸ ਬਾਰੇ ਕਿਸੇ ਨੂੰ ਦੱਸਣ-ਪੁੱਛਣ ਦੀ ਲੋੜ ਨਹੀਂ।
ਲੇਖ ਲਿਖਦਿਆਂ ਮਨ ਨੇ ਦੁਹਾਈ ਦਿੱਤੀ ਕਿ ਲਿਖਣ ਵਾਲਾ ਕੁੜੀਆਂ ਦੇ ਐਨੇ ਮਾੜੇ ਲੇਖ ਕਿਵੇਂ ਲਿਖ ਸਕਦਾ ਹੈ?


-ਪਿੰਡ ਘਟਿਆਂ ਵਾਲੀ ਜੱਟਾਂ, ਜ਼ਿਲ੍ਹਾ ਫਾਜ਼ਿਲਕਾ
This e-mail address is being protected from spam bots, you need JavaScript enabled to view it