.....ਰਘਵੀਰ ਵੜੈਚ .....
vraich.jpgਫੇਰ ਚੜ੍ਹਨਾ ਚੰਦਰਾ ਪੋਹ ਦਾ ਮਹੀਨਾ,
ਫੇਰ ਯਾਦ ਆਉਣੀ ਉਹੀ ਰਾਤ ਚੰਦਰੀ।
ਨਗਰ ਅਨੰਦਪੁਰ ਸੀ ਹੋ ਗਿਆ ਸੁੰਨਾ,
ਕੈਸੀ ਚੜ੍ਹੀ ਸੀ ਓਹ ਪਰਭਾਤ ਚੰਦਰੀ।

ਹੋਣੀ ਡਾਹਢੀ ਨੇ ਸੀ ਖੇਡ ਰਚਾਇਆ,
ਚਾਹੁੰਦੀ ਪਰਖਣਾ ਸੀ ਕਰਤਾਰ ਚੰਦਰੀ।
ਸਰਸਾ ਨਦੀ 'ਚ ਐਸਾ ਤੂਫ਼ਾਨ ਆਇਆ,
ਕਰ ਗਈ ਖੇਰੂੰ ਖੇਰੂੰ ਪਰਿਵਾਰ ਚੰਦਰੀ।

ਵੱਡੇ ਬਾਲਾਂ , ਸਿੰਘਾਂ ਦੀ ਦੇਖ ਸ਼ਹੀਦੀ,
ਕੰਬ ਉੱਠੀ ਚਮਕੌਰ ਦੀ ਤਕਦੀਰ ਚੰਦਰੀ।
ਯੋਧਿਆਂ ਦੀਆਂ ਲਾਸ਼ਾਂ ਦੇਖ ਨੰਗੀਆਂ,
ਸਰੀ ਨਾ ਵਕਤ ਕੋਲੋਂ ਇੱਕ ਲੀਰ ਚੰਦਰੀ।

ਦਾਦੀ ਨਾਲ ਜਾਂਦੇ ਸਾਹਿਬਜ਼ਾਦਿਆਂ ਤੇ,
ਰੱਖੀ ਸੀ ਸਮੇਂ ਨੇ ਕੈਸੀ ਤਾਕ ਚੰਦਰੀ।
ਮਿਲਾ ਦਿੱਤਾ ਕਾਫਲੇ ਨਾਲ ਝੱਟ ਗੰਗੂ,
ਰੱਖੀ ਹੋਈ ਸੀ ਚੰਦਰੇ ਨੇ ਝਾਕ ਚੰਦਰੀ।

ਲੂਣ ਹਰਾਮੀ ਦਾ ਦਾਗ ਲਗਵਾ ਉਸਨੇ,
ਕਰ ਮੁਖਬਰੀ ਕੀਤੀ ਸੀ ਬਾਤ ਚੰਦਰੀ।
ਠੰਡੇ ਬੁਰਜ 'ਚ ਹੋਈਆਂ ਸੀ ਕੈਦ ਜਿੰਦਾ,
ਰਹਿਮ ਕਰੇ ਨਾ ਜ਼ਾਲਮ ਦੀ ਜ਼ਾਤ ਚੰਦਰੀ।

ਦਾਦੀ ਸੁਣਾਵੇ ਸਾਖੀਆਂ ਸ਼ਹੀਦਾਂ ਦੀਆਂ,
ਦੱਸੇ "ਬੁਜ਼ਦਿਲ ਦੀ ਹੁੰਦੀ ਔਕਾਤ ਚੰਦਰੀ"।
ਈਨ ਮੰਨੀ ਨ ਗੋਬਿੰਦ ਦੇ ਫਰਜੰਦਾਂ ਨੇ,
ਗੱਜ ਠੁਕਰਾਈ ਸੂਬੇ ਦੀ ਸੌਗਾਤ ਚੰਦਰੀ।

ਸੂਬੇ ਦੇਖ ਤੇਵਰ ਕੋਮਲ ਕਲੀਆਂ ਦੇ,
ਕਹੇ ਕਾਜ਼ੀ ਨੂੰ ਚੱਲ ਕੋਈ ਚਾਲ ਚੰਦਰੀ।
ਨਵਾਬ ਮਲੇਰਕੋਟਲੇ ਨੇ ਸੀ ਵਰਜ਼ਿਆ ਸੂਬਾ,
ਓਏ "ਹੁੰਦੀ ਮਾੜੀ ਈਰਖਾ ਦੀ ਢਾਲ ਚੰਦਰੀ"।

ਸੁੱਚਾ ਬੋਲਿਆ,"ਪੁੱਤ ਸੱਪਾਂ ਦੇ ਹੋਣ ਸਪੋਲੀਏ",
ਮੱਚੀ ਕਿਉਂ ਨਾ ਉਸਦੀ ਜ਼ੁਬਾਨ ਚੰਦਰੀ।
ਫਤਵਾ ਸੁਣਾ ਕਹੇ ਵਿੱਚ ਦੀਵਾਰ ਚਿਣ ਦੋ,
ਕਾਫਰ ਕਾਜ਼ੀ ਦੀ ਚੱਲ ਪਈ ਦੁਕਾਨ ਚੰਦਰੀ।

ਦੁਹੱਥੜੇ ਮਾਰ ਰੋਈਆਂ ਮੁਗਲ ਪਠਾਣੀਆਂ,
ਕਹਿਣ ਉਸਾਰੋ ਨਾ ਜ਼ਾਲਮੋ ਦੀਵਾਰ ਚੰਦਰੀ।
ਬਚਾ ਲਵੋ ਖੁਦ ਨੂੰ ਬੱਦ ਦੁਆਵਾਂ ਤੋਂ,
ਸਹਿ ਹੋਣੀ ਨਾ ਸਮੇਂ ਦੀ ਮਾਰ ਚੰਦਰੀ।

ਦੋ ਫਰਿਸ਼ਤੇ ਵਿੱਚ ਦੀਵਾਰ ਅਲੋਪ ਹੋਏ,                   
"ਵੜੈਚ" ਹਾਰੀ ਆਦਮ ਦੀ ਜ਼ਾਤ ਚੰਦਰੀ।
ਹਾਰ ਗਈ ਸੀ ਆਦਮ ਦੀ ਜ਼ਾਤ ਚੰਦਰੀ।

ਬੰਦਾ ਸਿੰਘ ਬਹਾਦਰ ਨੇ ਫੇਰ ਕਰ ਹਮਲਾ,
ਨੇਸਤੋ ਨਾਬੂਦ ਕੀਤੀ ਸੂਬੇ ਦੀ ਠਾਠ ਚੰਦਰੀ।
ਨਰਕਾਂ ਵਿੱਚ ਵੀ ਸੂਬਾ ਕੁਰਲਾਹਟ ਪਾਵੇ,
ਮਿਲਣੀ ਨਾ ਹੁਣ ਜਿਉਣ ਦੀ ਦਾਤ ਚੰਦਰੀ।

ਰੱਬੀ ਤਾਕਤਾਂ ਨਾਲ ਮੱਥਾ ਸੀ ਜੋੜ ਬੈਠਾ,
ਸੂਬਾ ਭੁੱਲ ਬੈਠਾ ਸੀ ਆਪਣੀ ਔਕਾਤ ਚੰਦਰੀ।
ਕਿਸ਼ਤਾਂ 'ਚ ਗੁਰੂ ਸਾਹਿਬ ਕਰਜ਼ ਉਤਾਰ ਗਏ,
ਟੁਕੜੇ ਟੁਕੜੇ ਹੋਈ ਜ਼ਾਲਮ ਦੀ ਜ਼ਾਤ ਚੰਦਰੀ।

                               ਰਘਵੀਰ ਵੜੈਚ
                              +919914316868