ਅੱਜ ਮਾਂ ਦਿਵਸ 'ਤੇ ਵਿਸ਼ੇਸ਼.... ਸਦਾ ਰਹਿਣ ਵਸਦੀਆਂ ਮਾਵਾਂ

ਇਸ ਸਿ੍ਸ਼ਟੀ ਦੀ ਸਿਰਜਣਹਾਰ ਮਾਂ ਹੈ | ਉਸ ਦੇ ਪੈਰਾਂ ਵਿਚ ਸਵਰਗ ਹੈ | ਪਰਮਾਤਮਾ ਤੋਂ ਉਤਰ ਕੇ ਅਸੀਂ ਮਾਂ ਦੇ ਕਰਜ਼ਦਾਰ ਹਾਂ, ਪਹਿਲਾਂ ਜ਼ਿੰਦਗੀ ਦੇਣ ਲਈ ਅਤੇ ਫਿਰ ਜ਼ਿੰਦਗੀ ਜਿਊਣ ਦੇ ਸਮਰੱਥ ਬਣਾਉਣ ਲਈ | ਮਾਵਾਂ ਕਹਿੰਦੇ ਨੇ ਰੱਬ ਨੇ ਇਸ ਕਰਕੇ ਬਣਾਈਆਂ ਸਨ ਕਿਉਂਕਿ ਉਹ ਹਰ ਥਾਂ ਹਾਜ਼ਰ ਨਹੀਂ ਹੋ ਸਕਦਾ | ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਮਾਂ ਦੀ ਪੂਜਾ ਹੀ ਰੱਬ ਦੀ ਪੂਜਾ ਹੈ ਤੇ ਰੱਬ ਦਾ ਦੂਜਾ ਨਾਂਅ ਮਾਂ ਹੀ ਹੁੰਦਾ ਹੈ | ਸੰਸਾਰ ਦਾ ਇਕੋ ਵਿਧੀ-ਵਿਧਾਨ ਹਰ ਥਾਂ ਲਾਗੂ ਹੈ ਕਿ ਮਹਾਨ ਲੋਕਾਂ ਨੂੰ ਸਲਾਮ ਕਰਨ ਤੋਂ ਪਹਿਲਾਂ ਸਿਆਣੇ ਲੋਕ ਮਾਂ ਦੀ ਉਸ ਕੁੱਖ ਨੂੰ ਸਲਾਮ ਕਰਦੇ ਹਨ ਜਿਸ ਤੋਂ ਉਸ ਨੇ ਜਨਮ ਲਿਆ ਹੁੰਦਾ ਹੈ | ਦੁਨੀਆਂ ਦੇ ਵਿਹੜੇ ਵਿਚ ਰੌਣਕਾਂ ਮਾਵਾਂ ਨੇ ਹੀ ਲਗਾਈਆਂ ਹਨ | ਮਾਂ ਦੀ ਸਿਫਤ ਵਿਚ ਗੁਰਮਤਿ ਦਾ ਸਾਰਾ ਫਲਸਫਾ ਇਹੋ ਕਹਿੰਦਾ ਹੈ ਕਿ ਮਾਂ ਦੇ ਦੁੱਧ ਦੀ ਲਾਜ ਰੱਖਣਾ ਮਨੁੱਖ ਦਾ ਪਹਿਲਾ ਕਰਤੱਵ ਹੈ ਤੇ ਇਸ ਨਾਲ ਇਨਸਾਨ, ਇਨਸਾਨ ਬਣਿਆ ਰਹਿ ਸਕਦਾ ਹੈ | ਗਲਤੀ ਤੁਸੀਂ ਕਰੋਗੇ ਦੁਖੀ ਮਾਂ ਹੋਵੇਗੀ |

ਨੈਪੋਲੀਅਨ ਨੇ ਕਿਹਾ ਸੀ, 'ਮੈਨੂੰ ਚੰਗੀਆਂ ਮਾਵਾਂ ਦਿਓ ਮੈਂ ਤੁਹਾਨੂੰ ਬਹਾਦਰ ਸਿਪਾਹੀ ਦਿਆਂਗਾ |' ਉਹ ਜੰਗ ਦੇ ਮੈਦਾਨ ਵਿਚ ਵੀ ਆਪਣੀ ਮਹਿਬੂਬਾ ਜਸੋਫਿਨ ਨੂੰ ਘੋੜੇ ਦੀ ਕਾਠੀ 'ਤੇ ਬਹਿ ਕੇ ਰੋਜ਼ਾਨਾ ਇਕ ਖਤ ਲਿਖਦਾ ਸੀ ਪਰ ਉਸਦੀ ਆਖਰੀ ਸਤਰ ਹੁੰਦੀ ਸੀ, 'ਮੈਂ ਤੇਰੀਆਂ ਨਜ਼ਰਾਂ ਵਿਚ ਇਕ ਚੰਗਾ ਪ੍ਰੇਮੀ ਹੋ ਸਕਦਾ ਹਾਂ ਪਰ ਮੇਰੀ ਮਾਂ ਦੀਆਂ ਨਜ਼ਰਾਂ ਵਿਚ ਮੈਂ ਇਕ ਬਹਾਦਰ ਮਰਦ ਹਾਂ |' ਉਹਨੇ ਜਦੋਂ ਵੀ ਮੈਨੂੰ ਜੰਗ ਦੇ ਮੈਦਾਨ ਵੱਲ ਤੋਰਿਆ ਸ਼ਗਨਾਂ ਨਾਲ ਤੋਰਿਆ ਤੇ ਮੇਰੀਆਂ ਜਿੱਤਾਂ ਦਾ ਸਿਹਰਾ ਉਸ ਦੇ ਸਿਰ ਹੈ | ਇਸੇ ਲਈ ਮਹਾਨ ਨੈਪੋਲੀਅਨ ਨਹੀਂ, ਮੇਰੀ ਮਾਂ ਹੈ | ਰਵਿੰਦਰ ਨਾਥ ਟੈਗੋਰ ਨੇ ਕਿਹਾ ਸੀ, 'ਮੈਂ ਬੋਹੜਾਂ ਦੀਆਂ ਛਾਵਾਂ ਨਾ ਵੀ ਮਾਣੀਆਂ ਹੋਣ, ਮੇਰੀ ਮਾਂ ਦਾ ਅਸ਼ੀਰਵਾਦ ਇਨ੍ਹਾਂ ਛਾਵਾਂ ਨਾਲੋਂ ਕਿਤੇ ਸੰਘਣਾ ਹੈ | ' ਪ੍ਰੋ. ਮੋਹਨ ਸਿੰਘ ਨੇ:
ਮਾਂ ਵਰਗਾ ਘਣਛਾਵਾਂ ਬੂਟਾ,
ਮੈਨੂੰ ਜੱਗ 'ਤੇ ਨਜ਼ਰ ਨਾ ਆਏ
ਜਿਸ ਤੋਂ ਲੈ ਕੇ ਛਾਂ ਉਧਾਰੀ,
ਰੱਬ ਨੇ ਸਵਰਗ ਬਣਾਏ..
ਨਾਲ ਆਪਣੀ ਜ਼ਿੰਦਗੀ ਦੀ ਸਾਰੀ ਪ੍ਰਾਪਤੀ ਮਾਂ ਦੀ ਝੋਲੀ ਵਿਚ ਪਾ ਦਿੱਤੀ ਸੀ |
ਜਿਨ੍ਹਾਂ ਨੂੰ ਮਾਂ ਦੇ ਪਿਆਰ ਦੀ ਛਾਵੇਂ ਬੈਠਣ ਦਾ ਮੌਕਾ ਜ਼ਿੰਦਗੀ ਭਰ ਮਿਲ ਜਾਵੇ ਉਹ ਰੱਜ ਕੇ ਖੁਸ਼ਕਿਸਮਤ ਹਨ ਤੇ ਉਨ੍ਹਾਂ ਨੂੰ ਸਵਰਗ ਦੀ ਕਲਪਨਾ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਜ਼ਿੰਦਗੀ ਦਾ ਸਵਰਗ ਉਨ੍ਹਾਂ ਨੇ ਵੇਖ ਲਿਆ ਹੁੰਦਾ ਹੈ | ਜਿਨ੍ਹਾਂ ਘਰਾਂ ਵਿਚ ਮਾਂ ਦਾ ਬੁੱਢਾ ਚਿਹਰਾ ਵੀ ਗੁਲਾਬ ਵਾਂਗ ਖਿੜਿਆ ਰਹਿੰਦਾ ਹੈ ਉਥੇ ਕੁਝ ਵੀ ਨਾ ਹੋਵੇ ਤਾਂ ਵੀ ਸਭ ਕੁਝ ਹੁੰਦਾ ਹੈ, ਉਥੇ ਸੁੱਕੀ ਰੋਟੀ ਵੀ ਪਰੌਾਠਿਆਂ ਵਰਗੀ ਲਗਦੀ ਹੈ, ਤੇ ਜਿਥੇ ਮਾਂ ਉਦਾਸ ਹੈ, ਉਥੇ ਕਲੇਸ਼ ਝਗੜਾ ਮੁੱਕ ਹੀ ਨਹੀਂ ਸਕਦਾ |
ਮਾਂ ਦੀ ਕੁੱਖ ਦੀ ਸਹੁੰ ਧਰਮ ਤੋਂ ਵੱਡੀ ਹੈ | ਇਸ ਕੁੱਖ ਦੀ ਲਾਜ ਰੱਖਣ ਲਈ ਸਰਹੱਦ 'ਤੇ ਲੜਦਾ ਫੌਜੀ ਵੀ ਆਪਾ ਵਾਰਨ ਲਈ ਤਿਆਰ ਹੋ ਜਾਂਦਾ ਹੈ | ਮਾਂ ਦਾ ਦੁੱਧ ਤੇ ਮਾਂ ਦੀ ਕੁੱਖ ਦੁਨੀਆਂ ਵਿਚ ਸਭ ਤੋਂ ਅਹਿਮ ਹੈ | ਜਿਹੜੀਆਂ ਮਾਵਾਂ ਬਦਲ ਕੇ ਦੁਨਿਆਵੀ ਘਟਨਾਕ੍ਰਮ ਵਿਚ ਗੋਦ ਲਿਟਾ ਕੇ ਬੱਚੇ ਨੂੰ ਦੁੱਧ ਚੁੰਘਾਉਣ ਤੋਂ ਮੁਨਕਰ ਹਨ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੁੱਤਰ ਫਿਰ 'ਬੁੜ੍ਹੀ' ਕਹਿਣ ਤੋਂ ਝਿਜਕੇਗਾ ਨਹੀਂ | ਜਿਹੜੇ ਮਰਦ ਆਪਣੀਆਂ ਪਤਨੀਆਂ ਦੀ ਮੁਹੱਬਤ 'ਚ ਲੱਟੂ ਹੋ ਕੇ ਮਾਵਾਂ ਨੂੰ ਦੁਰਕਾਰਦੇ ਹਨ, ਉਨ੍ਹਾਂ ਨੂੰ ਫਿਰ ਉਨ੍ਹਾਂ ਦੀ ਔਲਾਦ ਠੇਡੇ ਖਾਣ ਲਈ ਗਿੱਠ-ਮੁਠੀਏ ਬਣਾ ਦਿੰਦੀ ਹੈ |
ਮਾਂ ਤੇ ਧੀ ਦਾ ਇਕ ਪਰਦਾ ਹੀ ਨਹੀਂ ਸਗੋਂ ਮਾਵਾਂ ਧੀਆਂ ਸਹੇਲੀਆਂ ਵੀ ਹੁੰਦੀਆਂ ਹਨ | ਉਨ੍ਹਾਂ ਦਾ ਦੁੱਖ-ਸੁੱਖ ਸਾਂਝਾ ਹੁੰਦਾ ਹੈ | ਮਾਂ ਪਿਆਰ ਪੁੱਤ ਨੂੰ ਕਰਦੀ ਹੈ, ਕਲਾਵੇ 'ਚ ਧੀ ਨੂੰ ਘੁੱਟਦੀ ਹੈ | ਪੁੱਤਾਂ ਦੀਆਂ ਦੁਰਕਾਰੀਆਂ ਮਾਵਾਂ ਨੂੰ ਜਿਨ੍ਹਾਂ ਧੀਆਂ ਨੇ ਢੋਈ ਦਿੱਤੀ ਹੈ, ਉਥੇ ਤੰਦਰੁਸਤੀ ਤੇ ਖੁਸ਼ਹਾਲੀ 'ਕੱਠੀਆਂ ਰਹਿੰਦੀਆਂ ਹਨ | ਉਨ੍ਹਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੀਆਂ ਮਾਵਾਂ ਖੇਲ੍ਹਣ-ਮੱਲਣ ਦੀ ਉਮਰੇ ਤੁਰ ਗਈਆਂ | ਸਾਰੀ ਉਮਰ ਧੀ ਦਾ ਪੱਲਾ ਅੱਥਰੂਆਂ ਨਾਲ ਹੀ ਗਿੱਲਾ ਰਹਿੰਦਾ ਹੈ | ਕਿਉਂਕਿ ਮਾਂ ਉਸ ਨੂੰ ਸਹੁਰੇ ਵਸਣ ਜੋਗੀ ਮੱਤ ਦਿੰਦੀ ਹੈ ਤੇ ਜਿਹੜੀਆਂ ਧੀਆਂ ਨੂੰ ਮਾਵਾਂ ਇਹ ਮੱਤ ਨਹੀਂ ਦੇ ਸਕਦੀਆਂ ਉਨ੍ਹਾਂ ਨੂੰ ਮੱਤ ਮਹਿੰਗੀ ਬਹੁਤ ਮਿਲੀ ਹੈ | ਜਿਨ੍ਹਾਂ ਘਰਾਂ ਦੇ ਬੂਹੇ ਖੁੱਲ੍ਹੇ ਹਨ, ਜਿਨ੍ਹਾਂ ਘਰਾਂ ਵਿਚ ਮਾਂ ਦੇ ਝੁਰੜੀਆਂ ਭਰੇ ਚਿਹਰੇ 'ਤੇ ਰੌਣਕ ਹੈ, ਜਿਥੇ ਮਾਂ ਦੀ ਮਮਤਾ ਦੁਪਹਿਰ ਖਿੜੀ ਵਾਂਗ ਹੱਸਦੀ ਹੈ, ਜਿਥੇ ਔਲਾਦ ਮਾਂ ਦੇ ਗੋਡੇ ਨਾਲ ਲੱਗ ਕੇ ਹਰ ਸੁੱਖ ਸਾਂਝਾ ਕਰਨਾ ਚਾਹੁੰਦੀ ਹੈ, ਉਸ ਘਰ ਵਿਚ ਕਿਸੇ ਦੇਵੀ-ਦੇਵਤੇ ਦੀ ਪੂਜਾ ਕਰਨ ਦੀ ਲੋੜ ਨਹੀਂ ਰਹਿੰਦੀ ਤੇ ਨਾ ਹੀ ਵੱਡੀਆਂ ਵੱਡੀਆਂ ਪਵਿੱਤਰ ਤਸਵੀਰਾਂ ਕੰਧਾਂ 'ਤੇ ਲਟਕਾਉਣ ਦੀ ਲੋੜ ਹੁੰਦੀ ਹੈ, ਕਿਉਂਕਿ ਉਥੇ ਤਾਂ ਮਾਂ ਦੇ ਰੂਪ ਵਿਚ ਰੱਬ ਹਰ ਵੇਲੇ ਵਸਦਾ ਹੈ |
ਵਿਧਵਾ ਹੋਣ ਦੀ ਸੂਰਤ ਵਿਚ ਮਾਂ ਬੱਚਿਆਂ ਲਈ ਪਿਓ ਵਾਲਾ ਖਲਾਅ ਭਰਨ ਲਈ ਸੰਘਰਸ਼ ਕਰਦੀ ਹੈ | ਉਹ ਮਾਂ ਹੁੰਦਿਆਂ ਵੀ ਬਾਪ ਹੁੰਦੀ ਹੈ | ਇਹ ਉਦਾਹਰਣ ਨਹੀਂ, ਹਕੀਕਤ ਹੈ ਕਿ ਜਿਹੜੇ ਪਰਿਵਾਰ ਜਾਂ ਬੱਚੇ ਮਾਵਾਂ ਨੇ ਇਕੱਲਿਆਂ ਰਹਿ ਕੇ ਪਾਲੇ ਹਨ, ਉਹ ਲਾਇਕ, ਇਮਾਨਦਾਰ ਸਿਆਣੇ ਵੱਧ ਬਣੇ ਹਨ ਤੇ ਤਰੱਕੀ ਦੀ ਹਰ ਦਹਿਲੀਜ਼ 'ਤੇ ਸਫਲਤਾ ਨਾਲ ਚੜ੍ਹੇ ਹਨ | ਉਦਾਸ ਬੀਆਬਾਨ ਤੇ ਉਜੜੇ ਘਰਾਂ ਵਿਚ ਜਿਹੜੇ ਲੋਕ ਰੌਣਕ ਪਰਤ ਆਉਣ ਦੀ ਉਡੀਕ ਵਿਚ ਹਨ ਤਾਂ ਵੇਖ ਲੈਣ ਕਿ 'ਕਿਤੇ ਘਰ 'ਚ ਮਾਂ ਉਦਾਸ ਤਾਂ ਨਹੀਂ?' ਪਹਿਲਾਂ ਦੀਵੇ ਥੱਲਿਓਾ ਨੇਰ੍ਹ ਤਾਂ ਕੱਢੋ | ਸੱਚੀਂ ਜੇ ਮਾਵਾਂ ਨੂੰ ਹਾਲੇ ਸਤਿਕਾਰ ਨਹੀਂ ਦਿੱਤਾ ਤਾਂ ਹੋਰ ਦੇਰੀ ਨਾ ਕਰੀਏ, ਜੇ ਮਾਵਾਂ ਦੇ ਪਿਆਰ ਦਾ ਰੰਗ ਨਹੀਂ ਚੜਿ੍ਹਆ ਤਾਂ ਫਿਰ ਵਕਤ ਨਾ ਗੁਆਈਏ | ਜੇ ਅਜਿਹਾ ਕਰ ਲਵਾਂਗੇ ਤਾਂ ਸੰਕਟਾਂ ਦੀ ਫੈਲਦੀ ਧੁੰਦ ਮਾਂ ਦੇ ਅਸ਼ੀਰਵਾਦ ਨਾਲ ਮਘਦੇ ਸੂਰਜ ਅੱਗਿਓਾ ਆਪਣੇ ਆਪ ਹਟ ਜਾਵੇਗੀ |

This e-mail address is being protected from spam bots, you need JavaScript enabled to view it