ਚੜ੍ਹਦੇ-ਲਹਿੰਦੇ ਤੋਂ ਵੱਖਰਾ ਇਕ ਹੋਰ ਪੰਜਾਬ

ਪੰਜਾਬ ਦੀ ਧਰਤੀ ਪੰਜਾਂ ਦਰਿਆਵਾਂ ਦੇ ਨਾਂਅ ਨਾਲ ਜਾਣੀ ਜਾਂਦੀ ਹੈ | ਬੇਪਰਵਾਹ ਸਮੇਂ ਨੇਂ ਜਦ ਇਸ ਜਰਖੇਜ਼ ਧਰਤੀ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਤਾਂ ਧਰਤੀ 'ਤੇ ਚੜ੍ਹਦੇ ਅਤੇ ਲਹਿੰਦੇ ਦੋ ਪੰਜਾਬ ਹੋਂਦ ਵਿਚ ਆ ਗਏ | ਇਸ ਤੋਂ ਬਾਅਦ ਇਸ ਧਰਤੀ ਦੇ ਬਾਸ਼ਿੰਦੇ ਸਾਰੀ ਦੁਨੀਆ ਵਿਚ ਪਰਵਾਸ ਦੇ ਰਾਹ ਪੈ ਗਏ ਅਤੇ ਜਿੱਥੇ ਵੀ ਗਏ ਪੰਜਾਬ ਦੀ ਖੁਸ਼ਬੂ ਅਤੇ ਅਹਿਸਾਸ ਆਪਣੇ ਨਾਲ ਲੈ ਗਏ | ਇਸ ਧਰਤੀ ਦੀ ਤਾਸੀਰ ਕੁਝ ਅਜਿਹੀ ਹੈ ਕਿ ਇਸ ਦੇ ਪੁੱਤਰ-ਧੀਆਂ ਹੋਣ ਦਾ ਅਹਿਸਾਸ ਹੀ ਬੇਹੱਦ ਮਾਣਮੱਤਾ ਹੈ | ਇਸ ਦੇ ਜਾਏ ਜਿੱਥੇ ਵੀ ਗਏ ਹਨ, ਆਪਣੇ ਆਪ ਨੂੰ 'ਪੰਜਾਬੀ' ਅਖਵਾਉਣ 'ਚ ਮਾਣ ਮਹਿਸੂਸ ਕਰਦੇ ਹਨ ਅਤੇ ਦੁਨੀਆ ਦੇ ਅਨੇਕਾਂ ਮੁਲਕਾਂ ਵਿਚ ਛੋਟੇ-ਛੋਟੇ ਪੰਜਾਬ ਉਸਾਰ ਕੇ ਬੈਠੇ ਹਨ |
.

ਜਿੱਥੋਂ ਤੱਕ ਧਰਤੀ ਦੇ ਕਿਸੇ ਖਿੱਤੇ ਦਾ ਅਧਿਕਾਰਤ ਨਾਂਅ 'ਪੰਜਾਬ' ਹੋਣ ਦਾ ਸਬੰਧ ਹੈ ਤਾਂ ਸਾਡੇ ਮਨਾਂ ਵਿਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਹੀ ਤਸੱਵਰ ਮੌਜੂਦ ਹੈ, ਪਰ ਇਹ ਹਕੀਕਤ ਨਹੀਂ ਹੈ | ਇਸ ਪੰਜਾਬ ਤੋਂ ਹਜ਼ਾਰਾਂ ਕੋਹ ਦੂਰ ਧਰਤੀ ਦਾ ਇਕ ਹੋਰ ਖਿੱਤਾ ਹੈ, ਜਿਸ ਦਾ ਅਧਿਕਾਰਤ ਨਾਂਅ ਵੀ ਪੰਜਾਬ ਹੈ | ਜੀ ਹਾਂ, ਇਹ ਸੱਚ ਹੈ | ਇਹ ਖਿੱਤਾ ਧੁਰ ਉੱਤਰ ਆਸਟ੍ਰੇਲੀਆ ਦੇ ਦੋ ਰਾਜਾਂ ਕੁਈਨਜ਼ਲੈਂਡ ਅਤੇ ਨਾਰਦਨ ਟੈਰੇਟਰੀ ਦੀ ਸਾਂਝੀ ਹੱਦ 'ਤੇ ਮੌਜੂਦ ਹੈ, ਜਿਸ ਦਾ ਰਕਬਾ ਕਰੀਬ 450 ਵਰਗ ਮੀਲ ਵਿਚ ਫੈਲਿਆ ਹੈ | ਇਸ ਖਿੱਤੇ ਨੂੰ ਕੈਟਲ ਫੀਲਡ ਭਾਵ ਪਸ਼ੂ ਚਰਾਉਣ ਵਾਲੀਆਂ ਵਿਸ਼ਾਲ ਚਾਰਗਾਹਾਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ | ਸਭ ਤੋਂ ਵੱਧ ਦਿਲਚਸਪ ਤੱਥ ਇਹ ਹੈ ਕਿ ਇਥੇ ਅਜੇ ਤੱਕ ਵੀ ਪੰਜਾਬੀ ਭਾਈਚਾਰੇ ਦਾ ਕੋਈ ਖਾਸ ਵਸੇਬਾ ਨਹੀਂ ਹੈ | ਤਾਂ ਫਿਰ ਇਸ ਖਿੱਤੇ ਦਾ ਅਧਿਕਾਰਤ ਨਾਂਅ ਪੰਜਾਬ ਕਿਵੇਂ ਪਿਆ? ਦਰਅਸਲ ਜਿਨ੍ਹਾਂ ਲੋਕਾਂ ਨੇਂ ਇਸ ਦਾ ਨਾਂਅ ਅਧਿਕਾਰਤ ਤੌਰ 'ਤੇ 'ਪੰਜਾਬ' ਰੱਖਿਆ, ਉਹ ਖੁਦ ਵੀ ਪੰਜਾਬੀ ਨਸਲ ਵਿਚੋਂ ਨਹੀਂ ਸਨ, ਪਰ ਪੰਜਾਬ ਦੀ ਧਰਤੀ ਨਾਲ ਉਨ੍ਹਾਂ ਦਾ ਗੂੜ੍ਹਾ ਲਗਾਅ ਸੀ | ਆਖਰ ਕੌਣ ਸਨ ਉਹ ਲੋਕ ? ਇਸ ਸਭ ਪਿੱਛੇ ਇਕ ਦਿਲਚਸਪ ਕਹਾਣੀ ਹੈ |
ਦਰਅਸਲ ਆਸਟ੍ਰੇਲੀਆ ਇਕ ਬੇਹੱਦ ਵਿਸ਼ਾਲ ਟਾਪੂ ਹੈ, ਜਿਸ 'ਤੇ ਆਧੁਨਿਕ ਮਨੁੱਖੀ ਸੱਭਿਅਤਾ ਦੇ ਵਸੇਬੇ ਦਾ ਇਤਿਹਾਸ ਬਹੁਤ ਜ਼ਿਆਦਾ ਪੁਰਾਣਾ ਨਹੀਂ ਹੈ | ਹਜ਼ਾਰਾਂ ਸਾਲਾਂ ਤੱਕ ਇਹ ਧਰਤੀ ਇਥੋਂ ਦੇ ਜੱਦੀ ਵਸਨੀਕ ਕਬੀਲਿਆਂ ਦੀ ਮਲਕੀਅਤ ਰਹੀ, ਜਿਨ੍ਹਾਂ ਦਾ ਬਾਹਰੀ ਦੁਨੀਆ ਨਾਲ ਕੋਈ ਸਬੰਧ ਨਹੀਂ ਸੀ | ਕਰੀਬ ਸਤ੍ਹਾਰਵੀਂ ਸਦੀ ਵਿਚ ਪਹਿਲੀ ਵਾਰ ਯੂਰਪੀਨ ਲੋਕਾਂ ਨੇ ਇਥੇ ਪੈਰ ਪਾਏ | ਗੁਜ਼ਰੀਆਂ ਸਦੀਆਂ ਦੀ ਸਭ ਤੋਂ ਵੱਡੀ ਰਾਜਨੀਤਕ ਤਾਕਤ ਬਰਤਾਨਵੀ ਸ਼ਾਹੀ ਘਰਾਣੇ ਨੇ ਧਰਤੀ ਦੇ ਵੱਖ-ਵੱਖ ਹਿੱਸਿਆਂ ਨੂੰ ਕਬਜ਼ੇ ਵਿਚ ਲੈਣ ਦੀ ਆਪਣੀ ਲਾਲਸਾ ਦੇ ਅਧੀਨ ਏਧਰ ਵੀ ਰੁਖ ਕਰ ਲਿਆ | ਹੌਲੀ-ਹੌਲੀ ਜੱਦੀ ਵਸਨੀਕ ਗੁਲਾਮ ਹੋਏ ਅਤੇ ਯੂਰਪੀਨ ਕਾਬਜ਼ ਹੋਣੇ ਸ਼ੁਰੂ ਹੋ ਗਏ | ਇਸ ਦੇ ਨਾਲ ਹੀ ਇਸ ਵਿਸ਼ਾਲ ਦੇਸ਼ ਦੇ ਵੱਖ-ਵੱਖ ਖਿੱਤਿਆਂ ਦੇ ਨਾਵਾਂ ਦਾ ਨਵੀਨੀਕਰਨ ਸ਼ੁਰੂ ਹੋ ਗਿਆ | ਇਸ ਦੌਰ ਵਿਚ ਬਹੁਤ ਸਾਰੇ ਬਰਤਾਨਵੀ ਕਾਰੋਬਾਰੀਆਂ ਅਤੇ ਅਫ਼ਸਰਾਂ ਨੇ ਵੱਖ-ਵੱਖ ਥਾਵਾਂ 'ਤੇ ਹਜ਼ਾਰਾਂ ਏਕੜ ਜ਼ਮੀਨ ਖਰੀਦੀ ਅਤੇ ਆਪਣੀ ਮਰਜ਼ੀ ਮੁਤਾਬਕ ਇਨ੍ਹਾਂ ਖਿੱਤਿਆਂ ਨੂੰ ਨਵੇਂ ਨਾਵਾਂ ਹੇਠ ਰਜਿਸਟਰ ਕਰਵਾਉਣਾ ਸ਼ੁਰੂ ਕੀਤਾ | ਇਸੇ ਸਮੇਂ ਦੌਰਾਨ 1877 ਵਿਚ ਵਿਕਟੋਰੀਆ ਸਟੇਟ ਦੇ ਵੂਲਵਾ ਇਲਾਕੇ ਤੋਂ ਕੁਈਨਜ਼ਲੈਂਡ ਆ ਕੇ ਵਸੇ ਸਿਡਨੀ ਗਰੈਂਡਸਨ ਵਾਟਸਨ ਨਾਂਅ ਦੇ ਇਕ ਬਰਤਾਨਵੀ ਵਲੋਂ ਇਸ ਖਿੱਤੇ ਦਾ ਨਾਂਅ 'ਪੰਜਾਬ' ਰਜਿਸਟਰ ਕਰਵਾਇਆ ਗਿਆ |
ਦਰਅਸਲ ਸਿਡਨੀਂ ਵਾਟਸਨ ਦਾ ਜਨਮ ਬਰਤਾਨਵੀ ਕਬਜ਼ੇ ਹੇਠਲੇ ਭਾਰਤ ਅੰਦਰ ਕਲਕੱਤਾ ਸ਼ਹਿਰ ਵਿਚ 1816 ਨੂੰ ਹੋਇਆ ਸੀ | ਵਾਟਸਨ ਦੇ ਪਿਤਾ ਆਰਕੀਬਾਲਡ ਵਾਟਸਨ ਪੱਛਮੀ ਬੰਗਾਲ ਰੈਜਮੈਂਟ ਵਿਚ ਉੱਚ-ਅਫ਼ਸਰ ਦੇ ਅਹੁਦੇ 'ਤੇ ਤਾਇਨਾਤ ਸਨ ਅਤੇ ਪਰਿਵਾਰ ਸਮੇਤ ਭਾਰਤ ਵਿਚ ਰਹਿੰਦੇ ਸਨ | ਸਿਡਨੀ ਵਾਟਸਨ ਦਾ ਕਰੀਬ 1834 ਵਿਚ ਆਸਟ੍ਰੇਲੀਆ ਆਉਣਾ ਹੋਇਆ | ਪੱਕੇ ਤੌਰ 'ਤੇ ਇਥੇ ਵਸਣ ਤੋਂ ਬਾਅਦ ਉਸ ਨੇਂ ਸਭ ਤੋਂ ਪਹਿਲਾਂ ਵੂਲਵਾ ਇਲਾਕਾ ਵਸਾਇਆ | ਇਸ ਤੋਂ ਕਈ ਸਾਲਾਂ ਬਾਅਦ ਵਾਟਸਨ ਅੱਲੜ੍ਹ ਉਮਰ ਦੇ ਆਪਣੇ ਤਿੰਨ ਬੱਚਿਆਂ ਅਤੇ ਪਤਨੀ ਨਾਲ ਗਰੇਗਰੀ ਸ਼ਹਿਰ ਵੱਲ ਆ ਗਿਆ | ਇਹ ਸ਼ਹਿਰ ਗਰੇਗਰੀ ਨਦੀ ਦੇ ਕੰਢੇ ਹੈ | ਇਥੇ ਉਸ ਨੇ ਦੋ ਵਿਸ਼ਾਲ ਖਿੱਤਿਆਂ ਨੂੰ ਲੀਜ਼ 'ਤੇ ਲਿਆ ਅਤੇ ਜਨਤਕ ਜ਼ਮੀਨਾਂ ਵਾਲੇ ਮਹਿਕਮੇ ਵਿਚ ਪੰਜਾਬ ਨੰ: 1 ਅਤੇ ਪੰਜਾਬ ਨੰ: 2 ਦੇ ਨਾਵਾਂ ਹੇਠ ਰਜਿਸਟਰ ਕਰਨ ਲਈ ਅਰਜ਼ੀ ਦਾਇਰ ਕੀਤੀ, ਜੋ ਪ੍ਰਵਾਨ ਕਰ ਲਈ ਗਈ | ਇਹ ਅਰਜ਼ੀ ਅਜੇ ਤੀਕ ਵੀ ਰਿਕਾਰਡ ਵਿਚ ਸਾਂਭੀ ਪਈ ਹੈ | ਇਹ ਨਾਂਅ ਉਸ ਦੇ ਭਾਰਤ ਵਿਚ ਜੰਮੇ-ਪਲੇ ਹੋਣ ਕਰਕੇ ਉਸ ਦੇ ਚੇਤਿਆਂ ਵਿਚ ਸੀ |
ਦਿਲਚਸਪ ਹੈ ਕਿ ਜਿਸ ਸਮੇਂ 1834 ਵਿਚ ਵਾਟਸਨ ਆਸਟ੍ਰੇਲੀਆ ਆਇਆ, ਉਸ ਸਮੇਂ ਪੰਜਾਬ ਅੰਗਰੇਜ਼ ਸਰਕਾਰ ਦਾ ਗੁਲਾਮ ਨਹੀਂ ਸੀ, ਬਲਕਿ ਇਸ ਧਰਤੀ 'ਤੇ ਉਸ ਸਮੇਂ ਸਿੱਖ ਰਾਜ ਦਾ ਸੂਰਜ ਪੂਰੀ ਤਰ੍ਹਾਂ ਦਗ਼ ਰਿਹਾ ਸੀ | ਸੋ, ਮਾਹਿਰਾਂ ਦੀ ਰਾਇ ਹੈ ਕਿ ਵਾਟਸਨ ਨੇ ਜ਼ਰੂਰ ਆਪਣੇ ਪਿਤਾ ਨਾਲ ਪੰਜਾਬ ਦੀ ਕੋਈ ਅਧਿਕਾਰਤ ਯਾਤਰਾ ਕੀਤੀ ਹੋਵੇਗੀ ਅਤੇ ਇਥੋਂ ਦੇ ਪੌਣ-ਪਾਣੀ ਅਤੇ ਨਦੀਆਂ-ਨਾਲਿਆਂ ਦੇ ਖ਼ੂਬਸੂਰਤ ਦਿ੍ਸ਼ ਉਸ ਦੇ ਚੇਤਿਆਂ ਵਿਚ ਸਮਾ ਗਏ | ਬਾਅਦ ਵਿਚ ਜਦ ਉਹ ਆਸਟ੍ਰੇਲੀਆ ਵਿਚ ਗਰੇਗਰੀ ਨਦੀ ਕਿਨਾਰੇ ਪਹੁੰਚਿਆ ਤਾਂ ਇਹ ਇਲਾਕਾ ਵੀ ਨਦੀਆਂ-ਨਾਲਿਆਂ ਨਾਲ ਭਰਿਆ ਹੋਣ ਕਰਕੇ ਉਸ ਦੇ ਮਨ ਨੂੰ ਭਾਅ ਗਿਆ | ਸੋ, ਉਸ ਨੇ ਇਥੇ ਪਸ਼ੂ ਚਰਾਉਣ ਵਾਲੀਆਂ ਵੱਡੀਆਂ ਚਾਰਗਾਹਾਂ ਬਣਾ ਕੇ ਇਸ ਇਲਾਕੇ ਨੂੰ ਪੰਜਾਬ ਨਾਂਅ ਹੇਠ ਰਜਿਸਟਰ ਕਰਵਾ ਲਿਆ | ਸੋ, ਸ਼ੁਰੂਆਤ ਵਿਚ ਇਸ ਇਲਾਕੇ ਨੂੰ ਪੰਜਾਬ ਨੰਬਰ ਇਕ ਅਤੇ ਦੋ ਨਾਲ ਜਾਣਿਆ ਜਾਂਦਾ ਸੀ ਪਰ ਬਾਅਦ ਵਿਚ ਇਸ ਖਿੱਤੇ ਨੂੰ ਅਧਿਕਾਰਤ ਤੌਰ 'ਤੇ ਰਲਾ ਕੇ ਇਕ ਪੰਜਾਬ ਦਾ ਨਾਂਅ ਦੇ ਦਿੱਤਾ ਗਿਆ | ਕਈ ਦਹਾਕਿਆਂ ਬਾਅਦ ਇਸ ਵਿਚਲੇ ਦਰਿਆਵਾਂ ਕਾਰਨ ਕੁਝ ਇਲਾਕਿਆਂ ਦੇ ਨਾਂਅ ਦੁਆਬ ਅਤੇ ਛੋਟਾ ਦੁਆਬ ਵੀ ਰੱਖੇ ਗਏ | ਸਮੇਂ ਦੇ ਗੇੜ ਨਾਲ ਇਹ ਇਲਾਕਾ ਖੇਤੀ ਲਈ ਵੀ ਉਪਜਾਊ ਬਣ ਗਿਆ |
ਆਸਟ੍ਰੇਲੀਆ ਵਿਚਲੇ ਪੰਜਾਬ ਬਾਰੇ ਕਈ ਪੰਜਾਬੀ ਅਤੇ ਅੰਗਰੇਜ਼ੀ ਰਸਾਲਿਆਂ ਵਿਚ ਆਏ ਜ਼ਿਕਰ ਦੌਰਾਨ ਇਸ ਨੂੰ ਪੰਜਾਂ ਦਰਿਆਵਾਂ ਨਾਲ ਜੋੜ ਕੇ ਵੇਖਿਆ ਗਿਆ ਹੈ ਪਰ ਅਗਿਆਨਤਾ ਵੱਸ ਇਸ ਪੰਜਾਬ ਨਾਲ ਕੁਝ ਅਜਿਹੇ ਦਰਿਆਵਾਂ ਦੇ ਨਾਂਅ ਜੋੜੇ ਗਏ ਹਨ, ਜੋ ਇਥੋਂ ਹਜ਼ਾਰਾਂ ਮੀਲ ਦੂਰ ਵਹਿੰਦੇ ਹਨ | ਜਿਵੇਂ ਕਿ ਲੋਗਾਨ ਨਦੀ ਇਥੋਂ ਬਹੁਤ ਦੂਰ ਵਹਿੰਦੀ ਹੈ ਪਰ ਇਸ ਨੂੰ ਵੀ ਇਸ ਪੰਜਾਬ ਨਾਲ ਜੋੜ ਕੇ ਦਰਸਾਇਆ ਗਿਆ ਹੈ, ਜੋ ਕਿ ਠੀਕ ਤੱਥ ਨਹੀਂ ਹੈ | ਮਾਲਵਾ ਨਾਂਅ ਦੀ ਇਕ ਹੋਰ ਨਦੀ ਵੀ ਇਥੋਂ ਬਹੁਤ ਦੂਰ ਹੈ | ਜੋ ਨਦੀਆਂ ਅਤੇ ਦਰਿਆ ਇਥੇ ਵਹਿੰਦੇ ਹਨ ਉਨ੍ਹਾਂ ਵਿਚ ਗਰੇਗਰੀ, ਬਾਟਲੀ, ਨਿਕਰਸਨ, ਐਲਬਰਟ ਅਤੇ ਆਰਚੀ ਕਰੀਕ ਆਦਿ ਹਨ | ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਛੋਟੀਆਂ ਨਦੀਆਂ ਇਸ ਪੰਜਾਬ ਦਾ ਹਿੱਸਾ ਹਨ | ਇਥੋਂ ਦੀ ਆਬਾਦੀ ਕਾਫੀ ਘੱਟ ਹੈ ਅਤੇ ਇਹ ਇਲਾਕਾ ਸ਼ਹਿਰੀਕਰਨ ਦੀ ਮਾਰ ਤੋਂ ਬਚਿਆ ਹੋਣ ਕਰਕੇ ਕੁਦਰਤੀ ਦਿ੍ਸ਼ਾਂ ਨਾਲ ਭਰਪੂਰ ਹੈ |
ਹੌਲੀ-ਹੌਲੀ ਜਦ ਆਸਟ੍ਰੇਲੀਅਨ ਪੰਜਾਬ ਦੇ ਨਾਂਅ ਬਾਰੇ ਪੰਜਾਬੀਆਂ ਵਿਚ ਚਰਚਾ ਸ਼ੁਰੂ ਹੋਈ ਤਾਂ ਇਸ ਸਬੰਧੀ ਬਹੁਤ ਸਾਰੀਆਂ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ | ਅਕਸਰ ਇਹੀ ਸੋਚਿਆ ਜਾਂਦਾ ਰਿਹਾ ਕਿ ਸ਼ਾਇਦ ਇਥੇ ਪਹੁੰਚੇ ਬਹੁਤ ਪੁਰਾਣੇ ਪੰਜਾਬੀਆਂ ਵਲੋਂ ਇਸ ਇਲਾਕੇ ਨੂੰ ਪੰਜਾਬ ਦਾ ਨਾਂਅ ਦਿੱਤਾ ਗਿਆ ਹੋਵੇਗਾ | ਪਰ ਇਸ ਸਬੰਧ ਵਿਚ ਕੁਈਨਜ਼ਲੈਂਡ ਵਿਚ ਹੀ ਵਸਦੇ ਇਕ ਬਜ਼ੁਰਗ ਖੋਜੀ ਲੇਖਕ ਮਿ: ਲੇਨ ਕੈਨਾ ਅਤੇ ਉਸ ਦੀ ਪਤਨੀ ਵਲੋਂ ਕਾਫੀ ਖੋਜ ਭਰਪੂਰ ਜਾਣਕਾਰੀ ਇਕੱਤਰ ਕੀਤੀ ਗਈ | ਖਾਸ ਤੌਰ 'ਤੇ ਉਨ੍ਹਾਂ ਨੇ ਆਸਟ੍ਰੇਲੀਆ ਵਿਚ ਇਲਾਕਿਆਂ, ਗਲੀਆਂ ਅਤੇ ਸ਼ਹਿਰਾਂ ਲਈ ਵਰਤੇ ਜਾਂਦੇ ਭਾਰਤੀ ਨਾਵਾਂ ਉੱਤੇ ਕਾਫੀ ਖੋਜ ਕੀਤੀ, ਜਿਨ੍ਹਾਂ ਵਿਚ ਪੰਜਾਬ ਨਾਂਅ ਖਾਸ ਥਾਂ ਰੱਖਦਾ ਸੀ | ਇਸ ਤੋਂ ਇਲਾਵਾ ਕੁਈਨਜ਼ਲੈਂਡ ਵਿਚ ਵਸਦੇ ਕੁਦਰਤੀ ਵਸੀਲਿਆਂ ਅਤੇ ਖਾਣਾਂ ਸਬੰਧੀ ਮਹਿਕਮੇ ਵਿਚ ਨੌਕਰੀ ਕਰ ਰਹੇ ਪੰਜਾਬੀ ਗੁਰਵਿੰਦਰ ਸਿੰਘ ਵਲੋੋਂ ਇਸ ਸਬੰਧ ਵਿਚ ਕਾਫੀ ਮਿਹਨਤ ਕਰਕੇ ਸਟੀਕ ਜਾਣਕਾਰੀ ਇਕੱਤਰ ਕੀਤੀ ਗਈ ਅਤੇ ਅਧਿਕਾਰਤ ਦਸਤਾਵੇਜ਼ ਵੀ ਲੱਭੇ ਗਏ, ਜਿਸ ਨਾਲ ਹੱਥਲੀ ਜਾਣਕਾਰੀ ਉਪਲਬਧ ਹੋ ਸਕੀ | -ਵਾਰਸਾ, ਪੋਲੈਂਡ | yadsatkoha#yahoo.com
ਫੋਨ : 0048 516732105