ਮਹਾਨ ਕਲਾਕਾਰ: ਲਿਓਨਾਰਦੋ ਦ ਵਿੰਸੀ ਦੇ ਪੰਜ ਸੌ ਸਾਲ

ਕਲਾ ਜਗਤ ਲਈ ਸਾਲ 2019 ਦੇ ਮਹੱਤਵ ਦੀ ਜੇਕਰ ਗੱਲ ਕਰੀਏ ਤਾਂ ਦੁਨੀਆ ਭਰ ਦੀਆਂ ਕਲਾ ਸੰਸਥਾਵਾਂ ਵਿਚ ਇਸ ਸਾਲ ਨੂੰ ਕੁਝ ਵੱਖਰੇ ਢੰਗ ਨਾਲ ਮਨਾਉਣ ਦੀ ਦੌੜ ਲੱਗੀ ਦਿਸ ਰਹੀ ਹੈ | ਇਕ ਅਜਿਹੇ ਕਲਾਕਾਰ ਨੂੰ ਮੌਤ ਦੇ ਪੰਜ ਸੌ ਸਾਲ ਬਾਅਦ ਵੀ ਪੂਰੀ ਸ਼ਿੱਦਤ ਨਾਲ ਯਾਦ ਕੀਤਾ ਜਾ ਰਿਹਾ ਹੈ, ਜਿਸ ਵਲੋਂ ਬਣਾਏ ਗਏ ਚਿੱਤਰਾਂ ਦੀ ਗਿਣਤੀ ਦੋ ਦਰਜਨ ਦਾ ਅੰਕੜਾ ਵੀ ਪਾਰ ਨਹੀਂ ਕਰ ਪਾ ਰਹੀ ਹੈ ਪਰ ਉਸ ਦੀ ਦੇਣ ਪਿਛਲੇ ਪੰਜ ਸੌ ਸਾਲਾਂ ਵਿਚ ਜ਼ਰਾ ਜਿੰਨੀ ਵੀ ਘਟੀ ਨਹੀਂ, ਬਲਕਿ ਲਗਾਤਾਰ ਵਧੀ ਹੈ | ਸਹੀ ਮਾਅਨਿਆਂ ਵਿਚ 'ਦ ਵਿੰਸੀ ਕਿੰਗ ਆਫ਼ ਦ ਆਰਟ ਹੈ |' ਦ ਵਿੰਸੀ ਦੀਆਂ ਪੇਂਟਿੰਗਜ਼ ਬੜੀ ਮੁਸ਼ਕਿਲ ਨਾਲ ਵੀਹ ਦੇ ਲਗਪਗ ਹਨ, ਪਰ ਉਸ ਦੀ ਇਕ ਕ੍ਰਿਤੀ 'ਮੋਨਾਲੀਜ਼ਾ' ਪੂਰੀ ਦੁਨੀਆ ਵਿਚ ਨਾਰੀ ਸੁੰਦਰਤਾ ਦੇ ਪ੍ਰਤੀਕ ਦੇ ਤੌਰ 'ਤੇ ਦੇਖੀ, ਜਾਣੀ ਜਾਂਦੀ ਹੈ |
ਲਿਓਨਾਰਦੋ ਦ ਵਿੰਸੀ ਅਨੋਖੀ ਪ੍ਰਤਿਭਾ ਦੇ ਧਨੀ ਇਕ ਵਿਲੱਖਣ ਕਲਾਕਾਰ ਸਨ | ਉਨ੍ਹਾਂ ਦਾ ਬਣਾਇਆ ਗਿਆ ਮੋਨਾਲੀਜ਼ਾ ਦਾ ਚਿੱਤਰ, ਦੁਨੀਆ ਭਰ ਵਿਚ ਕਲਾ ਵਿਦਿਆਰਥੀਆਂ ਤੇ ਖੋਜ ਕਰਨ ਵਾਲਿਆਂ ਲਈ ਪਿਛਲੇ ਪੰਜ ਸੌ ਸਾਲਾਂ ਤੋਂ ਡੂੰਘੇ ਅਧਿਐਨ ਦਾ ਵਿਸ਼ਾ ਹੈ | ਆਪਣੇ ਜੀਵਨ ਦੇ ਸ਼ੁਰੂਆਤੀ ਸਮੇਂ ਵਿਚ ਹੀ ਲਿਓਨਾਰਦੋ ਨੇ ਗਣਿਤ, ਵਿਗਿਆਨ ਚਿੱਤਰਕਾਰੀ ਅਤੇ ਸੰਗੀਤ ਤੱਕ ਵਿਚ ਆਪਣੀ ਅਸਧਾਰਨ ਯੋਗਤਾ ਦੀ ਪਛਾਣ ਬਣਾਈ | ਸਿਰਫ਼ 13-14 ਸਾਲਾਂ ਦੀ ਉਮਰ ਵਿਚ ਹੀ ਇਸ ਅੱਲ੍ਹੜ ਨੇ ਆਪਣੀ ਵਿਲੱਖਣ ਪ੍ਰਤਿਭਾ ਨਾਲ ਇਟਲੀ ਨੂੰ ਕਾਇਲ ਕਰ ਦਿੱਤਾ ਸੀ | ਉਦੋਂ ਜਦੋਂ ਉਹ 1466 ਵਿਚ ਫਲੋਰੈਂਸ ਦੇ ਪ੍ਰਸਿੱਧ ਕਲਾਕਾਰ ਵੈਰੋਕੀਓ ਦੇ ਸਾਥ ਨਾਲ ਕਲਾ ਦੀ ਰਸਮੀ ਸਿੱਖਿਆ ਦੀ ਸ਼ੁਰੂਆਤ ਹੀ ਕਰ ਰਹੇ ਸਨ, ਉਦੋਂ ਸ਼ਾਇਦ ਉਹ ਇਸ ਤਰ੍ਹਾਂ ਦੇ ਇਕਲੌਤੇ ਕਲਾਕਾਰ ਵੀ ਸਨ, ਜਿਨ੍ਹਾਂ ਨੇ ਕਲਾ ਅਤੇ ਵਿਗਿਆਨ ਦੋਵਾਂ ਖੇਤਰਾਂ ਵਿਚ ਬਰਾਬਰ ਦੀ ਮੁਹਾਰਤ ਹਾਸਲ ਕਰ ਲਈ ਸੀ |

ਆਪਣੀ ਉਮਰ ਦੇ 30ਵੇਂ ਸਾਲ ਵਿਚ ਮਿਲਾਨ ਦੇ ਡਿਊਕ ਨੂੰ ਲਿਖੀ ਆਪਣੀ ਇਕ ਅਰਜ਼ੀ ਵਿਚ ਉਨ੍ਹਾਂ ਨੇ ਆਪਣੀ ਯੋਗਤਾ ਬਾਰੇ ਲਿਖਦਿਆਂ ਲਿਖਿਆ ਸੀ ਕਿ ਉਹ ਯੁੱਧ ਲਈ ਜਿਥੇ ਪੁਲ, ਬੰਬ, ਤੋਪ ਤੇ ਮਜ਼ਬੂਤ ਵਾਹਨ ਬਣਾ ਸਕਦੇ ਹਨ, ਉਥੇ ਸ਼ਾਂਤੀਕਾਲ ਵਿਚ ਭਵਨ ਨਿਰਮਾਣ ਤੋਂ ਲੈ ਕੇ ਮੂਰਤੀਆਂ ਅਤੇ ਚਿੱਤਰ ਵੀ ਬਣਾ ਸਕਦੇ ਹਨ | ਉਨ੍ਹਾਂ ਦੀਆਂ ਵੱਖ-ਵੱਖ ਨੋਟਬੁਕਾਂ ਵਿਚ ਵਾਹੀਆਂ ਜੋ ਕਿਰਤਾਂ ਮਿਲਦੀਆਂ ਹਨ, ਉਨ੍ਹਾਂ ਵਿਚੋਂ ਹਵਾ ਵਿਚ ਉੱਡਣ ਵਾਲੇ ਆਧੁਨਿਕ ਹੈਲੀਕਾਪਟਰ ਵਰਗੇ ਯੰਤਰ ਜਾਂ ਜਹਾਜ਼ ਦੀ ਵੀ ਕਲਪਨਾ ਮੌਜੂਦ ਹੈ | ਮਨੁੱਖ, ਪਸ਼ੂ ਅਤੇ ਹੋਰ ਜੀਵ-ਜੰਤੂਆਂ ਦੇ ਸਰੀਰ ਦੇ ਅੰਦਰ ਦੇ ਬਨਾਵਟ ਦਾ ਸੂਖ਼ਮ ਤੰਤਰ ਅਧਿਐਨ ਦੇ ਰੇਖਾਂਕਿਤ ਵੀ ਸ਼ਾਮਿਲ ਹੈ | ਹਾਲਾਂਕਿ ਇਕ ਕਲਾਕਾਰ ਦੇ ਨਾਤੇ ਉਨ੍ਹਾਂ ਦੀ ਚਿੱਤਰ ਰਚਨਾ ਸ਼ੈਲੀ ਵਿਚ ਕਦੀ ਕੋਈ ਵਿਸ਼ੇਸ਼ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਪਰ ਉਨ੍ਹਾਂ ਦੇ ਚਿੱਤਰ ਇਸ ਗੱਲ ਦੇ ਸਬੂਤ ਹਨ ਕਿ ਆਪਣੀ ਅਨੋਖੀ ਪ੍ਰਤਿਭਾ ਨਾਲ ਮਨੁੱਖ ਤੇ ਹੋਰ ਪ੍ਰਾਣੀਆਂ ਦੀ ਸਰੀਰਕ ਰਚਨਾ ਤੋਂ ਲੈ ਕੇ ਕੁਦਰਤੀ ਤੇ ਫੁੱਲ-ਬੂਟਿਆਂ ਦੀ ਰਚਨਾ ਜਾਂ ਉਨ੍ਹਾਂ ਦੀ ਬਨਾਵਟ ਤੱਕ ਦਾ ਉਨ੍ਹਾਂ ਨੇ ਬਹੁਤ ਡੂੰਘਾਈ ਨਾਲ ਅਧਿਐਨ ਕੀਤਾ |
ਸਿ੍ਸ਼ਟੀ ਦੀ ਰਚਨਾ ਨੂੰ ਜਾਣਨ, ਸਮਝਣ ਦੇ ਸਾਧਨ ਦੇ ਰੂਪ ਵਿਚ ਉਹ ਅੱਖੀਂ ਦੇਖੇ ਨੂੰ ਸਭ ਤੋਂ ਮਹੱਤਵ ਦਿੰਦੇ ਸਨ | ਉਨ੍ਹਾਂ ਦਾ ਮੰਨਣਾ ਸੀ ਕਿ ਕਲਾਕਾਰ ਸਭ ਤੋਂ ਮਹਾਨ ਵਿਗਿਆਨੀ ਸਿਰਫ਼ ਇਸ ਲਈ ਨਹੀਂ ਹੈ ਕਿ ਉਹ ਕਿਸੇ ਵੀ ਚੀਜ਼ ਦਾ ਡੂੰਘਾਈ ਨਾਲ ਅਧਿਐਨ ਤੇ ਨਿਰੀਖਣ ਕਰ ਸਕਦੇ ਹਨ, ਬਲਕਿ ਉਹ ਦੇਖੀ ਹੋਈ ਚੀਜ਼ ਨੂੰ ਚਿੱਤਰ ਦੇ ਰੂਪ ਵਿਚ ਦਰਸ਼ਕ ਸਾਹਮਣੇ ਵੀ ਲਿਆ ਸਕਦੇ ਹਨ | ਉਨ੍ਹਾਂ ਦੇ ਬਣਾਏ ਚਿੱਤਰਾਂ ਵਿਚੋਂ ਸਭ ਤੋਂ ਵੱਧ ਪ੍ਰਸਿੱਧੀ ਮੋਨਾਲੀਜ਼ਾ ਨਾਮੀ ਕਲਾਕ੍ਰਿਤ ਨੂੰ ਦਿੱਤੀ ਜਾਂਦੀ ਹੈ, ਉਥੇ 'ਆਖ਼ਰੀ ਭੋਜ' ਸਿਰਲੇਖ ਦਾ ਉਨ੍ਹਾਂ ਦਾ ਬਣਾਇਆ ਮਿਲਾਨ ਦੇ ਮਾਰੀਆ ਦੇਲ ਗ੍ਰਾਤਸੀ ਨਾਮੀ ਗਿਰਜਾਘਰ ਦਾ ਕੰਧ ਚਿੱਤਰ ਕਲਾ ਦੀ ਇਕ ਵਧੀਆ ਉਦਾਹਰਨ ਸਮਝਿਆ ਜਾਂਦਾ ਹੈ | ਇਸ ਮਿਊਰਲ ਦੇ ਨਿਰਮਾਣ ਦੌਰਾਨ ਜੂਡਾਸ, ਈਸਾ ਤੇ ਹੋਰ ਚਰਿੱਤਰਾਂ ਦੇ ਚਿਹਰਿਆਂ ਨੂੰ ਤੁਲਨਾਤਮਿਕ ਭਾਵ ਦੇਣ ਲਈ ਸਕੈੱਚ ਬੁੱਕ ਲੈ ਕੇ ਮਿਲਾਨ ਦੀਆਂ ਬਸਤੀਆਂ ਵਿਚ ਉਹ ਸਾਲਾਂ ਤੱਕ ਘੁੰਮਦੇ ਰਹੇ ਸਨ |
ਲਗਪਗ ਦੋ ਸਾਲ ਦੀ ਮਿਹਨਤ ਅਤੇ ਖੋਜ ਤੋਂ ਬਾਅਦ ਅਖੀਰ ਉਨ੍ਹਾਂ ਨੂੰ ਇਕ ਯਹੂਦੀ ਨੌਜਵਾਨ ਦਾ ਚਿਹਰਾ ਇਸ ਲਿਹਾਜ਼ ਨਾਲ ਸਭ ਤੋਂ ਵਧੀਆ ਲੱਗਿਆ ਕਿ ਉਸ ਨੂੰ ਮਾਡਲ ਬਣਾ ਕੇ ਈਸਾ ਦਾ ਚਿੱਤਰ ਚਿਤਰਿਆ ਜਾਵੇ | ਇਸੇ ਤਰ੍ਹਾਂ ਜਿਥੋਂ ਤੱਕ ਮੋਨਾਲੀਜ਼ਾ ਨਾਮੀ ਚਿੱਤਰ ਦੀ ਗੱਲ ਹੈ ਤਾਂ ਸਮਝਿਆ ਜਾਂਦਾ ਹੈ ਕਿ ਇਹ ਫਰਾਂਚੈਸਕੋ ਦੇਲ ਜੋਕਾਂਦਾ ਦੀ ਪਤਨੀ ਲੀਜ਼ਾ ਨੂੰ ਸਾਹਮਣੇ ਬਿਠਾ ਕੇ ਬਣਾਇਆ ਗਿਆ ਚਿੱਤਰ ਹੈ | ਹਾਲਾਂਕਿ ਇਨ੍ਹਾਂ ਪਿਛਲੇ ਪੰਜ ਸਾਲਾਂ ਵਿਚ ਇਸ ਗੱਲ 'ਤੇ ਵੱਖ-ਵੱਖ ਖੋਜ ਅਤੇ ਦਾਅਵੇ ਵੀ ਸਾਹਮਣੇ ਆਉਂਦੇ ਰਹੇ ਹਨ ਕਿ ਅਸਲ ਵਿਚ ਇਹ ਔਰਤ ਕੌਣ ਸੀ? ਕੁਝ ਦਾਅਵਿਆਂ ਵਿਚ ਤਾਂ ਇਥੋਂ ਤੱਕ ਵੀ ਕਿਹਾ ਗਿਆ ਕਿ ਅਸਲ ਵਿਚ ਮੋਨਾਲੀਜ਼ਾ ਉਨ੍ਹਾਂ ਦੀ ਸਿਰਫ਼ ਕਲਪਨਾ ਦੀ ਦੇਣ ਸੀ | ਪਰ ਉਸ ਦੌਰ ਦੀ ਚਿੱਤਰ ਨਿਰਮਾਣ ਪਰੰਪਰਾ ਨੂੰ ਦੇਖ ਕੇ ਤਾਂ ਇਹੀ ਮੰਨਣਾ ਠੀਕ ਲਗਦਾ ਹੈ ਕਿ ਉਹ ਜੋਕਾਂਦਾ ਦੀ ਪਤਨੀ ਲੀਜ਼ਾ ਦਾ ਹੀ ਚਿੱਤਰ ਹੈ |
ਮੰਨਿਆ ਜਾਂਦਾ ਹੈ ਕਿ ਇਸ ਚਿੱਤਰ ਨੂੰ ਬਣਾਉਣ ਵਿਚ ਉਨ੍ਹਾਂ ਨੇ ਲਗਪਗ ਤਿੰਨ ਸਾਲਾਂ ਦਾ ਸਮਾਂ ਲਗਾਇਆ ਸੀ | ਉਂਝ ਕੁਝ ਦਾਅਵੇ ਤਾਂ ਇਹ ਵੀ ਕੀਤੇ ਗਏ ਹਨ ਕਿ ਇਸ ਚਿੱਤਰ ਨੂੰ ਬਣਾਉਣ ਦੀ ਸ਼ੁਰੂਆਤ ਉਨ੍ਹਾਂ ਨੇ 1503 ਵਿਚ ਕੀਤੀ, ਉਦੋਂ ਜਦੋਂ ਉਨ੍ਹਾਂ ਦੀ ਉਮਰ 51 ਸਾਲ ਸੀ ਅਤੇ 1519 ਵਿਚ ਜਦੋਂ ਉਨ੍ਹਾਂ ਦੀ ਮੌਤ ਹੋਈ, ਉਦੋਂ ਵੀ ਇਹ ਚਿੱਤਰ ਅਧੂਰਾ ਹੀ ਸੀ | ਇਸ ਕਲਾਕਾਰ ਦਾ ਜਨਮ ਵਰਤਮਾਨ ਇਟਲੀ (ਤਤਕਾਲੀ ਰਿਪਬਲਿਕਸ ਆਫ਼ ਫਲੋਰੈਂਸ) ਦੇ ਵਿੰਸੀ ਨਾਮੀ ਕਸਬੇ ਵਿਚ 15 ਅਪ੍ਰੈਲ, 1452 ਵਿਚ ਹੋਇਆ ਅਤੇ ਲਗਪਗ 67 ਸਾਲ ਦੀ ਉਮਰ ਵਿਚ 2 ਮਈ, 1519 ਵਿਚ ਫਰਾਂਸ ਵਿਚ ਉਨ੍ਹਾਂ ਦੀ ਮੌਤ ਹੋਈ | ਉਨ੍ਹਾਂ ਦੇ ਪਿਤਾ ਦਾ ਨਾਂਅ ਪਿਅਰੋ ਫਰੁਸੋਸੀਨੋ ਦਾ ਵਿੰਸੀ ਅਤੇ ਮਾਤਾ ਦਾ ਨਾਂਅ ਕੈਟਰੀਨਾ ਸੀ | ਹਾਲਾਂਕਿ ਉਨ੍ਹਾਂ ਦੇ ਬਚਪਨ ਭਾਵ ਸ਼ੁਰੂਆਤੀ ਦਿਨਾਂ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਪਰ ਸਮਝਿਆ ਜਾਂਦਾ ਹੈ ਕਿ ਸ਼ੁਰੂਆਤੀ ਪੰਜ ਸਾਲ ਉਨ੍ਹਾਂ ਨੇ ਆਪਣੀ ਮਾਤਾ ਦੇ ਨਾਲ ਬਿਤਾਏ | 1457 ਤੋਂ ਬਾਅਦ ਉਹ ਆਪਣੇ ਦਾਦਾ-ਦਾਦੀ ਕੋਲ ਰਹਿਣ ਵਿੰਸੀ ਸ਼ਹਿਰ ਵਿਚ ਆ ਗਏ | ਉਨ੍ਹਾਂ ਦੇ ਪਿਤਾ ਨੇ ਇਕ ਤੋਂ ਵੱਧ ਵਿਆਹ ਕੀਤੇ ਸਨ, ਜਿਸ ਤੋਂ ਲਿਓਨਾਰਦੋ ਦੇ 12 ਮਤਰੇਏ ਭਰਾ-ਭੈਣ ਸਨ | ਆਪਣੀ ਸ਼ੁਰੂਆਤੀ ਸਿੱਖਿਆ ਦੀ ਲੜੀ ਵਿਚ ਉਨ੍ਹਾਂ ਨੇ ਲਾਤੀਨੀ, ਜਿਆਮਿਤੀ ਅਤੇ ਗਣਿਤ ਦੀ ਪੜ੍ਹਾਈ ਕੀਤੀ, ਉਸ ਤੋਂ ਬਾਅਦ ਸੰਨ 1466 ਵਿਚ ਲਗਪਗ 14 ਸਾਲ ਦੀ ਉਮਰ ਵਿਚ ਫਲੋਰੈਂਸ ਦੇ ਪ੍ਰਸਿੱਧ ਕਲਾਕਾਰ ਵੈਰੋਕੀਆ ਦੀ ਸ਼ਾਗਿਰਦੀ ਵਿਚ ਮੂਰਤੀਕਲਾ ਅਤੇ ਚਿੱਤਰਕਲਾ ਸਿੱਖਣੀ ਸ਼ੁਰੂ ਕੀਤੀ | ਇਥੇ ਸ਼ੁਰੂਆਤ ਵਿਚ ਉਨ੍ਹਾਂ ਦੀ ਭੂਮਿਕਾ ਸਟੂਡੀਓ ਸਹਾਇਕ ਦੀ ਸੀ | ਲਗਪਗ ਦਸ ਸਾਲ ਇਥੇ ਬਿਤਾਉਣ ਤੋਂ ਬਾਅਦ 1476 ਤੋਂ ਲੈ ਕੇ ਆਪਣੀ ਮੌਤ ਤੋਂ ਪਹਿਲਾਂ ਭਾਵ 1519 ਤੱਕ ਇਸ ਪ੍ਰਤਿਭਾਸ਼ਾਲੀ ਚਿੱਤਰਕਾਰ, ਮੂਰਤੀਕਾਰ, ਵਾਸਤੂ ਵਿਦਵਾਨ, ਵਿਗਿਆਨੀ ਤੇ ਸੰਗੀਤਕਾਰ ਨੇ ਅਨੇਕਾਂ ਵਰਣਨਯੋਗ ਰਚਨਾਵਾਂ ਕੀਤੀਆਂ |
ਪਿਛਲੇ ਦਿਨੀਂ ਲਿਓਨਾਰਦੋ ਨੂੰ ਲੈ ਕੇ ਜੋ ਕੁਝ ਮਹੱਤਵਪੂਰਨ ਖੋਜ ਸਾਹਮਣੇ ਆਈ ਹੈ, ਉਸ ਵਿਚ ਇਕ ਵਿਚ ਜਿਥੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਅੱਖਾਂ ਦੇ ਭੈਂਗੇਪਨ ਦੇ ਸ਼ਿਕਾਰ ਸਨ, ਉਥੇ ਇਕ ਹੋਰ ਖੋਜ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਆਪਣੇ ਅਖੀਰਲੇ ਦਿਨਾਂ ਵਿਚ ਉਨ੍ਹਾਂ ਦੇ ਸੱਜੇ ਹੱਥ ਵਿਚ ਕੁਝ ਨਾੜੀਆਂ ਸਬੰਧੀ ਪਰੇਸ਼ਾਨੀਆਂ ਵੀ ਰਹਿਣ ਲੱਗੀਆਂ ਸਨ | ਵੱਡੀ ਗਿਣਤੀ ਵਿਚ ਉਨ੍ਹਾਂ ਦੇ ਅਧੂਰੇ ਚਿੱਤਰਾਂ ਦੀ ਇਕ ਵੱਡੀ ਵਜ੍ਹਾ ਇਸ ਨੂੰ ਵੀ ਮੰਨਿਆ ਜਾਂਦਾ ਹੈ | ਫਿਲਹਾਲ ਇਸ ਸਭ ਦੇ ਬਾਵਜੂਦ ਆਪਣੀ ਮੌਤ ਦੇ ਪੰਜ ਸੌ ਸਾਲਾਂ ਬਾਅਦ ਵੀ ਕਲਾ ਜਗਤ ਲਈ ਉਨ੍ਹਾਂ ਦੀ ਪ੍ਰਸੰਗਿਕਤਾ ਬਣੀ ਰਹਿਣੀ, ਉਨ੍ਹਾਂ ਨੂੰ ਇਕ ਮਹਾਨ ਵਿਅਕਤੀ ਦੇ ਨਾਲ-ਨਾਲ ਸੰਸਾਰ ਮਾਨਵਤਾ ਦਾ ਇਕ ਵਧੀਆ ਨਾਗਰਿਕ ਵੀ ਬਣਾਉਂਦੀ ਹੈ |

-ਇਮੇਜ ਰਿਫਲੈਕਸ਼ਨ ਸੈਂਟਰ