ਮੁਸ਼ੱਰਫ ਖਿਲਾਫ ਦੇਸ਼ਧਰੋਹ ਮਾਮਲੇ ਚ ਹੁਣ 24 ਅਕਤੂਬਰ ਤੋਂ ਹੋਵੇਗੀ ਰੁਜ਼ਾਨਾ ਸੁਣਵਾਈ
mushrf.jpgਇਸਲਾਮਾਬਾਦ  -ਪਾਕਿਸਤਾਨ 'ਚ ਮੰਗਲਵਾਰ ਨੂੰ ਇਕ ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਸਾਬਕਾ ਫੌਜੀ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ ਦੇ ਖਿਲਾਫ ਚੱਲ ਰਹੇ ਦੇਸ਼ਧਰੋਹ ਦੇ ਮਾਮਲੇ 'ਚ ਰੁਜ਼ਾਨਾ ਸੁਣਵਾਈ 24 ਅਕਤੂਬਰ ਤੋਂ ਹੋਵੇਗੀ ਕਿਉਂਕਿ ਮੁਸ਼ੱਰਫ ਦੇ ਵਕੀਲ ਡੇਂਗੂ ਨਾਲ ਪੀੜਤ ਹਨ।
ਜੱਜ ਵਕਾਰ ਅਹਿਮਦ ਸੇਠ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਸਾਰੇ ਪੱਖਾਂ ਨੂੰ ਅਗਲੀ ਸੁਣਵਾਈ ਤੋਂ ਪਹਿਲਾਂ ਆਪਣੀਆਂ ਦਲੀਲਾਂ ਲਿਖਿਤ 'ਚ ਦੇਣ ਦਾ ਨਿਰਦੇਸ਼ ਦਿੱਤਾ ਹੈ। ਬੈਂਚ ਨੇ ਪਿਛਲੇ ਮਹੀਨੇ 75 ਸਾਲਾ ਮੁਸ਼ੱਰਫ 'ਤੇ 8 ਅਕਤੂਬਰ ਤੋਂ ਰੁਜ਼ਾਨਾ ਸੁਣਵਾਈ ਕਰਨ ਦਾ ਫੈਸਲਾ ਲਿਆ ਸੀ। ਪਰੰਤੂ ਮੁਸ਼ੱਰਫ ਦੇ ਵਕੀਲ ਨੇ ਮੰਗਲਵਾਰ ਨੂੰ ਬੀਮਾਰੀ ਦਾ ਹਵਾਲਾ ਦੇ ਕੇ ਸੁਣਵਾਈ ਦੋ ਹਫਤੇ ਬਾਅਦ ਕਰਨ ਦੀ ਅਰਜ਼ੀ ਦਾਖਲ ਕੀਤੀ ਸੀ। ਅਦਾਲਤ ਨੇ ਅਰਜ਼ੀ ਸਵਿਕਾਰ ਕਰਦੇ ਹੋਏ ਕਿਹਾ ਕਿ 24 ਅਕਤੂਬਰ ਤੋਂ ਰੁਜ਼ਾਨਾ ਸੁਣਵਾਈ ਹੋਵੇਗੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਸਰਕਾਰ ਨੇ 2013 'ਚ ਮੁਸ਼ੱਰਫ 'ਤੇ ਦੇਸ਼ਧਰੋਹ ਦਾ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ 'ਤੇ 2007 'ਚ ਸੰਵਿਧਾਨਿਕ ਰੂਪ ਨਾਲ ਐਮਰਜੰਸੀ ਲਾਉਣ ਦੇ ਸਿਲਸਿਲੇ 'ਚ ਮਾਮਲਾ ਦਰਜ ਕੀਤਾ ਗਿਆ ਸੀ। ਐਮਰਜੰਸੀ 'ਚ ਕਈ ਸੀਨੀਅਰ ਜੱਜਾਂ ਨੂੰ ਘੱਰ 'ਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਤੇ 100 ਤੋਂ ਜ਼ਿਆਦਾ ਜੱਜਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਮੁਸ਼ੱਰਫ 2016 'ਚ ਦੁਬਈ ਚਲੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਉਪਰ ਚੱਲ ਰਹੇ ਮਾਮਲੇ 'ਚ ਕੋਈ ਖਾਸ ਵਿਕਾਸ ਨਹੀਂ ਹੋਇਆ ਸੀ। ਉਦੋਂ ਤੋਂ ਹੀ ਉਨ੍ਹਾਂ ਨੇ ਪਾਕਿਸਤਾਨ 'ਚ ਵਾਪਸੀ ਨਹੀਂ ਕੀਤੀ ਹੈ ਤੇ ਫਿਲਹਾਲ ਬੀਮਾਰ ਚੱਲ ਰਹੇ ਹਨ।