ਮਹਾਰਾਸ਼ਟਰ ਤੇ ਪਿਆ ਮੰਦੀ ਦਾ ਅਸਰ : ਮਨਮੋਹਨ ਸਿੰਘ
pm_m.jpgਨਵੀਂ ਦਿੱਲੀ - ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅਰਥ ਵਿਵਸਥਾ ਨੂੰ ਲੈ ਕੇ ਮੋਦੀ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਮੁੰਬਈ 'ਚ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਜਿਸ ਲਈ ਵੋਟ ਮਿਲਿਆ, ਉਸ ਨੂੰ ਕਰਨ 'ਚ ਉਹ ਅਸਫ਼ਲ ਰਹੀ। ਮਹਾਰਾਸ਼ਟਰ ਦਾ ਨਿਰਮਾਣ ਗਰੋਥ ਪਿਛਲੇ ਚਾਰ
ਸਾਲਾਂ ਤੋਂ ਲਗਾਤਾਰ ਘੱਟ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੰਦੀ ਦਾ ਅਸਰ ਮਹਾਰਾਸ਼ਟਰ 'ਤੇ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਉਦਯੋਗਾਂ ਦੀ ਰਫ਼ਤਾਰ ਕਾਫ਼ੀ ਹੌਲੀ ਹੋ ਚੁਕੀ ਹੈ, ਅਰਥ ਵਿਵਸਥਾ ਦੇ ਖਰਾਬ ਮੈਨਜਮੈਂਟ ਦਾ ਖਾਮਿਆਜ਼ਾ ਚੁੱਕਣਾ ਪੈਂਦਾ ਹੈ। ਮਹਾਰਾਸ਼ਟਰ 'ਚ ਕਿਸਾਨਾਂ ਦੀ ਖੁਦਕੁਸ਼ੀ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਮਹਾਰਾਸ਼ਟਰ ਦੀ ਭਾਜਪਾ ਸਰਕਾਰ ਲੋਕਾਂ ਦੇ ਹਿੱਤ ਦੀਆਂ ਨੀਤੀਆਂ ਬਣਾਉਣ 'ਚ ਅਸਫ਼ਲ ਰਹੀ ਹੈ। ਮੈਂ ਆਪਣੇ ਕਾਰਜਕਾਲ 'ਚ ਮਹਾਰਾਸ਼ਟਰ ਦੇ ਕਈ ਨੇਤਾਵਾਂ ਨਾਲ ਕੰਮ ਕੀਤਾ। ਸਾਰੇ ਮਹਾਰਾਸ਼ਟਰ ਦਾ ਹਿੱਤ ਚਾਹੁੰਦੇ ਸਨ। ਕਿਸਾਨਾਂ ਲਈ ਕਰਜ਼ ਮੁਆਫ਼ੀ ਵੀ ਅਸੀਂ ਕੀਤੀ ਸੀ।

ਪੀ.ਐੱਮ.ਸੀ. ਬੈਂਕ ਮਾਮਲਾ ਮੰਦਭਾਗੀ
ਪੀ.ਐੱਮ.ਸੀ. ਬੈਂਕ ਮਾਮਲੇ 'ਚ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਬੈਂਕ ਨੂੰ ਲੈ ਕੇ ਜੋ ਕੁਝ ਵੀ ਹੋਇਆ ਉਹ ਬਹੁਤ ਮੰਦਭਾਗੀ ਹੈ, ਮੈਂ ਮਹਾਰਾਸ਼ਟਰ ਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਇਸ ਮਾਮਲੇ ਨੂੰ ਦੇਖਣ ਅਤੇ ਪ੍ਰਭਾਵਿਤ 16 ਲੱਖ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਦੀ ਅਪੀਲ ਕਰਦਾ ਹਾਂ। ਉਨ੍ਹਾਂ ਨੇ ਕਿਹਾ,''ਮੈਂ ਭਾਰਤ ਸਰਕਾਰ, ਰਿਜ਼ਰਵ ਬੈਂਕ ਅਤੇ ਮਹਾਰਾਸ਼ਟਰ ਸਰਕਾਰ ਤੋਂ ਉਮੀਦ ਕਰਦਾ ਹਾਂ ਕਿ ਉਹ ਇਕੱਠੇ ਇਸ ਮਾਮਲੇ 'ਚ ਇਕ ਭਰੋਸੇਯੋਗ ਅਤੇ ਪ੍ਰਭਾਵੀ ਹੱਲ ਪ੍ਰਦਾਨ ਕਰਨ, ਜਿੱਥੇ 16 ਲੱਖ ਜਮ੍ਹਾਕਰਤਾ ਨਿਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਧਾਰਾ 370 ਦੇ ਪੱਖ 'ਚ ਕੀਤੀ ਵੋਟ
ਧਾਰਾ-370 'ਤੇ ਮਨਮੋਹਨ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਧਾਰਾ 370 ਨੂੰ ਰੱਦ ਕਰਨ ਲਈ ਬਿੱਲ ਦੇ ਪੱਖ 'ਚ ਵੋਟਿੰਗ ਕੀਤੀ, ਨਾ ਕਿ ਇਸ ਦੇ ਵਿਰੁੱਧ। ਸਾਡਾ ਮੰਨਣਾ ਹੈ ਕਿ ਧਾਰਾ 370 ਇਕ ਅਸਥਾਈ ਉਪਾਅ ਹੈ ਪਰ ਜੇਕਰ ਕੋਈ ਤਬਦੀਲੀ ਲਿਆਉਣੀ ਹੈ ਤਾਂ ਇਹ ਜੰਮੂ-ਕਸ਼ਮੀਰ ਦੇ ਲੋਕਾਂ ਦੀ ਸਦਭਾਵਨਾ ਨਾਲ ਹੋਣਾ ਚਾਹੀਦਾ ਪਰ ਜਿਸ ਤਰ੍ਹਾਂ ਇਸ ਨੂੰ ਲਾਗੂ ਕੀਤਾ ਗਿਆ ਸੀ, ਉਸ ਦਾ ਅਸੀਂ ਵਿਰੋਧ ਕੀਤਾ ਸੀ।''