ਚੀਨ ਨੇ ਅਮਰੀਕੀ NGO ਤੇ ਪਾਬੰਦੀ ਲਗਾਉਣ ਦਾ ਕੀਤਾ ਐਲਾਨ
chinn.jpgਬੀਜਿੰਗ -(ਮੀਡੀਦੇਸਪੰਜਾਬ) ਹਾਂਗਕਾਂਗ ਵਿਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਦੇ ਸਮਰਥਨ ਵਿਚ ਅਮਰੀਕਾ ਵੱਲੋਂ ਕਾਨੂੰਨ ਬਣਾਏ ਜਾਣ ਦੀ ਜਵਾਬੀ ਕਾਰਵਾਈ ਵਿਚ ਚੀਨ ਨੇ ਸੋਮਵਾਰ ਨੂੰ ਅਮਰੀਕੀ ਜੰਗੀ ਜਹਾਜ਼ ਨੂੰ ਹਾਂਗਕਾਂਗ ਵਿਚ ਭੇਜਣ ਸਬੰਧੀ ਅਮਰੀਕਾ ਦੀ ਐਪਲੀਕਸ਼ਨ ਨੂੰ ਰੱਦ ਕਰ ਦਿੱਤਾ। ਇਸ ਦੇ ਨਾਲ ਹੀ
ਕਈ ਅਮਰੀਕੀ ਗੈਰ ਸਰਕਾਰੀ ਸੰਗਠਨਾਂ (NGO) 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਅਰਧ ਖੁਦਮੁਖਤਿਆਰੀ ਖੇਤਰ ਹਾਂਗਕਾਂਗ ਵਿਚ ਪੂਰੀ ਮੁਖਤਿਆਰੀ ਦੀ ਮੰਗ  ਨੂੰ ਲੈ ਕੇ ਪਿਛਲੇ ਕਰੀਬ 6 ਮਹੀਨੇ ਤੋਂ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਗੌਰਤਲਬ ਹੈ ਕਿ ਅਮਰੀਕੀ ਸੰਸਦ ਵਿਚ ਪਾਸ ਹੋ ਚੁੱਕੇ ਹਾਂਗਕਾਂਗ ਮਨੁੱਖੀ ਅਧਿਕਾਰ ਅਤੇ ਲੋਕਤੰਤਰ ਐਕਟ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫਤੇ ਦਸਤਖਤ ਕੀਤੇ, ਜਿਸ ਤੇ ਤਹਿਤ ਰਾਸ਼ਟਰਪਤੀ ਨੂੰ ਹਾਂਗਕਾਂਗ ਦੇ ਤਰਜੀਹੀ ਵਪਾਰ ਦਰਜੇ ਦੀ ਸਾਲਾਨਾ ਸਮੀਖਿਆ ਕਰਨ ਦਾ ਅਧਿਕਾਰ ਹੈ ਅਤੇ ਅਰਧ ਖੁਦਮੁਖਤਿਆਰ ਖੇਤਰ ਦੀ ਖੁਦਮੁਖਤਿਆਰੀ ਖਤਮ ਹੋਣ ਦੀ ਸਥਿਤੀ ਵਿਚ ਇਸ ਨੂੰ ਵਾਪਸ ਲਏ ਜਾਣ ਦੀ ਵਿਵਸਥਾ ਹੈ।

ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ  ਵਿਵਸਥਾਵਾਂ ਆਪਣੇ ਵਿਚ ਚੱਲ ਰਹੇ ਵਪਾਰ ਯੁੱਧ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਪਹਿਲੇ ਪੜਾਅ ਦੇ ਵਪਾਰ ਸਮਝੌਤੇ ਨੂੰ ਆਖਰੀ ਰੂਪ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੁਆ ਚੁਨਯਿੰਗ ਨੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਕਿਹਾ,''ਅਮਰੀਕਾ ਦੇ ਗਲਤ ਵਿਵਹਾਰ ਦੇ ਜਵਾਬ ਵਿਚ ਚੀਨ ਸਰਕਾਰ ਨੇ ਹਾਂਗਕਾਂਗ ਵਿਚ ਅਮਰੀਕੀ ਜੰਗੀ ਜਹਾਜ਼ ਭੇਜਣ ਦੀਆਂ ਐਪਲੀਕੇਸ਼ਨਾਂ ਦੀ ਸਮੀਖਿਆ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ।''

ਬੁਲਾਰਨ ਨੇ ਕਿਹਾ ਕਿ ਹਾਂਗਕਾਂਗ ਵਿਚ ਹਾਲ ਹੀ ਵਿਚ ਅਸ਼ਾਂਤੀ ਨੂੰ ਲੈ ਕੇ ਖਰਾਬ ਵਤੀਰੇ ਕਾਰਨ ਉਹ ਕਈ ਅਮਰੀਕੀ ਗੈਰ ਸਰਕਾਰੀ ਸੰਗਠਨਾਂ 'ਤੇ ਵੀ ਪਾਬੰਦੀ ਲਗਾਉਣਗੇ ਭਾਵੇਂਕਿ ਉਨ੍ਹਾਂ ਨੇ ਪਾਬੰਦੀਆਂ ਦੇ ਸਰੂਪ ਦੇ ਬਾਰੇ ਵਿਚ ਕੋਈ ਵੇਰਵਾ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਪਾਬੰਦੀਆਂ 'ਨੈਸ਼ਨਲ ਐਂਡੋਮੈਂਟ ਫੌਰ ਡੈਮੋਕ੍ਰੇਸੀ', 'ਹਿਊਮਨ ਰਾਈਟਜ਼ ਵਾਚ ਐਂਡ ਫ੍ਰੀਡਮ ਹਾਊਸ' ਜਿਹੇ ਗੈਰ ਸਰਕਾਰੀ ਸੰਗਠਨਾਂ 'ਤੇ ਵੀ ਲਾਗੂ ਹੋਣਗੀਆਂ।