ਹਾਂਗਕਾਂਗ ਵਾਸੀਆਂ ਨੇ ਵਿਰੋਧ ਪ੍ਰਦਰਸ਼ਨ ਦੇ 6 ਮਹੀਨੇ ਪੂਰੇ ਹੋਣ ਮੌਕੇ ਕੱਢੀ ਵਿਸ਼ਾਲ ਰੈਲੀ
hankong.jpgਹਾਂਗਕਾਂਗ -(ਮੀਡੀਦੇਸਪੰਜਾਬ) ਹਾਂਗਕਾਂਗ ਵਿਚ ਲੋਕਤੰਤਰ ਦੇ ਸਮਰਥਨ ਵਿਚ ਹੋ ਰਹੇ ਪ੍ਰਦਰਸ਼ਨ ਦੇ 6 ਮਹੀਨੇ ਪੂਰੇ ਹੋਣ ਮੌਕੇ ਐਤਵਾਰ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੇ ਵਿਸ਼ਾਲ ਰੈਲੀ ਕੱਢ ਕੇ ਅੰਦੋਲਨ ਪ੍ਰਤੀ ਸਮਰਥਨ ਵਿਅਕਤ ਕੀਤਾ। ਇਸ ਮੌਕੇ ਉਹਨਾਂ ਨੇ ਚੀਨ ਸਮਰਥਕ ਨੇਤਾਵਾਂ ਨੂੰ ਚਿਤਾਵਨੀ ਦਿੱਤੀ ਕਿ ਇਸ ਸਿਆਸੀ ਸੰਕਟ ਨੂੰ ਹੱਲ ਕਰਨ ਦੇ ਲਈ ਉਹਨਾਂ ਦੇ ਕੋਲ ਆਖਰੀ ਮੌਕਾ ਹੈ।
ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸਰਦ ਮੌਸਮ ਹੋਣ ਦੇ ਬਾਵਜੂਦ ਹਾਂਗਕਾਂਗ ਦੇ ਵਿੱਤੀ ਕੇਂਦਰ ਦੀਆਂ ਸੜਕਾਂ 'ਤੇ ਆ ਰਹੇ ਹਨ ਤੇ ਮਹੀਨਿਆਂ ਬਾਅਦ ਪ੍ਰਦਰਸ਼ਨਕਾਰੀਆਂ ਦਾ ਇੰਨੇ ਵੱਡੇ ਪੈਮਾਨੇ ਇਕੱਠੇ ਹੋਣਾ ਸ਼ਕਤੀਪ੍ਰਦਰਸ਼ਨ ਹੁੰਦਾ ਦਿਖ ਰਿਹਾ ਹੈ। ਦੁਰਲੱਭ ਘਟਨਾ ਦੇ ਤਹਿਤ ਪੁਲਸ ਪ੍ਰਸ਼ਾਸਨ ਨੇ ਰੈਲੀ ਦੀ ਆਗਿਆ ਦਿੱਤੀ ਹੈ। ਇਹ ਰੈਲੀ ਸਥਾਨਕ ਚੋਣ ਵਿਚ ਸਮਰਥਕ ਪਾਰਟੀਆਂ ਨੂੰ ਮਿਲੀ ਕਰਾਰੀ ਹਾਰ ਦੇ ਦੋ ਹਫਤੇ ਬਾਅਦ ਹੋਈ, ਜੋ ਪਹਿਲਾਂ ਦਾਅਵਾ ਕਰ ਰਹੀ ਸੀ ਕਿ ਬਹੁਮਤ ਅੰਦੋਲਨ ਦੇ ਖਿਲਾਫ ਹੈ। ਪ੍ਰਦਰਸ਼ਨ ਵਿਚ ਸ਼ਾਮਲ ਕਈ ਲੋਕਾਂ ਨੇ ਮੁੱਖ ਕਾਰਜਕਾਰੀ ਕੈਰੀ ਲੈਮ ਤੇ ਚੋਣ ਵਿਚ ਕਰਾਰੀ ਹਾਰ ਦੇ ਬਾਵਜੂਦ ਚੀਨ ਵਲੋਂ ਰਿਆਇਤ ਨਹੀਂ ਦੇਣ 'ਤੇ ਨਾਰਾਜ਼ਗੀ ਵਿਅਕਤ ਕੀਤੀ। ਪ੍ਰਦਰਸ਼ਨ ਵਿਚ ਸ਼ਾਮਲ ਇਕ 50 ਸਾਲਾ ਵਿਅਕਤੀ ਨੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਆਪਣੀਆਂ ਭਾਵਨਾਵਾਂ ਕਿਸ ਰੂਪ ਵਿਚ ਰੱਖਦੇ ਹਨ, ਚਾਹੇ ਸ਼ਾਂਤੀਪੂਰਨ ਮਾਰਚ ਹੋਵੇ ਜਾਂ ਸਹੀ ਤਰੀਕੇ ਨਾਲ ਕੀਤੀ ਗਈ ਚੋਣ, ਸਰਕਾਰ ਨਹੀਂ ਸੁਣੇਗੀ। ਉਹ ਸਿਰਫ ਚੀਨੀ ਕਮਿਊਨਿਸਟ ਪਾਰਟੀ ਦੇ ਹੁਕਮਾਂ ਦਾ ਪਾਲਣ ਕਰੇਗੀ।
ਜ਼ਿਕਰਯੋਗ ਹੈ ਕਿ ਹਾਂਗਕਾਂਗ ਚੀਨ ਦਾ ਅਰਧ ਮਲਕੀਅਤ ਵਾਲਾ ਇਲਾਕਾ ਹੈ, ਜਿਸ ਨੂੰ ਬ੍ਰਿਟੇਨ ਨੇ 1997 ਵਿਚ 100 ਸਾਲ ਦੀ ਲੀਜ਼ ਪੂਰੀ ਹੋਣ ਤੋਂ ਬਾਅਦ ਚੀਨ ਨੂੰ ਸੌਂਪਿਆ ਸੀ ਪਰ ਬੀਜਿੰਗ ਵਲੋਂ ਤਾਨਾਸ਼ਾਹ ਸ਼ਾਸਨ ਲਾਗੂ ਕਰਨ ਦੀ ਕੋਸ਼ਿਸ਼ ਦੇ ਖਿਲਾਫ ਹੋ ਰਹੇ ਪ੍ਰਦਰਸ਼ਨ ਲਗਾਤਾਰ ਹਿੰਸਕ ਹੁੰਦੇ ਜਾ ਰਹੇ ਹਨ। ਪ੍ਰਦਰਸ਼ਨਕਾਰੀ ਲੋਕਤੰਤਰ ਅਧਿਕਾਰਾਂ ਨੂੰ ਕਾਇਮ ਰੱਖਣ ਦੇ ਨਾਲ ਪ੍ਰਦਰਸ਼ਨ ਦੌਰਾਨ ਕੀਤੀ ਗਈ ਪੁਲਸ ਤਸ਼ੱਦਦ ਦੀ ਨਿਰਪੱਖ ਜਾਂਚ, ਹਿਰਾਸਤ ਵਿਚ ਲਏ ਗਏ ਲੋਕਾਂ ਨੂੰ ਆਮ ਮੁਆਫੀ ਤੇ ਸੁਤੰਤਰ ਚੋਣ ਦੀ ਮੰਗ ਕਰ ਰਹੇ ਹਨ।