ਮਿਸ਼ਨ ਚੰਦਰਯਾਨ-3 ਲਈ ਇਸਰੋ ਨੇ ਕੇਂਦਰ ਸਰਕਾਰ ਤੋਂ ਮੰਗੀ ਰਾਸ਼ੀ
isro_3.jpgਨਵੀਂ ਦਿੱਲੀ -(ਮੀਡੀਦੇਸਪੰਜਾਬ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਹੁਣ ਚੰਦਰਯਾਨ-3 ਮਿਸ਼ਨ ਦੀ ਤਿਆਰੀ ਕਰ ਰਿਹਾ ਹੈ। ਇੱਥੋ ਤੱਕ ਕਿ ਇਸਰੋ ਨੇ ਇਸ ਦੇ ਲਈ ਕੇਂਦਰ ਸਾਹਮਣੇ 75 ਕਰੋੜ ਰੁਪਏ ਦਾ ਬਜਟ ਵੀ ਰੱਖਿਆ ਹੈ। ਇਹ ਇਸਰੋ ਨੂੰ ਪਹਿਲਾਂ ਤੋਂ ਹੀ ਮਿਲੇ ਤੈਅ ਬਜਟ ਤੋਂ ਇਲਾਵਾ ਸਿਰਫ ਇਸ ਮਿਸ਼ਨ ਲਈ
ਮੰਗਿਆ ਗਿਆ ਹੈ। ਵਿੱਤ ਮੰਤਰਾਲੇ ਤੋਂ ਇਸ ਨੂੰ ਲੈ ਕੇ ਪੁਸ਼ਟੀ ਕੀਤੀ ਗਈ ਹੈ ਕਿ ਇਸਰੋ ਵੱਲੋਂ ਚੰਦਰਯਾਨ-3 ਲਈ ਬਜਟ ਮੰਗਿਆ ਗਿਆ ਹੈ।ਮੌਜੂਦਾ ਵਿੱਤੀ ਸਾਲ ਦੇ ਸਪਲੀਮੈਂਟਰੀ ਬਜਟ ਦੇ ਪ੍ਰਾਵਧਾਨਾਂ ਤਹਿਤ ਇਹ ਬਜਟ ਮੰਗਿਆ ਗਿਆ ਹੈ। ਇਸ 'ਚ 60 ਕਰੋੜ ਰੁਪਏ ਦੀ ਮਸ਼ੀਨਰੀ, ਉਪਕਰਣ ਅਤੇ ਦੂਜੇ ਖਰਚਿਆਂ ਲਈ ਅਤੇ ਬਾਕੀ 15 ਕਰੋੜ ਰੁਪਏ ਰੈਵੇਨਿਊ ਖਰਚੇ ਦੇ ਅਧੀਨ ਮੰਗੇ ਗਏ ਹਨ। ਮਾਹਰਾਂ ਨੇ ਦੱਸਿਆ ਹੈ ਕਿ ਇਸਰੋ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਸ ਨੂੰ ਪੈਸੇ ਦਿੱਤੇ ਜਾਣਗੇ ਪਰ ਪ੍ਰਕਿਰਿਆ ਹੁਣ ਤੱਕ ਪੂਰੀ ਨਹੀਂ ਹੋਈ ਹੈ।

ਕੁੱਲ 666 ਕਰੋੜ ਦਾ ਬਜਟ-
ਇਸਰੋ ਨੇ 2019-20 ਦੌਰਾਨ ਕੁੱਲ 666 ਕਰੋੜ ਰੁਪਏ ਦਾ ਬਜਟ ਮੰਗਿਆ ਹੈ, ਜਿਸ 'ਚ 11 ਫੀਸਦੀ ਤੋਂ ਜ਼ਿਆਦਾ ਸਿਰਫ ਚੰਦਰਯਾਨ-3 ਲਈ ਮੰਗਿਆ ਗਿਆ ਹੈ। 666 ਕਰੋੜ 'ਚੋਂ 8.6 ਕਰੋੜ ਰੁਪਏ 2022 ਦੇ ਪ੍ਰਸਤਾਵਿਤ ਮਨੁੱਖੀ ਸਪੇਸਫਲਾਈਟ ਪ੍ਰੋਗਰਾਮ, 12 ਕਰੋੜ ਰੁਪਏ ਸਮਾਲ ਸੈਟਲਾਈਟ ਲਾਂਚ ਵਹੀਕਲ ਅਤੇ 120 ਕਰੋੜ ਲਾਂਚਪੈਡ ਦੇ ਡਿਵੈਲਪਮੈਂਟ ਲਈ ਮੰਗੇ ਗਏ ਹਨ। ਸਭ ਤੋਂ ਜ਼ਿਆਦਾ ਮੰਗ ਯੂ.ਆਰ.ਰਾਵ ਸੈਟੇਲਾਈਟ ਸੈਂਟਰ ਅਤੇ ਸਤੀਸ਼ ਧਵਨ ਸਪੇਸ ਸੈਂਟਰ ਦੇ ਲਈ ਕੀਤੀ ਗਈ ਹੈ। ਦੋਵਾਂ ਲਈ 516 ਕਰੋੜ ਰੁਪਏ ਮੰਗੇ ਗਏ ਹਨ।

ਦੱਸਂਣਯੋਗ ਹੈ ਕਿ ਇਸ ਤੋਂ ਪਹਿਲਾਂ ਇਸਰੋ ਚੰਦਰਯਾਨ-2 ਮਿਸ਼ਨ 'ਤੇ ਕੰਮ ਕਰ ਚੁੱਕਾ ਹੈ। ਚੰਦਰਯਾਨ 'ਚ ਜਿੱਥੇ ਸਿਰਫ ਇੱਕ ਆਰਬਿਟਰ ਚੰਦਰਮਾ ਤੱਕ ਭੇਜਿਆ ਗਿਆ ਸੀ, ਉੱਥੇ ਚੰਦਰਯਾਨ-2 'ਚ ਆਰਬਿਟਰ ਦੇ ਨਾਲ ਲੈਂਡਰ ਅਤੇ ਰੋਵਰ ਵੀ ਭੇਜੇ ਗਏ ਸੀ। ਇਸਰੋ ਦਾ ਮਿਸ਼ਨ ਲੈਂਡਰ ਨੂੰ ਚੰਦ ਦੀ ਸਤ੍ਹਾ 'ਤੇ ਲੈਂਡ ਕਰਵਾਉਣਾ ਸੀ ਪਰ ਕ੍ਰੈਸ਼ ਲੈਂਡਿੰਗ ਦੇ ਕਾਰਨ ਉਸ ਮਿਸ਼ਨ ਦਾ ਇਸ ਹਿੱਸਾ ਸਫਲ ਨਹੀਂ ਹੋ ਸਕਿਆ ਸੀ ਪਰ ਆਰਬਿਟਰ ਚੰਦਰਮਾ ਦੇ ਪੰਧ 'ਚ ਚੱਕਰ ਕੱਟ ਰਿਹਾ ਹੈ ਅਤੇ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਰਿਹਾ ਹੈ।