ਬਿਜਨੌਰ ਦੇ CJM ਅਦਾਲਤ ਚ ਫਾਇਰਿੰਗ, ਜੱਜ ਦੇ ਸਾਹਮਣੇ ਦੋਸ਼ੀ ਦੀ ਹੱਤਿਆ
jajj.jpgਬਿਜਨੌਰ -(ਮੀਡੀਦੇਸਪੰਜਾਬ)- ਉਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕੋਰਟ (ਸੀ.ਜੇ.ਐੱਮ.) 'ਚ ਫਾਇਰਿੰਗ ਹੋਣ ਕਾਰਨ ਹੜਕੰਪ ਮੱਚ ਗਿਆ। ਇਸ ਦੌਰਾਨ ਬੀ.ਐੱਸ.ਪੀ. ਨੇਤਾ ਦੀ ਹੱਤਿਆ ਦੇ ਦੋਸ਼ੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਪੂਰੀ ਵਾਰਦਾਤ ਉਸ ਸਮੇਂ ਹੋਈ ਜਦੋਂ ਸੀ.ਜੇ.ਐੱਮ
ਕੋਰਟ 'ਚ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਸੀ.ਜੇ.ਐੱਮ ਯੋਗੇਸ਼ ਕੁਮਾਰ ਇਸ ਫਾਇਰਿੰਗ 'ਚ ਵਾਲ-ਵਾਲ ਬਚ ਗਏ। ਵਾਰਦਾਤ ਤੋਂ ਬਾਅਦ ਅਦਾਲਤ ਦੇ ਨੇੜੇ ਵੱਡੀ ਗਿਣਤੀ 'ਚ ਪੁਲਸ ਬਲ ਤਾਇਨਾਤ ਕੀਤੀ ਗਈ। ਇਸ ਦੌਰਾਨ ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਦੱਸਣਯੋਗ ਹੈ ਕਿ ਬਿਜਨੌਰ ਸੀ.ਜੇ.ਐੱਮ. ਕੋਰਟ 'ਚ ਅੱਜ ਭਾਵ ਮੰਗਲਵਾਰ ਨੂੰ ਦੋਸ਼ੀ ਸ਼ਾਹਨਵਾਜ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਸ਼ਾਹਨਵਾਜ 'ਤੇ ਬੀ.ਐੱਸ.ਪੀ ਨੇਤਾ ਅਹਿਸਾਨ ਅਹਿਮਦ ਅਤੇ ਉਨ੍ਹਾਂ ਦੇ ਭਾਣਜੇ ਦੀ ਹੱਤਿਆ ਦਾ ਦੋਸ਼ ਹੈ। ਇਸ ਦੌਰਾਨ ਅਚਾਨਕ ਗੋਲੀਆਂ ਦੀ ਆਵਾਜ਼ ਆਉਣ ਕਾਰਨ ਕੋਰਟ ਰੂਮ 'ਚ ਹਫੜਾ-ਦਫੜੀ ਮੱਚ ਗਈ। ਲੋਕ ਇੱਧਰ ਉੱਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਬਦਮਾਸ਼ਾਂ ਨੇ ਦੋਸ਼ੀ ਸ਼ਾਹਨਵਾਜ ਨੂੰ ਕੋਰਟ ਦੇ ਅੰਦਰ ਹੀ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ। ਕੋਰਟ ਦੇ ਅੰਦਰ ਤਾਬਤੋੜ 25 ਤੋਂ 26 ਗੋਲੀਆਂ ਚਲਾਈਆਂ। ਦੱਸਿਆ ਜਾ ਰਿਹਾ ਹੈ ਕਿ ਜੱਜ ਦੇ ਸਾਹਮਣੇ ਹੀ ਪੇਸ਼ੀ 'ਤੇ ਆਏ ਦੋਸ਼ੀ ਸ਼ਾਹਨਵਾਜ ਦੀ ਹੱਤਿਆ ਨੂੰ ਅੰਜ਼ਾਮ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਸ਼ਾਹਨਵਾਜ ਦੀ ਗਿਣਤੀ ਮਊਆ ਤੋਂ ਬਾਹੂਬਲੀ ਬੀ.ਐੱਸ.ਪੀ ਵਿਧਾਇਕ ਮੁਖਤਾਰ ਅੰਸਾਰੀ ਦੇ ਨਜ਼ਦੀਕੀ ਦੇ ਤੌਰ 'ਤੇ ਕੀਤੀ ਜਾਂਦੀ ਹੈ। ਸੀ.ਜੇ.ਐੱਮ ਕੋਰਟ 'ਚ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਅਮਲੇ 'ਚ ਹੜਕੰਪ ਮੱਚ ਗਿਆ। ਮੌਕੇ 'ਤੇ ਭਾਰੀ ਪੁਲਸ ਬਲ ਨੂੰ ਭੇਜਿਆ ਗਿਆ। ਇਸ ਦੇ ਨਾਲ ਹੀ ਐੱਸ.ਪੀ. ਵੀ ਉੱਥੇ ਪਹੁੰਚ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਬਿਜਨੌਰ 'ਚ ਇਸੇ ਸਾਲ 28 ਮਈ ਨੂੰ ਬੀ.ਐੱਸ.ਪੀ. ਨੇਤਾ ਹਾਜੀ ਅਹਿਸਾਨ ਅਤੇ ਉਨ੍ਹਾਂ ਦੇ ਭਾਣਜੇ ਸ਼ਾਦਾਬ ਦੀ ਉਨ੍ਹਾਂ ਦੇ ਦਫਤਰ 'ਚ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬਾਈਕ 'ਤੇ ਸਵਾਰ 3 ਨੌਜਵਾਨ ਹੱਥ 'ਚ ਮਿਠਾਈ ਦਾ ਡੱਬਾ ਲੈ ਕੇ ਆਏ ਸੀ, ਜਿਸ 'ਚ ਹਥਿਆਰ ਲੁਕਾਇਆ ਹੋਇਆ ਸੀ। ਵਾਰਦਾਤ ਤੋਂ ਪਹਿਲਾਂ ਨੌਜਵਾਨਾਂ ਨੇ ਅੰਦਰ ਜਾ ਕੇ ਪੁੱਛਿਆ ਸੀ ਕਿ ਹਾਜੀ ਅਹਿਸਾਨ ਕੌਣ ਹੈ ਅਤੇ ਇੰਨੇ ਨੂੰ ਡੱਬੇ 'ਚ ਪਿਸਟਲ ਕੱਢ ਕੇ ਦੋਵਾਂ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਅਹਿਸਾਨ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰਦਾ ਸੀ।