...............ਸਾਡੇ ਸੀਨਿਉ ਮਰਨਾ ਨਹੀ ਪੰਜਾਬ ਦਾ ਮੋਹ ਸੱਜਣਾਂ............
                                                                                                gjl.jpg                                                        

ਉਝ ਤਾਂ ਕਰਦੇ ਮਾਣ ਕਿ ਜੱਗ ਤੇ ਨਾਂ ਚਮਕਾ ਦਿੱਤਾ
ਕਹਿੰਦੇ ਪਰ ਪ੍ਰਦੇਸੀਆਂ ਨੇ ਪੰਜਾਬ ਭੁਲਾ ਦਿੱਤਾ
ਝੂਠੇ ਲਾ ਇਲਜ਼ਾਮ ਨਾ ਐਵੇ। ਕਰੀ ਧ੍ਰੋਹ ਸੱਜਣਾ
ਸਾਡੇ ਸੀਨਿਉ ਮਰਨਾ ਨਹੀ ਪੰਜਾਬ ਦਾ ਮੋਹ ਸੱਜਣਾਂ

ਇੱਕ ਦਿਨ ਹੋ ਸਕਦਾ ਕਿ ਤਪਸ਼। ਸੂਰਜ ਦੀ ਠਰ੍ਹ ਜਾਵੇ
ਇਹ ਵੀ ਹੋ ਸਕਦਾ ਕਿ ਘੁੰਮਦੀ ਧਰਤੀ ਖੜ੍ਹ ਜਾਵੇ
ਦੁਨੀਆ ਉੱਤੇ ਸਕਦੀਆਂ ਸਭ ਅਣ-ਹੋਣੀਆਂ ਹੋ ਸੱਜਣਾਂ
ਪਰ ਸਾਡੇ ਸੀਨਿਉ ਮਰਨਾ ਨਹੀ ਪੰਜਾਬ ਦਾ ਮੋਹ ਸੱਜਣਾਂ

ਜੇ ਕੋਈ ਆ ਕੇ ਆਖੇ ਮੱਛੀਆਂ ਉੱਡਦੀਆਂ ਮੰਨ ਜਾਇਉ
ਜੇ ਕੋਈ ਆਖੇ ਚਿੜੀਆਂ ਮੱਕੀ ਗੁੱਡਦੀਆਂ ਮੰਨ ਜਾਇਉ
ਪਰ ਮੰਨਿਉ ਨਾ ਪ੍ਰਦੇਸੀ ਭੁੱਲ ਗਏ ਵਤਨ ਦੀ ਛੋਹ ਸੱਜਣਾਂ
ਸਾਡੇ ਸੀਨਿਉ ਮਰਨਾ ਨਹੀ ਪੰਜਾਬ ਦਾ ਮੋਹ ਸੱਜਣਾਂ

ਸੰਭਵ ਹੈ ਜੀ ਕਿ ਸਾਗਰ ਦੇ ਪਾਣੀ ਥੰਮ੍ਹ ਜਾਵਣ
ਵੱਡੀ ਗੱਲ ਨਹੀ ਖੁਸਰਿਆਂ ਦੇ ਘਰ ਜੌੜੇ ਜੰਮ ਜਾਵਣ
ਦੁਨੀਆ ਅਜ਼ਬ-ਤਮਾਸ਼ਾ ਰੱਖਿਆ ਕਰ ਕੰਨ-ਸੋਅ ਸੱਜਣਾਂ
ਪਰ ਸਾਡੇ ਸੀਨਿਉ ਮਰਨਾ ਨਹੀ ਪੰਜਾਬ ਦਾ ਮੋਹ ਸੱਜਣਾਂ

ਅਨਪੜ੍ਹ ਪੜੇ "ਖਬਾਰ" ਹਿਮਾਲਿਆ ਹੜ੍ਹ ਵਿੱਚ ਹੜ੍ਹ ਗਿਆਂ ਏ
ਉਸ ਤੋ ਅਗਲੀ ਐਵਰਿਸਟ ਤੇ ਲੰਗੜਾ੍ ਚੜ ਗਿਆ ਏ
ਵੱਡੀ ਸੁਰਖੀ ਲਗ ਗਈ ਉੱਲੂ ਦੇਖਦੇ ਲੋਅ ਸੱਜਣਾਂ
ਪਰ ਸਾਡੇ ਸੀਨਿਉ ਮਰਨਾ ਨਹੀ ਪੰਜਾਬ ਦਾ ਮੋਹ ਸੱਜਣਾਂ

ਅੰਬਰਾਂ ਉੱਤੇ ਜਦ ਵੀ ਪਈ ਏ ਪੀਘ ਜੀ ਸੱਤਰੰਗੀ
ਪੌਣ ਪੁਰੇ ਦੀ ਜਦੋ ਜਿਸਮ ਨੂੰ ਛੂਹ ਕੇ ਵੀ ਲੰਘੀ
ਚੇਤੇ ਕਰਕੇ ਖੇਤਾਂ ਨੂੰ ਪਿਆ "ਅਮਨ" ਤਾਂ ਰੋ ਸੱਜਣਾਂ
ਸਾਡੇ ਸੀਨਿਉ ਮਰਨਾ ਨਹੀ ਪੰਜਾਬ ਦਾ ਮੋਹ ਸੱਜਣਾਂ