ਸਰਕਾਰ ਨੇ ਬਿਨਾਂ ਤਿਆਰੀ ਦੇ ਲਾਇਆ ਲਾਕ ਡਾਊਨ : ਸੋਨੀਆ ਗਾਂਧੀ
congress working committee meeting sonia gandhiਨਵੀਂ ਦਿੱਲੀ  :20(ਮੀਡੀਦੇਸਪੰਜਾਬ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੋਰੋਨਾ ਮਹਾਮਾਰੀ ਦੇ ਫੈਲਣ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 21 ਦਿਨਾਂ ਦੇ ਲਾਕ ਡਾਊਨ ਨੂੰ ਬਿਨਾਂ ਤਿਆਰੀ ਲਿਆ ਗਿਆ ਫੈਸਲਾ ਕਰਾਰ ਦਿੱਤਾ। ਸੋਨੀਆ ਗਾਂਧੀ ਨੇ ਕਿਹਾ ਕਿ ਲਾਕ ਡਾਊਨ ਕਾਰਨ ਲੱਖਾਂ ਮਜ਼ਦੂਰ ਬੇਕਾਰ ਹੋ ਕੇ ਬਾਲ-ਬੱਚਿਆਂ ਨਾਲ ਸੜਕਾਂ 'ਤੇ ਉਤਰ ਆਏ ਅਤੇ ਪੈਦਲ ਹੀ
ਆਪਣੇ ਘਰਾਂ ਨੂੰ ਪਲਾਇਨ ਕਰਨ ਲੱਗੇ। ਸੋਨੀਆ ਗਾਂਧੀ ਨੇ ਵੀਰਵਾਰ ਭਾਵ ਅੱਜ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਲਾਕ ਡਾਊਨ ਕਾਰਨ ਲੱਖਾਂ ਲੋਕਾਂ ਦੀ ਭੀੜ ਇਸ ਤਰ੍ਹਾਂ ਸੜਕ 'ਤੇ ਉਤਰਨਾ ਦਿਲ ਨੂੰ ਦੁਖਾਉਣ ਵਾਲਾ ਦ੍ਰਿਸ਼ ਹੈ। ਉਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਨਾਲ ਭੁੱਖੇ-ਪਿਆਸੇ ਪੈਦਲ ਆਪਣੇ ਘਰਾਂ ਨੂੰ ਨਿਕਲਣ ਵਾਲੇ ਮਜ਼ੂਦਰਾਂ ਦੀ ਮਦਦ ਲਈ ਅੱਗੇ ਆਉਣ ਵਾਲੇ ਲੋਕਾਂ ਦੀ ਸ਼ਲਾਘਾ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ 90 ਫੀਸਦੀ ਮਜ਼ਦੂਰ ਅਸੰਗਠਿਤ ਖੇਤਰ 'ਚ ਕੰਮ ਕਰਦੇ ਹਨ, ਜਿਨ੍ਹਾਂ 'ਚ ਕਿਸਾਨ, ਖੇਤੀ ਕਰਨ ਵਾਲੇ ਮਜ਼ਦੂਰ, ਛੋਟੇ-ਛੋਟੇ ਉਦਯੋਗਾਂ, ਵਪਾਰਕ ਕੇਂਦਰਾਂ ਅਤੇ ਦੁਕਾਨਾਂ 'ਚ ਕੰਮ ਕਰਨ ਵਾਲੇ ਲੋਕ ਸ਼ਾਮਲ ਹਨ। ਲਾਕ ਡਾਊਨ ਦੇ ਐਲਾਨ ਤੋਂ ਪਹਿਲਾਂ ਇਨ੍ਹਾਂ ਵਰਗਾਂ ਦੇ ਲੋਕਾਂ ਦੀ ਹਿਫਾਜ਼ਤ ਲਈ ਜ਼ਰੂਰੀ ਕਦਮ ਚੁੱਕੇ ਜਾਣ ਦੀ ਲੋੜ ਸੀ ਪਰ ਸਰਕਾਰ ਨੇ ਉਨ੍ਹਾਂ ਦੀ ਪਰਵਾਹ ਕੀਤੇ ਬਿਨਾਂ ਪੂਰੇ ਦੇਸ਼ 'ਚ ਲਾਕ ਡਾਊਨ ਲਾਗੂ ਕਰ ਦਿੱਤਾ। ਸੋਨੀਆ ਗਾਂਧੀ ਨੇ ਕਿ ਕਾਂਗਰਸ ਸਰਕਾਰ ਨੇ ਪਾਰਟੀ ਦੇ ਸਾਰੇ ਮੁੱਖ ਸੰਗਠਨਾਂ ਅਤੇ ਵਰਕਰਾਂ ਨੂੰ ਕੋਵਿਡ-19 ਮਹਾਮਾਰੀ ਨੂੰ ਹਰਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਕਿਸੇ ਮਹਾਮਾਰੀ ਲਈ ਦੇਸ਼, ਸੂਬੇ, ਸਿਆਸੀ ਦਲ, ਲਿੰਗ, ਜਾਤੀ ਜਾਂ ਉਮਰ ਦਾ ਭੇਦਭਾਵ ਨਹੀਂ ਹੈ। ਇਸ ਦਾ ਸਾਡੇ ਭਵਿੱਖ 'ਤੇ ਬੁਰਾ ਅਸਰ ਹੁੰਦਾ ਹੈ, ਇਸ ਲਈ ਸਾਰਿਆਂ ਨੂੰ ਮਿਲ ਕੇ ਇਸ ਮਹਾਮਾਰੀ ਨੂੰ ਹਰਾਉਣਾ ਹੈ। ਇਸ ਮਹਾਮਾਰੀ ਨੂੰ ਹਰਾਉਣਾ ਸਮੇਂ ਦੀ ਚੁਣੌਤੀ ਹੈ ਅਤੇ ਅਸੀਂ ਅੱਜ ਜੋ ਰਾਹ ਚੁਣਾਂਗੇ, ਉਹ ਸਾਡੇ ਪਰਿਵਾਰ, ਗੁਆਂਢੀਆਂ, ਸਮਾਜ ਅਤੇ ਦੇਸ਼ ਦੇ ਭਵਿੱਖ ਦਾ ਫੈਸਲਾ ਕਰੇਗਾ। ਅਸੀਂ ਇਸ ਚੁਣੌਤੀ ਦਾ ਸਾਹਮਣਾ ਕਿਵੇਂ ਕਰਦੇ ਹਾਂ, ਸਮਾਜ ਦੇ ਸਾਰੇ ਵਰਗਾਂ ਖਾਸ ਕਰ ਕੇ ਗਰੀਬਾਂ ਅਤੇ ਸਭ ਤੋਂ ਕਮਜ਼ੋਰ ਵਰਗਾਂ ਨੂੰ ਕਿਸ ਤਰ੍ਹਾਂ ਸੁਰੱਖਿਅਤ ਕਰਦੇ ਹਾਂ, ਇਹ ਸਭ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਇਕ ਨਵਾਂ ਰਾਹ ਅਤੇ ਉਦਾਹਰਣ ਸਥਾਪਤ ਹੋਵੇਗਾ।