ਬਾਰਾਮੂਲਾ 'ਚ ਤਣਾਅ, ਹੁਣ ਤੱਕ 4 ਦੀ ਮੌਤ

ਸ੍ਰੀਨਗਰ, 1 ਜੁਲਾਈ : ਜੰਮੂ ਅਤੇ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਸੁਰੱਖਿਆ ਬਲਾਂ ਵਲੋਂ ਕੀਤੀ ਗੋਲੀਬਾਰੀ ਵਿਚ ਜ਼ਖਮੀ ਹੋਏ ਇਕ ਨੌਜਵਾਨ ਨੇ ਅੱਜ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਇਥੇ ਭੜਕੀ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ। ਆਮਿਰ (24) ਨਾਂ ਦਾ ਇਕ ਨੌਜਵਾਨ ਮੰਗਲਵਾਰ ਨੂੰ ਉਸ ਵੇਲੇ ਜ਼ਖਮੀ ਹੋ ਗਿਆ ਸੀ, ਜਦੋਂ ਖਾਨਪੁਰਾ ਇਲਾਕੇ ਵਿਚ ਪਥਰਾਅ ਕਰਦੀ ਭੀੜ ਨੂੰ ਕਾਬੂ ਕਰਨ ਲਈ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ ਸੀ। ਅੱਜ ਸਵੇਰੇ ਸੌਰਾ ਮੈਡੀਕਲ ਸੰਸਥਾ ਵਿਚ ਆਮਿਰ ਦੀ ਮੌਤ ਹੋ ਗਈ। ਬਾਰਾਮੂਲਾ ਵਿਚ ਸਵੇਰੇ ਆਮਿਰ ਦੀ ਲਾਸ਼ ਪਹੁੰਚਦੇ ਹੀ ਤਣਾਅ ਫੈਲ ਗਿਆ।  

ਸੀ. ਆਰ. ਪੀ. ਐਫ. ਦੀ ਗੋਲੀਬਾਰੀ ਵਿਚ ਫੱਯਾਜ਼ ਅਹਿਮਦ ਗੋਜਰੀ (17) ਨਾਮੀ ਇਕ ਕਿਸ਼ੋਰ ਦੀ ਵੀ ਮੰਗਲਵਾਰ ਨੂੰ ਮੌਤ ਹੋ ਗਈ ਸੀ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੀ. ਆਰ. ਪੀ. ਐਫ. ਕਰਮਚਾਰੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।