ਅਸਾਮ 'ਚ ਹਿੰਸਾ ਨੂੰ ਰੋਕਣ ਲਈ ਯੂ ਪੀ ਏ ਵਚਨਬੱਧ : ਚਿਦੰਬਰਮ
ਨਵੀਂ ਦਿੱਲੀ, 2 ਜੁਲਾਈ  : ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਅਸਾਮ 'ਚ ਹਿੰਦੀ ਭਾਸ਼ੀ ਲੋਕਾਂ 'ਤੇ ਹੋਏ ਹਮਲਿਆਂ ਸਬੰਧੀ ਕਿਹਾ ਹੈ ਕਿ ਪੂਰਬੀ ਉਤਰ 'ਚ ਵਿਦਰੋਹੀ ਸਮੂਹਾਂ ਵੱਲੋਂ ਚਲਾਈ ਜਾ ਰਹੀ ਹਿੰਸਾ 'ਤੇ ਰੋਕ ਲਗਾਉਣ ਲਈ ਯੂ ਪੀ ਏ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੰਸਦੀ ਸ਼ਕਤੀਆਂ ਅਤੇ ਸੂਬਾ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਪਰ ਇਸ ਦੇ ਬਾਵਜੂਦ ਵੀ ਇਸ ਤਰ੍ਹਾਂ ਦੀਆਂ ਮਾੜੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਸਾਮ 'ਚ ਡਾਲਿਆ ਹਿੰਸਾ ਦੀਆਂ ਖਬਰਾਂ 'ਤੇ ਪ੍ਰਤੀਕਿਰਿਆ ਜਿਤਾਉਂਦਿਆਂ ਗ੍ਰਹਿ ਮੰਤਰੀ ਨੇ ਗੈਰ ਅਸਾਮੀਆਂ ਦੀ ਹੱਤਿਆ ਨੂੰ  ਚਿੰਤਾ ਦਾ ਵਿਸ਼ਾ ਕਰਾਰ ਦਿੱਤਾ ਅਤੇ ਇਸ ਉਤੇ ਦੁੱਖ ਵੀ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਪੂਰਬੀ ਉਤਰ ਵਿਚ ਜਦੋਂ ਤੱਕ ਵਿਦਰੋਹ ਜਾਰੀ ਰਹੇਗਾ ਉਦੋਂ ਤੱਕ ਅਜਿਹੀਆਂ ਮਾੜੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਐਨ ਡੀ ਐਫ ਬੀ ਦੇ ਅਤਿਵਾਦੀਆਂ ਨੇ ਹਾਲ ਹੀ 'ਚ ਅਸਾਮ ਦੇ ਰੰਗਪਾੜਾ 'ਚ ਚਾਰ ਹਿੰਦੀ ਭਾਸ਼ੀਆਂ ਦਾ ਹੱਤਿਆ ਕਰ ਦਿੱਤੀ ਸੀ। ਇਸ ਤੋਂ ਇਲਾਵਾ ਬੰਗਲਾਦੇਸ਼ ਤੋਂ ਘੁੱਸਪੈਠ ਦੇ ਮੁੱਦੇ 'ਤੇ ਕਿਹਾ ਕਿ ਸਰਕਾਰ ਹੱਦ 'ਤੇ ਬਣਾਈਆਂ ਚੌਕੀਆਂ ਨੂੰ ਮਜ਼ਬੂਤ ਬਣਾਉਣ ਲਈ ਅਤੇ ਘੁੱਸਪੈਠ ਨੂੰ ਰੋਕਣ ਲਈ ਸਖਤ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵਾੜ ਲਾਉਣ ਦਾ ਕੰਮ ਲਗਾਤਾਰ ਕਰ ਰਹੇ ਹਾਂ ਅਤੇ ਸਾਰੀਆਂ  ਸਰਹੱਦੀ ਚੌਕੀਆਂ ਨੂੰ ਇਕ ਨੈਟਵਰਕਿੰਗ ਹੇਠ ਲਿਆਂਦਾ ਜਾ ਰਿਹਾ ਹੈ ਇਸ ਲਈ ਮੇਰਾ ਮੰਨਣਾ ਹੈ ਕਿ ਭਾਰਤ ਬੰਗਲਾਦੇਸ਼ੀਆਂ ਦੀ ਘੁੱਸਪੈਠ ਨੂੰ ਰੋਕਣ ਲਈ ਸਾਰਥਕ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਜੋ ਲੋਕ ਜਾਇਜ਼ ਤਰੀਕੇ ਨਾਲ ਭਾਰਤ ਆਉਂਦੇ  ਹਨ ਉਨ੍ਹਾਂ ਨੂੰ ਵੀਜ਼ਾ ਖਤਮ ਹੋਣ 'ਤੇ ਵਾਪਸ ਜਾਣ ਲਈ ਕਿਹਾ ਜਾ ਰਿਹਾ ਹੈ।