ਇਕ ਸਾਲ ਤੋਂ ਸੰਭਾਲ ਰਹੇ ਸਨ ਵਿਸਫ਼ੋਟਕ ਸਮੱਗਰੀ

ਜਗਰਾਉਂ,2 ਜੁਲਾਈ   :ਖ਼ਾਲਿਸਤਾਨ ਕਮਾਂਡੋ ਫ਼ੋਰਸ ਨਾਲ ਸਬੰਧ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ਤੋਂ ਕਈ ਤਰ੍ਹਾਂ ਦੇ ਸਨਸਨੀਖੇਜ਼ ਖੁਲਾਸੇ ਹੋਏ ਹਨ। ਰਿਪੋਰਟਾਂ ਮੁਤਾਬਕ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਤਿੰਨਾਂ ਤੋਂ ਬਰਾਮਦ ਹੋਈ ਵਿਸਫ਼ੋਟਕ ਸਮੱਗਰੀ ਇਕ ਸਾਲ ਪਹਿਲਾਂ ਜਗਰਾਉਂ ਪਹੁੰਚ ਚੁੱਕੀ ਸੀ। ਬਾਬਾ ਬਲਬੀਰ ਸਿੰਘ ਨੇ ਗੁਰਦੁਆਰਾ ਰਾਜੋਆਣਾ ਸਾਹਿਬ 'ਚ ਇਹ ਵਿਸਫ਼ੋਟਕ ਸਮੱਗਰੀ ਲੁਕੋ ਕੇ ਰੱਖੀ ਹੋਈ ਸੀ।
ਲੁਧਿਆਣਾ ਦੇ ਇਕ ਗੁਰਦੁਆਰੇ 'ਚ ਸੇਵਾ ਕਰਨ ਵਾਲੇ ਕੁਲਵਿੰਦਰ ਸਿੰਘ ਬਾਬਾ ਇਹ ਵਿਸਫ਼ੋਟਕ ਸਮੱਗਰੀ ਲੈਣ ਲੰਮੇ ਪਿੰਡ ਗਿਆ ਸੀ। ਡੀਐਸਪੀ ਸਤਨਾਮ ਸਿੰਘ ਮੁਤਾਬਕ ਬਲਬੀਰ ਸਿੰਘ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਇਹ ਵਿਸਫ਼ੋਟਕ ਸਮੱਗਰੀ ਉਸਨੂੰ ਦੋ ਸਕੂਟਰ ਸਵਾਰ ਦੇ ਕੇ ਗਏ ਸਨ। ਪੁਲਿਸ ਮੁਤਾਬਕ ਇਨ੍ਹਾਂ ਤਿੰਨਾਂ ਵਿਅਕਤੀਆਂ ਦਾ ਸਬੰਧ ਖ਼ਾਲਿਸਤਾਨ ਕਮਾਂਡੋ ਫ਼ੋਰਸ ਨਾਲ ਹੈ, ਜੋ ਪਾਕਿਸਤਾਨੀ ਖ਼ੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ 'ਤੇ ਕੰਮ ਕਰਦੀ ਹੈ। ਇਹ ਤਿੰਨੋਂ ਵਿਅਕਤੀ ਇਕ-ਦੂਜੇ ਨੂੰ ਨਹੀਂ ਜਾਣਦੇ ਸਨ,

ਇਨ੍ਹਾਂ ਨੂੰ ਪਾਕਿਸਤਾਨ ਤੋਂ ਮਿਲਣ ਵਾਲੇ ਆਦੇਸ਼ਾਂ ਮੁਤਾਬਕ ਹੀ ਕੰਮ ਕਰਨਾ ਪੈਂਦਾ ਸੀ। ਦੱਸਿਆ ਗਿਆ ਕਿ ਆਈਐਸਆਈ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨੂੰ ਪੈਸੇ ਦਾ ਲਾਲਚ ਦੇ ਕੇ ਜਾਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਵਰਗਲਾਉਣ ਦੀ ਕੋਸ਼ਿਸ਼ ਕਰਦੀ ਹੈ।