ਪੱਤਰਕਾਰ ਜਰਨੈਲ ਸਿੰਘ ਨੂੰ ਨੌਕਰੀਓਂ ਕੱਢਿਆ
ਨਵੀਂ ਦਿੱਲੀ,2 ਜੁਲਾਈ   :ਲੋਕ ਸਭਾ ਚੋਣਾਂ ਤੋਂ ਪਹਿਲਾਂ ਗ੍ਰਹਿ ਮੰਤਰੀ ਪੀ. ਚਿਦੰਬਰਮ 'ਤੇ ਜੁੱਤਾ ਵਗਾਹ ਮਾਰਨ ਵਾਲੇ ਪੱਤਰਕਾਰ ਨੂੰ ਅੱਜ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਜਰਨੈਲ ਸਿੰਘ ਤੋਂ ਪ੍ਰੈਸ ਟਰੱਸਟ ਆਫ਼ ਇੰਡੀਆ ਦਾ ਕਾਰਡ ਵਾਪਸ ਲੈ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਕਾਂਗਰਸ ਵਲੋਂ ਟਿਕਟਾਂ ਦੇਣ ਦੇ ਵਿਰੋਧ 'ਚ ਸਿੱਖ ਭਾਈਚਾਰੇ ਦੇ ਰੋਸ ਵਜੋਂ ਗ੍ਰਹਿ ਮੰਤਰੀ ਪੀ. ਚਿਦੰਬਰਮ 'ਤੇ ਸਿੱਖ ਪੱਤਰਕਾਰ ਜਰਨੈਲ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਨਵੀਂ ਦਿੱਲੀ 'ਚ ਜੁੱਤਾ ਵਗਾਹ ਮਾਰਿਆ ਸੀ। ਇਹ ਘਟਨਾ 7 ਮਈ ਨੂੰ ਵਾਪਰੀ ਸੀ। ਜਿਸ ਅਖ਼ਬਾਰ 'ਚ ਇਹ ਪੱਤਰਕਾਰ ਕੰਮ ਕਰਦਾ ਹੈ, ਉਸਨੇ ਇਸ ਘਟਨਾ ਦੀ ਨਿੰਦਾ ਵੀ ਛਾਪੀ ਸੀ ਤੇ ਜਰਨੈਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਜਰਨੈਲ ਸਿੰਘ ਦਾ ਕਹਿਣਾ ਹੈ ਕਿ ਚੋਣਾਂ ਤੋਂ ਬਾਅਦ ਅਖ਼ਬਾਰ ਨੇ ਉਸ 'ਤੇ ਅਸਤੀਫ਼ਾ ਦੇਣ ਲਈ ਦਬਾਅ ਪਾਇਆ ਸੀ, ਜਿਸ ਲਈ ਉਹ ਰਾਜ਼ੀ ਨਾ ਹੋਇਆ ਤਾਂ ਉਸਨੂੰ ਜ਼ਬਰੀ ਨੌਕਰੀ ਤੋਂ ਕੱਢ ਦਿੱਤਾ ਗਿਆ। ਯਾਦ ਰਹੇ ਕਿ ਪੀ. ਚਿਦੰਬਰਮ ਨੇ ਉਸ ਵੇਲੇ ਜਰਨੈਲ ਸਿੰਘ ਨੂੰ ਮੁਆਫ਼ ਕਰ ਦਿੱਤਾ ਸੀ।