ਸੇਵਾਮੁਕਤੀ ਬਾਅਦ ਪੰਜਾਬ ਦੀ ਸਿਆਸਤ ਵਿਚ ਨਹੀਂ ਆਵਾਂਗਾ : ਵਿਰਕ

ਮੁਹਾਲੀ, 3 ਜੁਲਾਈ   : ਪੰਜਾਬ ਸਰਕਾਰ ਦੀਆਂ ਹਦਾਇਤਾਂ ਉਤੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਦਰਜ ਕੀਤੇ ਮਾਮਲੇ ਵਿਚ ਨਾਮਜਜ਼ਦ ਪੰਜਾਬ ਦੇ ਸਾਬਕਾ ਅਤੇ ਮਹਾਰਾਰਸ਼ਟਰ ਦੇ ਮੌਜੂਦਾ ਪੁਲੀਸ ਮੁਖੀ ਸਰਬਦੀਪ ਸਿੰਘ ਵਿਰਕ ਅੱਜ ਮੁਹਾਲੀ ਅਦਾਲਤ ਵਿਚ ਪੇਸ਼ ਹੋਏ। ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੈਜ ਜੇ ਐਸ ਕੁਲਾਰ ਦੀ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲਈ ਅਗਲੀ ਧਰੀਕ ਇਕ ਅਗਸਤ ਨਿਰਧਾਰਤ ਕੀਤੀ ਹੈ।  ਸ੍ਰੀ ਵਿਰਕ ਨੇ ਅੱਜ ਆਪਣੇ ਵਕੀਲ ਏ ਐਸ ਸੁਖੀਜਾ ਰਾਹੀਂ ਅਦਾਲਤ ਵਿਚ ਪੇਸ਼ ਹੋਏ ਅਤੇ ਇਕ ਅਰਜ਼ੀ ਦੇ ਕੇ ਅਦਾਲਤ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕੁਝ ਹੋਰ ਸਮਾਂ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਨੇ ਦਿੱਲੀ ਤੋਂ ਵਕੀਲ ਕਰਨਾ ਹੈ। ਇਸ ਅਰਜ਼ੀ ਨੂੰ ਮਨਜ਼ੂਰੀ ਦਿੰਦਿਆਂ ਮੁਹਾਲੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਅੱਜ ਸ੍ਰੀ ਵਿਰਕ 'ਤੇ ਦੋਸ਼ ਆਇਦ ਹੋਣ ਸਬੰਧੀ ਬਹਿਸ ਹੋਣੀ ਸੀ ਜਿਹੜੀ ਕਿ ਸਰਕਾਰੀ ਵਕੀਲ ਪਰਦੀਪ ਮਹਿਤਾ ਦੇ ਮੌਜੂਦ ਨਾ ਹੋਣ ਕਾਰਨ ਨਹੀਂ ਹੋ ਸਕੀ।  ਜ਼ਿਕਰਯੋਗ ਹੈ ਕਿ ਸਾਬਕਾ ਡੀ ਜੀ ਪੀ ਪੰਜਾਬ ਸਰਬਜੀਤ ਸਿੰਘ ਵਿਰਕ ਵਿਰੁੱਧ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੁਹਾਲੀ ਦੇ ਫੇਜ਼ 8 ਵਿਜੀਲੈਂਸ ਥਾਣਾ ਵਿਚ ਆਮਦਨ ਸਰੋਤਾ ਤੋਂ

ਵੱਧ ਜਾਇਦਾਦ ਬਣਾਉਣ ਅਤੇ ਕਥਿਤ ਤੌਰ 'ਤੇ ਅਤਿਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਅਧੀਨ ਮੁਹਾਲੀ ਵਿਖੇ ਸਤੰਬਰ 2007 ਵਿਚ ਮਾਮਲਾ ਦਰਜ ਕੀਤਾ ਸੀ। ਮੁਕੱਦਮਾ ਦਰਜ ਕਰਨ ਤੋਂ ਬਾਅਦ 9 ਸਤੰਬਰ 2007 ਨੂੰ ਵਿਜੀਲੈਂਸ ਨੇ ਸ੍ਰੀ ਵਿਰਕ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਕੇ ਮੁਹਾਲੀ ਲਿਆਂਦਾ  ਸੀ ਪਰ ਮੁਹਾਲੀ ਅਦਾਲਤ ਵਿਚ ਪੇਸ਼ ਕਰਨ ਸਮੇਂ ਸ੍ਰੀ ਵਿਰਕ ਦੀ ਅਚਾਨਕ ਤਬੀਅਤ ਵਿਗੜ ਗਈਸੀ ਅਤੇ ਉਨ੍ਹਾਂ ਨੂੰ ਮੁਹਾਲੀ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਅਤੇ ਅਦਾਲਤੀ ਕਾਰਵਾਈ ਵੀ ਹਸਪਤਾਲ ਵਿਚ ਪੂਰੀ ਕੀਤੀ ਗਈ ਸੀ। ਦੂਜੇ ਦਿਨ ਸ੍ਰੀ ਵਿਰਕ ਦੀ ਤਬੀਅਤ ਹੋਰ ਵੀ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ ਸੀ ਅਤੇ ਪੀ ਜੀ ਆਈ ਵਿਖੇ ਇਲਾਜ਼ ਦੌਰਾਨ ਹੀ ਸ੍ਰੀ ਵਿਰਕ ਨੂੰ ਜ਼ਮਾਨਤ ਮਿਲ ਗਈ ਸੀ।
 ਇਸ ਦੌਰਾਨ ਅਦਾਲਤ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵਿਰਕ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਿਆਸੀ ਬਦਲਾਖੋਰੀ ਤੇ ਤਹਿਤ ਉਨ੍ਹਾਂ ਨੂੰ ਝੂਠੇ ਮਾਮਲੇ ਵਿਚ ਫਸਾਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਰ ਉਨ੍ਹਾਂ ਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ, ਕਾਨੂੰਨ ਉਨ੍ਹਾਂ ਨਾਲ ਜ਼ਰੂਰ ਇਨਸਾਫ ਕਰੇਗਾ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਉਹ ਆਉਣ ਵਾਲੇ ਸਮੇਂ ਵਿਚ ਰਿਟਾਇਰਮੈਂਟ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਆ ਸਕਦੇ ਹਨ ਤਾਂ ਸ੍ਰੀ ਵਿਰਕ ਨੇ ਕਿਹਾ ਕਿ ਉਨ੍ਹਾਂ ਦਾ ਅਜਿਹਾ ਕੋਈ ਵਿਚਾਰ ਨਹੀਂ ਹੈ ਅਤੇ ਉਹ ਸਿਆਸਤ ਵਿਚ ਨਹੀਂ ਆਉਣਗੇ।