ਰੇਲ ਬਜ਼ਟ : ਆਮ ਆਦਮੀ ਦਾ ਰੱਖਿਆ ਖਿਆਲ
ਨਵੀਂ ਦਿੱਲੀ,3 ਜੁਲਾਈ   :ਬਿਨ੍ਹਾਂ ਕਿਸੇ ਯਾਤਰੀ ਕਿਰਾਏ ਤੇ ਮਾਲ ਭਾੜੇ 'ਚ ਵਾਧੇ ਦੇ ਆਮ ਆਦਮੀ ਦਾ ਧਿਆਨ ਰੱਖਦਿਆਂ ਦੇਸ਼ ਦੀ ਰੇਲ ਮੰਤਰੀ ਮਮਤਾ ਬੈਨਰਜ਼ੀ ਨੇ ਅੱਜ ਸੰਸਦ 'ਚ ਸਾਲ 2009-10 ਦਾ ਰੇਲ ਬਜ਼ਟ ਪੇਸ਼ ਕੀਤਾ। ਦੇਸ਼ ਦੀ ਦੂਜੀ ਮਹਿਲਾ ਰੇਲ ਮੰਤਰੀ ਮਮਤਾ ਬੈਨਰਜ਼ੀ ਨੇ ਰੇਲ ਬਜ਼ਟ 'ਚ ਰੇਹੜੀ-ਫੜ੍ਹੀ ਵਾਲੇ, ਔਰਤਾਂ, ਪੱਤਰਕਾਰਾਂ, ਵਿਦਿਆਰਥੀਆਂ ਅਤੇ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਵਿਸ਼ੇਸ਼ ਸੁਵਿਧਾਵਾਂ ਦੇਣ ਦਾ ਐਲਾਨ ਕੀਤਾ। ਬਜ਼ਟ ਪੇਸ਼ ਕਰਦਿਆਂ ਮਹਿਲਾ ਰੇਲ ਮੰਤਰੀ ਨੇ ਕਿਹਾ ਕਿ, '' ਮੈਂ ਰੇਲ ਦੇ ਕਿਸੇ ਵੀ ਦਰਜੇ ਜਾਂ ਸ਼੍ਰੇਣੀ ਦੇ ਯਾਤਰੀ ਕਿਰਾਏ 'ਚ ਵਾਧੇ ਦੀ ਤਜਵੀਜ਼ ਨਹੀਂ ਰੱਖੀ ਹੈ।''
ਰੇਲਵੇ ਬਜ਼ਟ 'ਚ ਦੇਸ਼ ਦੇ 50 ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ ਵਿਸ਼ਵਪੱਧਰੀ ਬਣਾਉਣ ਅਤੇ 375 ਰੇਲਵੇ ਸਟੇਸ਼ਨਾਂ ਨੂੰ ਆਦਰਸ਼ ਸਟੇਸ਼ਨਾਂ ਦੇ ਰੂਪ 'ਚ ਵਿਕਸਿਤ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ। ਬਜ਼ਟ ਅਨੁਸਾਰ ਧਾਰਮਿਕ ਮਹੱਤਵ ਵਾਲੇ 50 ਰੇਲਵੇ ਸਟੇਸ਼ਨਾਂ ਨੂੰ ਆਪਸ ਵਿਚ ਜੋੜਿਆ ਜਾਵੇਗਾ। ਇਸਦੇ ਨਾਲ ਹੀ ਮੀਡੀਆ ਕਰਮੀਆਂ ਨੂੰ ਤੌਹਫ਼ੇ ਦੇ ਰੂਪ 'ਚ ਰੇਲ ਕਿਰਾਏ 'ਚ ਰਿਆਇਤ 30 ਪ੍ਰਤੀਸ਼ਤ ਤੋਂ ਵਧਾ ਕੇ 50 ਪ੍ਰਤੀਸ਼ਤ ਕਰ ਦਿੱਤੀ ਗਈ। ਮੀਡੀਆ ਕਰਮੀਆਂ ਦੇ ਪਤੀ/ਪਤਨੀ ਨੂੰ ਵੀ ਰੇਲ ਬਜ਼ਟ 'ਚ ਰਿਆਇਤ ਦੇਣ ਦੀ ਤਜਵੀਜ਼ ਪੇਸ਼ ਕੀਤੀ ਗਈ। ਜ਼ਿਕਰਯੋਗ ਹੈ ਕਿ 14ਵੀਂ ਲੋਕ ਸਭਾ ਦਾ ਅੰਤਲਾ ਬਜ਼ਟ ਲਾਲੂ ਪ੍ਰਸ਼ਾਦ ਯਾਦਵ ਨੇ ਚੋਣਾਂ ਤੋਂ ਪਹਿਲਾਂ ਲੰਘੀ 13 ਫ਼ਰਵਰੀ ਨੂੰ 2009-10 ਦੇ ਅੰਤਰਿਮ ਬਜ਼ਟ ਵਜੋਂ ਪੇਸ਼ ਕੀਤਾ ਸੀ। ਰੇਲ ਮੰਤਰੀ ਮਮਤਾ ਬੈਨਰਜ਼ੀ ਦੇਸ਼ ਦੀ ਦੂਜੀ ਮਹਿਲਾ ਰੇਲ ਮੰਤਰੀ ਹੈ ਜਿਸਨੇ ਅੱਜ ਰੇਲ ਬਜ਼ਟ ਪੇਸ਼ ਕੀਤਾ। ਇਸ ਤੋਂ ਪਹਿਲਾਂ ਮੋਹਸਿਨਾ ਕਿਦਵਈ ਨੇ 1987 'ਚ ਬਤੌਰ ਮਹਿਲਾ ਰੇਲ ਮੰਤਰੀ ਬਜ਼ਟ ਪੇਸ਼ ਕੀਤਾ ਸੀ। ਸ੍ਰੀਮਤੀ ਬੈਨਰਜ਼ੀ ਨੇ ਰੇਲ ਬਜ਼ਟ 'ਚ 57 ਨਵੀਆਂ ਰੇਲ ਗੱਡੀਆਂ, 27 ਰੇਲਾਂ ਦੇ ਰੂਟ ਦਾ ਵਿਸਥਾਰ ਕਰਨ ਅਤੇ 13 ਰੇਲਾਂ ਦੇ ਫੇਰਿਆਂ 'ਚ ਵਾਧਾ ਕਰਨ ਦਾ ਐਲਾਨ ਵੀ ਕੀਤਾ।