ਵਿਸ਼ੇਸ਼ ਆਰਥਿਕ ਜ਼ੋਨ ਨੂੰ ਹਰੀ ਝੰਡੀ

ਚੰਡੀਗੜ੍ਹ : 7 ਜੁਲਾਈ-ਨਿਰਮਲ ਸਿੰਘ ਮਾਨਸ਼ਾਹੀਆ


ਪੰਜਾਬ ਮੰਤਰੀ ਪ੍ਰੀਸ਼ਦ ਨੇ ਅੱਜ ਪੰਜਾਬ ਵਿਚ ਵਿਸ਼ੇਸ਼ ਆਰਥਿਕ ਜ਼ੋਨ ਸਥਾਪਤ ਕਰਨ, ਆਰੰਭ ਕਰਨ ਅਤੇ ਸਥਿਰ ਵਿਕਾਸ ਲਈ ਮਜ਼ਬੂਤ ਢਾਂਚਾ ਤਿਆਰ ਕਰਨ ਲਈ ਪੰਜਾਬ ਵਿਸ਼ੇਸ਼ ਆਰਥਿਕ ਜ਼ੋਨ ਐਕਟ-2009 ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ।ਇਸ ਸੰਬਧੀ ਫ਼ੈਸਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪੰਜਾਬ ਭਵਨ ਵਿਖੇ ਅੱਜ ਸ਼ਾਮ ਹੋਈ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਦੌਰਾਨ ਲਿਆ ਗਿਆ। ਹੋਰ ਵੇਰਵੇ ਦਿੰਦੇ ਹੋਏ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਨੇ ਦੱਸਿਆ ਕਿ ਮਹਾਰਾਸ਼ਟਰਾ, ਗੁਜਰਾਤ,ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਤੋਂ ਬਾਅਦ ਵਿਸ਼ੇਸ ਆਰਥਿਕ ਜ਼ੋਨ (ਐਸ ਈ ਜ਼ੈਡ) ਐਕਟ ਲਾਗੂ ਕਰਨ ਵਾਲਾ ਦੇਸ਼ ਦਾ ਪੰਜਵਾਂ ਰਾਜ ਹੋਵੇਗਾ। ਮੰਤਰੀ ਪ੍ਰੀਸ਼ਦ ਵਲੋਂ ਪੰਜਾਬ ਵਿਸ਼ੇਸ਼ ਆਰਥਿਕ ਜ਼ੋਨ ਬਿਲ-2009 ਦਾ ਸੰਭਾਵੀ ਖਰੜਾ ਬਜਟ ਸੈਸ਼ਨ ‘ਚ ਪੰਜਾਬ ਵਿਧਾਨ ਵਿਚ ਪੇਸ਼ ਕੀਤਾ ਜਾਵੇਗਾ।ਮੰਤਰੀ ਪ੍ਰੀਸ਼ਦ ਵੱਲੋਂ ਆਸਟਰੀਆ (ਵਿਆਨਾ) ਵਿਖੇ ਡੇਰਾ ਸੱਚ ਖੰਡ ਬੱਲਾਂ ਦੇ ਸੰਤ ਰਾਮਾ ਨੰਦ ਦੀ ਮੌਤ ਉਪਰੰਤ ਹੋਈਆਂ ਹਿੰਸਕ ਘਟਨਾਵਾਂ ਦੌਰਾਨ ਸੰਪਤੀ/ਗੱਡੀਆਂ ਦੇ ਨੁਕਸਾਨ ਸੰਬਧੀ ਮਾਲਕਾਂ ਨੂੰ ਮੁਆਵਜ਼ਾ ਦੇਣ ਲਈ 3.59 ਕਰੋੜ ਰੁਪਏ ਦੀ ਗ੍ਰਾਂਟ ਨੂੰ ਪ੍ਰਵਾਨਗੀ ਵੀ ਦਿੱਤੀ ਗਈ। ਇਨ੍ਹਾਂ ਹਿੰਸਕ ਵਾਰਦਾਤਾਂ ਵਿਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਲੁਧਿਆਣਾ, ਮੁਕਤਸਰ, ਸ਼ਹੀਦ ਭਗਤ ਸਿੰਘ ਨਗਰ, ਫ਼ਿਰੋਜ਼ਪੁਰ ਅਤੇ ਸੰਗਰੂਰ ਜ਼ਿਲ੍ਹਿਆਂ ‘ਚ ਪ੍ਰਾਈਵੇਟ ਸੰਪਤੀ ਅਤੇ ਗੱਡੀਆਂ ਦੇ ਨੁਕਸਾਨ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਸਨ। ਮੁਆਵਜ਼ੇ ਦਾ ਭੁਗਤਾਨ ਯਕਮੁਸ਼ਤ ਹੀ ਕੀਤਾ ਜਾਵੇਗਾ। ਇਨ੍ਹਾਂ ਜ਼ਿਲ੍ਹਿਆ ਵਿਚ ਨਿੱਜੀ ਸੰਪਤੀ ਦੇ ਨਾਲ-ਨਾਲ 26.20 ਕਰੋੜ ਰੁਪਏ ਦੀ ਕੇਂਦਰ ਸਰਕਾਰ ਦੀ ਸੰਪਤੀ ਅਤੇ 2.42 ਕਰੋੜ ਰੁਪਏ ਦੀ ਰਾਜ ਸਰਕਾਰ ਦੀ ਸੰਪਤੀ ਦੇ ਨੁਕਸਾਨ ਦੀਆਂ ਵੀ ਰਿਪੋਰਟਾਂ ਮਿਲੀਆਂ ਹਨ।ਮੰਤਰੀ ਪ੍ਰੀਸ਼ਦ ਨੇ ਤਕਨੀਕੀ ਸਿਖਿਆ ਵਿਭਾਗ ਵਿਚ ਠੇਕੇ ਦੇ ਅਧਾਰ ‘ਤੇ ਕੰਮ ਕਰ ਰਹੇ 42 ਲੈਕਚਰਾਰਾਂ/ਫੈਸ਼ਨ ਡਿਜਾਇਨਰਾਂ/ਪ੍ਰੋਗਰਾਮਰਾਂ ਦੀ ਸੇਵਾਵਾਂ ਨੂੰ ਤੁਰੰਤ ਨਿਯਮਤ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਜਿਹੜੇ ਕਿ ਪਹਿਲਾਂ ਹੀ ਇਸ ਵਿਭਾਗ ਵਿਚ ਐਡਹਾਕ ਲੈਕਚਰਾਰਾਂ/ ਫੈਸ਼ਨ ਡਿਜਾਇਨਰਾਂ/ਪ੍ਰੋਗਰਾਮਰਾਂ ਦੇ ਬਰਾਬਰ ਲਾਭ ਲੈ ਰਹੇ ਹਨ। ਇਹਨਾਂ ਨੂੰ ਨਿਯਮਤ ਕਰਨ ਦੀ ਮਿਤੀ ਤੋਂ ਬਣਦਾ ਪੈਨਸ਼ਨ ਲਾਭ ਵੀ ਦਿੱਤਾ ਜਾਵੇਗਾ। ਮੰਤਰੀ ਪ੍ਰੀਸ਼ਦ ਨੇ ਪੰਜਾਬ ਖੇਤੀਬਾੜੀ ਕਰੈਡਿਟ ਆਪਰੇਸ਼ਨ ਅਤੇ ਫੁਟਕਲ ਪ੍ਰੋਵੀਜ਼ਿਨਸ (ਬੈਂਕਾਂ) ਨਿਯਮ-1979 ਵਿਚ ਸੋਧ ਨੂੰ ਪ੍ਰਵਾਨਗੀ ਵੀ ਦਿੱਤੀ।