ਕਮਾਲ ਹੋ ਗਈ! ਮਰਨ ਤੋਂ ਡੇਢ ਸਾਲ ਬਾਅਦ ਕਰਵਾ ਗਿਆ ਜਸਵੀਰ ਸਿੰਘ ਰਜਿਸਟਰੀ
ਬਠਿੰਡਾ,  7 ਜੁਲਾਈ:  ਕੀ ਮੌਤ ਤੋਂ ਡੇਢ ਸਾਲ ਬਾਅਦ ਕੋਈ ਵਿਅਕਤੀ ਤਹਿਸੀਲਦਾਰ ਦੇ ਦਫਤਰ ਵਿਚ ਹਾਜ਼ਰ ਹੋ ਕੇ ਰਜਿਸਟਰੀ ਕਰਵਾ ਸਕਦਾ ਹੈ? ਇਸ ਸਵਾਲ ਦਾ ਜਵਾਬ ਤਾਂ ਭਾਵੇਂ ਨਾਂਹ ਵਿਚ ਹੀ ਮਿਲੇਗਾ, ਪਰ ਮਾਲ ਵਿਭਾਗ ਦੇ ਬਠਿੰਡਾ ਦੇ ਦਫਤਰ ਦਾ ਰਿਕਾਰਡ ਤਾਂ ਇਸ ਝੁਠੇ ਤੱਕ ਦੀ ਪੁਸ਼ਟੀ ਕਰਦਾ ਹੈ।
 ਜਾਣਕਾਰੀ ਅਨੁਸਾਰ ਸਥਾਨਕ ਚੰਦਰਸ ਬਸਤੀ ਦੇ ਵਸਨੀਕ ਜਸਵੀਰ ਸਿੰਘ ਪੁਤਰ ਜੱਗਰ ਸਿੰਘ ਦੀ ਮਿਤੀ 28 ਅਪ੍ਰੈਲ 2007 ਨੂੰ ਮੌਤ ਹੋ ਗਈ ਸੀ,ਜਿਸ ਸਬੰਧੀ ਰਜਿਸਟਰਾਰ ਜਨਮ ਤੋਂ ਮੌਤ ਬਠਿੰਡਾ ਦੇ ਰਜਿਸਟਰ ਨੰਬਰ 258 ਦੇ ਪੰਨਾ 13 'ਤੇ ਇੰਦਰਾਜ਼ ਦਰਜ ਹੈ। ਜਸਵੀਰ ਸਿੰਘ ਦੀ ਮੌਤ ਤੋਂ ਕਰੀਬ ਡੇਢ ਸਾਲ ਬਾਅਦ ਉਸ ਦੇ ਲਾਲ ਸਿੰਘ ਬਸਤੀ ਸਥਿਤ ਪਲਾਟ ਖਸਰਾ ਨੰਬਰ 4380-1 ਮਿਨ ਅਤੇ 4380-3 ਮਿਨ ਵਿਚੋਂ 275 ਮੁਰੱਬਾ ਗਜ਼ ਦੀ ਰਜਿਸਟਰੀ ਹਰਦੀਪ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਮੁਲਤਾਨੀਆ ਰੋਡ ਬਠਿੰਡਾ ਦੇ ਹੱਕ ਵਿਚ ਕੀਤੀ ਗਈ ਹੈ।  ਸਬ ਰਜਿਸਟਰਾਰ ਕਰਨੈਲ ਸਿੰਘ ਭੁੱਲਰ ਵੱਲੋਂ 2,75,000 ਰੁਪਏ ਵਿਚ ਵੇਚੇ ਇਸ ਪਲਾਟ ਦੀ ਆਪਣੇ ਦਸਤਖਤਾਂ ਹੇਠਾਂ ਕੀਤੀ ਇਸ ਰਜਿਸਟਰੀ ਉਪਰ ਵੇਚਕਾਰ ਵਜੋਂ ਜਸਵੀਰ ਸਿੰਘ ਦੇ ਹਸਤਾਖਰ ਹੀ ਨਹੀਂ ਕੰਪਿਊਟਰਾਈਜ਼ ਫੋਟੋ ਵੀ ਹੈ, ਜਦਕਿ ਵੇਚਕਾਰ ਦੇ ਖਰੀਦਦਾਰ ਦੀ ਸ਼ਨਾਖਤ ਨਗਰ ਕੌਂਸਲਰ ਜਸਵੀਰ ਕੌਰ ਅਤੇ ਸਾਬਕਾ ਨਗਰ ਕੌਂਸਲਰ ਛਿੰਦਰ ਕੌਰ ਨੇ ਕੀਤੀ।
 ਮ੍ਰਿਤਕ ਜਸਵੀਰ ਸਿੰਘ ਦੀ ਵਿਧਵਾ ਮਨਜੀਤ ਕੌਰ ਨੂੰ ਜਦ ਇਹ ਪਤਾ ਲੱਗਾ ਕਿ ਉਸ ਦਾ ਪਲਾਟ ਵੇਚਿਆ ਜਾ ਚੁੱਕਾ ਹੈ ਤਾਂ ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਰਖਾਸਤ ਪੇਸ਼ ਕਰਕੇ ਮੰਗ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਜ਼ਿਲ੍ਹਾ ਪੁਲਿਸ ਮੁਖੀ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਮ੍ਰਿਤਕ ਦੀ ਜਗ੍ਹਾ 'ਤੇ ਕਿਸ ਨੇ ਖੜ੍ਹ ਕੇ ਰਜਿਸਟਰੀ ਕਰਵਾਈ ਹੈ, ਇਸ ਦਾ ਇਲਮ ਤਾਂ ਸਨਾਖਤ ਕਰਨ ਵਾਲਿਆਂ ਨੂੰ ਹੀ ਹੋ ਸਕਦੈ, ਪ੍ਰੰਤੂ ਸਾਰੇ ਮਾਮਲੇ ਦੀ ਜਾਣਕਾਰੀ ਤਾਂ ਜਾਂਚ ਮੁਕੰਮਲ ਹੋਣ 'ਤੇ ਪ੍ਰਾਪਤ ਹੋਵੇਗੀ।