ਭਾਰਤੀ ਬੰਦੀਆਂ ਨੂੰ ਨਾਈਜੀਰੀਆ ਦੇ ਕਬਜ਼ੇ 'ਚੋਂ ਛੁਡਾਉਣ ਦੀਆਂ ਕੋਸ਼ਿਸ਼ਾਂ ਤੇਜ਼

ਅਬੂਜਾ, 9 ਜੁਲਾਈ  : ਨਾਈਜੀਰੀਆ ਦੀ ਫੌਜ ਨੇ ਰਸਾਇਣਾਂ ਨਾਲ ਲੱਦੇ ਜਹਾਜ਼ ਦੇ ਭਾਰਤੀ ਪਾਇਲਟ ਸਮੇਤ ਚਾਲਕ ਦਲ ਦੇ ਪੰਜ ਹੋਰਨਾਂ ਵਿਦੇਸ਼ੀ ਮੈਂਬਰਾਂ ਨੂੰ ਵਿਦਰੋਹੀਆਂ ਦੇ ਕਬਜ਼ੇ 'ਚੋਂ ਛੁਡਾਉਣ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਵਿਦਰੋਹੀਆਂ ਨੇ ਬੀਤੀ ਐਤਵਾਰ ਨਾਈਜਰ ਡੈਲਟਾ ਖੇਤਰ 'ਚੋਂ ਇਸ ਜਹਾਜ਼ 'ਤੇ ਕਬਜ਼ਾ ਕਰ ਲਿਆ ਸੀ। ਸਾਂਝੀ ਫੌਜੀ ਦਸਤੇ ਦੇ ਬੁਲਾਰੇ ਰਾਬੇ ਅਬੂਬਕਰ ਨੇ ਦੱਸਿਆ ਕਿ ਨਾਈਜੀਰੀਆ ਦੀ ਫੌਜ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀੇਹੇਮ ਪੀਸ ਨਾਮ ਇਸ ਜਹਾਜ਼ ਨੂੰ ਬਰਾਮਦ ਕਰ ਲਿਆ ਗਿਆ ਹੈ ਪਰ ਇਸ 'ਤੇ ਸਵਾਰ ਭਾਰਤੀ ਪਾਇਲਟ ਬਨਜੀਤ ਸਿੰਘ ਢੀਂਡਸਾ ਸਮੇਤ ਚਾਲਕ ਦੇ ਦਲ ਮੈਂਬਰ ਵਿਦਰੋਹੀਆਂ ਦੇ ਕਬਜ਼ੇ 'ਚ ਹਨ। ਜਹਾਜ਼ ਨੂੰ ਮੂਵਮੈਂਟ ਫਾਰ ਦੀ ਇਮਾਂਸਪੇਸ਼ਨ ਆਫ ਨਾਈਜਰ ਡੈਲਟਾ ਵਿਦਰੋਹੀਆਂ ਨੇ ਅਗਵਾਹ ਕੀਤਾ ਸੀ। ਅਬੂਬਕਰ ਨੇ ਦੱਸਿਆ ਕਿ ਵਿਦਰੋਹੀਆਂ ਵਿਰੁੱਧ ਚਲਾਈ ਗਈ ਮੁਹਿੰਮ 'ਚ ਉਨ੍ਹਾਂ ਨੂੰ ਸਾਵਧਾਨੀ ਵਰਤਣੀ ਪੈ ਰਹੀ ਹੈ

ਕਿਉਂਕਿ ਉਨ੍ਹਾਂ ਕੋਲ ਰਸਾਇਣ ਅਤੇ ਮਾਰੂ ਹਥਿਅਰ ਹਨ। ਉਧਰ ਜਹਾਜ਼ ਨੂੰ ਅਗਵਾ ਕਰਨ ਤੋਂ ਬਾਅਦ ਵਿਦਰੋਹੀਆਂ ਦੇ ਬੁਲਾਰੇ ਨੇ ਇਸ ਨੂੰ ਨਾਈਜਰ ਡੈਲਟਾ ਖੇਤਰ 'ਚੋਂ ਤੇਲ, ਗੈਸ ਅਤੇ ਰਸਾਇਣ ਨੂੰ ਦੂਰ ਰੱਖਣ ਦੀ ਚਿਤਾਵਨੀ ਨੂੰ ਨਾ ਮੰਨਣ ਦਾ ਨਤੀਜਾ ਦੱਸਿਆ ਹੈ। ਜ਼ਿਕਰਯੋਗ ਹੈ ਕਿ ਸਾਲ 2006 ਤੋਂ ਬਾਅਦ ਇਸ ਖੇਤਰ 'ਚ ਹੁਣ ਤੱਕ 200 ਤੋਂ ਜ਼ਿਆਦਾ ਵਿਦੇਸ਼ੀਆਂ ਨੂੰ ਬੰਦੀ ਬਣਾਇਆ ਜਾ ਚੁੱਕਿਆ ਹੈ।