ਡੱਬਵਾਲੀ ਨੇੜੇ 35 ਗਊਆਂ ਦੀ ਹੱਤਿਆ

ਮੰਡੀ ਡੱਬਵਾਲੀ, 11 ਜੁਲਾਈ  : ਇਥੋਂ ਤਿੰਨ ਕਿਲੋਮੀਟਰ ਦੂਰ ਬਰਾਨੀ ਟਿੱਬਿਆਂ ਵਿਚ ਬਣੀ ਚਾਰ ਦਿਵਾਰੀ ਵਿਚ 35 ਗਊਆਂ ਦੀ ਕਿਸੇ ਨੇ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਘਟਨਾ ਦੀ ਸੂਚਨਾ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਲੋਕਾਂ ਨੂੰ ਸੂਚਨਾ ਮਿਲਦੇ ਹੀ ਉਹ ਘਟਨਾ ਸਥਾਨ 'ਤੇ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਪ੍ਰਸ਼ਾਸਨ ਨੇ ਸਥਿਤੀ ਨੂੰ ਸੰਭਾਲਣ ਲਈ ਭਾਰੀ ਸੰਖਿਆ ਵਿਚ ਪੁਲਿਸ ਤਾਇਨਾਤ ਕਰ ਦਿੱਤੀ।
ਅੱਜ ਸਵੇਰੇ ਕਿਸੇ ਵਿਅਕਤੀ ਨੇ ਇਸ ਘਟਨਾ ਨੂੰ ਦੇਖਿਆ ਕਿ ਵੱਡੀ ਗਿਣਤੀ ਵਿਚ ਗਊਆਂ ਦੇ ਸਿਰ ਵੱਢੇ ਹੋਏ ਹਨ ਅਤੇ ਉਨ੍ਹਾਂ ਦੇ ਮੂੰਹ ਵੀ ਰੱਸਿਆਂ ਨਾਲ ਬੰਨ੍ਹੇ ਹੋਏ ਹਨ। ਕਈ ਗਊਆਂ ਦੀ ਖੱਲ ਵੀ ਉਤਾਰੀ ਹੋਈ ਹੈ ਅਤੇ ਕਈ ਗਊਆਂ ਦਾ ਮਾਂਸ ਵੀ ਵਿਚੋਂ ਕੱਢਿਆ ਹੋਇਆ ਹੈ। ਉਸ ਵਿਅਕਤੀ ਨੇ ਇਸ ਘਟਨਾ ਬਾਰੇ ਆਪਣੇ ਕੁਝ ਹੋਰ ਸਾਥੀਆਂ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਇਕੱਠੇ ਹੋ ਕੇ ਪੁਲਿਸ ਅਤੇ

ਗਊ ਭਗਤਾਂ ਨੂੰ ਇਸ ਦੀ ਸੂਚਨਾ ਦਿੱਤੀ।
ਇਲਾਕੇ ਦੀਆਂ ਸਮੂਹ ਸਮਾਜ ਭਾਈ, ਧਾਰਮਿਕ, ਰਾਜਨੀਤਿਕ ਪਾਰਟੀਆਂ ਨੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੋ ਹੋਏ ਇਸ ਸਬੰਧ ਵਿਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਇਕ ਰੋਸ ਰੈਲੀ ਦਾ ਵੀ ਆਯੋਜਨ ਕੀਤਾ ਗਿਆ। ਮ੍ਰਿਤਕ ਗਊਆਂ ਦਾ ਪੋਸਟ ਮਾਰਟਮ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮ੍ਰਿਤਕ ਗਊਆਂ ਨੂੰ ਦਬਾ ਦਿੱਤਾ ਗਿਆ ਹੈ।