ਛੇ ਭਾਰਤੀਆਂ ਦੇ ਮਰਨ ਦੀ ਖਬਰ ਦਾ ਖੰਡਨ

ਨਵੀਂ ਦਿੱਲੀ,11  ਜੁਲਾਈ   : ਕੇਂਦਰ ਸਰਕਾਰ ਨੇ ਅੱਜ ਪਾਕਿਸਤਾਨੀ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਸ 'ਚ ਕਿਹਾ ਗਿਆ ਸੀ ਕਿ ਅਫਗਾਨਿਸਤਾਨ 'ਚ ਹੋਏ ਅਤਿਵਾਦੀ ਹਮਲੇ ਵਿਚ ਛੇ ਭਾਰਤੀ ਨਾਗਰਿਕ ਮਾਰੇ ਗਏ ਹਨ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਅਫਗਾਨਿਸਤਾਨ 'ਚ ਹੋਏ ਕਿਸੇ ਹਮਲੇ 'ਚ ਕੋਈ ਭਾਰਤੀ ਨਹੀਂ ਮਾਰਿਆ ਗਿਆ। ਸੂਤਰਾਂ ਨੇ ਦੱਸਿਆ ਕਿ ਅਸੀਂ ਇਸ ਬਾਰੇ ਘੋਖ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਰਿਪੋਰਟ ਗਲਤ ਹੈ। ਪਾਕਿਸਤਾਨ ਦੇ ਡਾਨ ਨਿਊਜ਼ ਚੈਨਲ ਨੇ ਕੱਲ ਰਾਤ ਦਾਅਵਾ ਕੀਤਾ ਕਿ ਅਫਗਾਨਿਸਤਾਨ ਦੇ ਪੰਕਤੀਆ ਸੂਬੇ 'ਚ ਤਾਲਿਬਾਨ ਹਮਲੇ 'ਚ ਮਾਰੇ ਗਏ 18 ਲੋਕਾਂ ਵਿਚੋਂ 6 ਭਾਰਤੀ ਵੀ ਸ਼ਾਮਲ ਹਨ। ਸੂਤਰਾਂ ਨੇ ਕਿਹਾ ਕਿ ਪਹਿਲਾਂ ਵੀ ਪਾਕਿਸਤਾਨੀ ਮੀਡੀਆ ਵੱਲੋਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਜਾਰੀ ਹੁੰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਮਹਿਸੂਸ ਕਰਦਾ ਹੈ ਕਿ ਅਜਿਹੀ ਰਿਪੋਰਟ ਅਫਗਾਨਿਸਤਾਨ 'ਚ ਮੁੜ ਵਸੇਬੇ ਅਤੇ ਵਿਕਾਸ ਗਤੀਵਿਧੀਆਂ 'ਚ ਲੱਗੇ ਭਾਰਤੀਆਂ ਨੂੰ ਡਰਾ ਕੇ ਉਥੋਂ ਵਾਪਸ ਮੁੜਨ ਲਈ ਮਜਬੂਰ ਕਰਨ ਦੇ ਉਦੇਸ਼ ਨਾਲ ਜਾਰੀ ਕੀਤੀ ਗਈ ਹੈ।