ਦਿੱਲੀ ‘ਚ ਮੈਟਰੋ ਦਾ ਪੁੱਲ ਟੁੱਟਣ ਕਾਰਨ ਪੰਜ ਮੌਤਾਂ

ਨਵੀਂ ਦਿੱਲੀ,13 ਜੁਲਾਈ:ਦਿੱਲੀ ਮੈਟਰੋ ਦੇ ਇੱਕ ਨਿਰਮਾਣ ਅਧੀਨ ਪੁੱਲ ਦੇ ਟੁੱਟਣ ਕਾਰਨ ਇੱਕ ਇੰਜੀਨੀਅਰ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 15 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਲਾਜਪਤ ਨਗਰ ਦੇ ਜਮਰੂਦਪੁਰ ‘ਚ ਲੇਡੀ ਸ੍ਰੀਰਾਮ ਕਾਲਜ ਨੇੜੇ ਪੁੱਲ ਦਾ ਖੰਭਾ ਡਿੱਗਣ ਕਾਰਨ ਵਾਪਰਿਆ।ਦਿੱਲੀ ਮੈਟਰੋ ਦੇ ਬੁਲਾਰੇ ਅਨੁਜ ਦਿਆਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤਿੰਨ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ ਜਦਕਿ ਮਲਬੇ ਹੇਠ ਦਬੇ ਦੋ ਹੋਰ ਵਿਅਕਤੀਆਂ ਦੀ ਵੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪ੍ਰੋਜੈਕਟ ਦਾ ਠੇਕਾ ਲੈਣ ਵਾਲੀ ਕੰਪਨੀ ਗੇਮੋਨ ਇੰਡੀਆ ਦਾ ਇੱਕ ਇੰਜੀਨੀਅਰ ਅੰਸ਼ੁਮਨ ਅਤੇ ਚਾਰ ਮਜ਼ਦੂਰ ਸ਼ਾਮਲ ਹਨ। ਦਿੱਲੀ ਮੈਟਰੋ ਦੇ ਬੁਲਾਰੇ ਅਨੁਸਾਰ ਹਾਦਸਾ ਖੰਭੇ ਦੇ ਡਿਜ਼ਾਇਨ ਦੀ ਸਮੱਸਿਆ ਦੇ ਕਾਰਨ ਵਾਪਰਿਆ। ਬੁਲਾਰੇ ਨੇ ਦੱਸਿਆ ਕਿ ਉਹ ਇਸ ਸਮੱਸਿਆ ਨੂੰ ਦੂਰ ਕਰਨ ਲਈ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੰਭੇ ਦੇ ਉਪਰਲੇ ਹਿੱਸੇ ਵਿੱਚ ਖਾਮੀਆਂ ਸਨ, ਜਿਸਦੀ ਵਜ੍ਹਾ ਨਾਲ ਪੁੱਲ ਡਿੱਗਿਆ। ਇਸੇ ਦੌਰਾਨ ਹਾਦਸੇ ਵਾਲੀ ਥਾਂ ‘ਤੇ ਪਾਣੀ ਭਰ ਗਿਆ ਹੈ ਕਿਉਂਕਿ ਖੰਭਾ ਡਿੱਗਣ ਨਾਲ ਪਾਈਪ ਲਾਇਨ ਟੁੱਟ ਗਈ ਜਿਸਦੀ ਵਜ੍ਹਾ ਨਾਲ ਆਵਾਜਾਈ ਨੂੰ ਦੂਜੇ ਪਾਸੇ ਮੋੜਨਾ ਪਿਆ। ਬਚਾਅ ਕਾਰਜਾਂ ਦੌਰਾਨ ਬਿਜਲੀ ਦੀ ਸਪਲਾਈ ਵੀ

 ਬੰਦ ਕਰਨੀ ਪਈ ਸੀ। ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਕੱਲ੍ਹ ਤੱਕ ਬਹਾਲ ਕੀਤੀ ਜਾ ਸਕੇਗੀ ਕਿਉਂਕਿ ਉਸ ਥਾਂ ਦੀ ਪਛਾਣ ਕਰਨੀ ਹੋਵੇਗੀ ਜਿਸ ਥਾਂ ਪਾਈਪ ਲਾਇਨ ਟੁੱਟੀ ਹੈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਮਜ਼ਦੂਰ ਨੇ ਦੱਸਿਆ ਕਿ ਸਪੋਰਟ ਸਿਸਟਮ ਵਿੱਚ ਕੁਝ ਗੜਬੜੀ ਸੀ ਜਿਸ ਕਾਰਨ ਖੰਭਾ ਪੁੱਲ ਦਾ ਵਜ਼ਨ ਨਹੀਂ ੁਬਰਦਾਸ਼ਤ ਕਰ ਸਕਿਆ ਅਤੇ ਇਹ ਪੁੱਲ ਢਹਿ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਅਜਿਹਾ ਹਾਦਸਾ ਪੁਰਾਣੀ ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ਵਿੱਚ ਵਾਪਰਿਆ ਸੀ। ਇਸੇ ਦੌਰਾਨ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਦੇ ਮੁਖੀ ਨੇ ਈ ਸ੍ਰੀਧਰਨ ਨੇ ਹਾਦਸੇ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਸ੍ਰੀਧਰਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਹਾਦਸੇ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਆਪਣਾ ਅਸਤੀਫ਼ਾ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨੇ ਇਸ ਹਾਦਸੇ ਨੂੰ ਆਪਣੇ ਲਈ ਵੱਡਾ ਝਟਕਾ ਕਰਾਰ ਦਿੱਤਾ।ਦੂਜੇ ਪਾਸੇ ਹਾਦਸੇ ਦਾ ਜਾਇਜ਼ਾ ਲੈਣ ਲਈ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਦਿੱਲੀ ਮੈਟਰੋ ਦੇ ਫੰਡ ਵਿੱਚੋਂ ਨੁਕਸਾਨ ਦੀ ਗਿਣਤੀ ਲਈ ਪੈਕੇਜ ਦਿੱਤਾ ਜਾਵੇਗਾ। ਉਨ੍ਹਾਂ ਹਾਦਸੇ ਦੀ ਜਾਂਚ ਦੇ ਆਦੇਸ਼ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਜਵਾਬਦੇਹੀ ਤੈਅ ਕੀਤੀ ਜਾਵੇ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਅਤੇ ਗੰਭੀਰ ਤੌਰ ‘ਤੇ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮਾਮੂਲੀ ਸੱਟਾਂ ਲੱਗਣ ਵਾਲੇ ਵਿਅਕਤੀਆਂ ਨੂੰ 15-15 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਇਸੇ ਦੌਰਾਨ ਕੇਂਦਰ ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ।