ਪ੍ਰਧਾਨ ਮੰਤਰੀ ਫਰਾਂਸ ਰਵਾਨਾ
ਪ੍ਰਮਾਣੂ ਊਰਜਾ 'ਚ ਮਦਦ ਦਾ ਭਰੋਸਾ
ਨਵੀਂ ਦਿੱਲੀ, 13 ਜੁਲਾਈ  : ਭਾਰਤ ਵਰਗੇ ਦੇਸ਼ਾਂ ਨਾਲ ਪੂਰਨ ਪ੍ਰਮਾਣੂ ਸਹਿਯੋਗ 'ਤੇ ਉਦਯੋਗਿਕ ਦੇਸ਼ਾਂ ਦੀ ਰੋਕ ਦੇ ਪਰਿਪੇਖ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ ਪੈਰਿਸ ਲਈ ਇਸ ਉਮੀਦ ਨਾਲ ਰਵਾਨਾ ਹੋ ਗਏ ਕਿ ਇਸ ਯਾਤਰਾ ਨਾਲ ਭਾਰਤ ਅਤੇ ਫਰਾਂਸ ਵਿਚਾਲੇ ਪ੍ਰਮਾਣੂ ਊਰਜਾ, ਰੱਖਿਆ ਅਤੇ ਹੋਰ ਖੇਤਰਾਂ ਵਿਚ ਸਮੁੱਚੀ ਭਾਈਵਾਲੀ ਵਿਚ ਮਦਦ ਮਿਲੇਗੀ। ਆਪਣੀ 5 ਦਿਨਾਂ ਯਾਤਰਾ ਵਿਚ ਡਾ. ਸਿੰਘ ਪੈਰਿਸ ਤੋਂ ਮਿਸਰ ਸਥਿਤ ਸ਼ਰਮ ਅਲ ਸ਼ੇਖ ਲਈ ਰਵਾਨਾ ਹੋਣਗੇ, ਜਿਥੇ ਉਹ 15ਵੇਂ ਗੁਟ ਨਿਰਲੇਪ ਸੰਮੇਲਨ ਵਿਚ ਸ਼ਾਮਲ ਹੋਣਗੇ। ਸੰਮੇਲਨ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨਾਲ ਇਸ ਉਮੀਦ ਨਾਲ ਮੁਲਾਕਾਤ ਕਰਨਗੇ ਕਿ ਪਾਕਿਸਤਾਨ ਮੁੰਬਈ ਹਮਲਿਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਜ਼ਾ ਦੇਵੇ ਅਤੇ ਸਰਹੱਦ ਪਾਰ ਦੇ ਅਤਿਵਾਦ ਨੂੰ ਰੋਕਣ ਲਈ ਵਚਨਬੱਧਤਾ ਪ੍ਰਗਟਾਏ। ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਦੇ ਸੱਦੇ 'ਤੇ ਪੈਰਿਸ ਜਾ ਰਹੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਫਰਾਂਸ ਦੇ ਰਾਸ਼ਟਰੀ ਦਿਹਾੜੇ ਦੇ ਮੁੱਖ ਮਹਿਮਾਨ ਹੋਣਗੇ। ਡਾ. ਸਿੰਘ ਨੇ ਇਸ ਸੱਦੇ ਨੂੰ ਭਾਰਤ ਦੇ ਲੋਕਾਂ ਲਈ ਸਨਮਾਨ ਦੱਸਿਆ ਹੈ। ਰਵਾਨਾ ਹੋਣ ਤੋਂ ਪਹਿਲਾਂ ਡਾ. ਸਿੰਘ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਅਤੇ ਫਰਾਂਸ ਵਿਚਾਲੇ ਨਜ਼ਦੀਕੀ ਅਤੇ ਵਿਆਪਕ ਭਾਈਵਾਲੀ ਹੈ। ਫਰਾਂਸ ਨਾਲ ਸਾਡੇ ਸਬੰਧ ਕਈ ਖੇਤਰਾਂ ਵਿਚ ਹਨ ਅਤੇ ਇਸ ਵਿਚ ਸਾਡੇ ਰਾਸ਼ਟਰੀ ਹਿੱਤ ਵੀ ਹਨ। ਡਾ. ਸਿੰਘ ਨੇ ਕਿਹਾ ਕਿ ਅਸੀਂ ਵਪਾਰ ਅਤੇ ਨਿਵੇਸ਼, ਉਚ ਤਕਨੀਕ, ਪੁਲਾੜ, ਪ੍ਰਮਾਣੂ ਊਰਜਾ, ਰੱਖਿਆ, ਸਿੱਖਿਆ, ਸੈਰ ਸਪਾਟਾ ਅਤੇ ਵਿਗਿਆਨਕ ਖੋਜ ਤੇ ਵਿਕਾਸ ਵਿਚ ਆਪਣੀ ਭਾਈਵਾਲੀ ਵਿਕਸਿਤ ਕਰਨਾ ਚਾਹੁੰਦੇ ਹਾਂ।
 ਫਰਾਂਸ ਨੇ ਪਿਛਲੇ ਸਾਲ ਭਾਰਤ ਨਾਲ ਗੈਰ ਫੌਜੀ ਪ੍ਰਮਾਣੂ ਊਰਜਾ ਸਮਝੌਤਾ ਕੀਤਾ ਸੀ।