ਪ੍ਰਧਾਨ ਮੰਤਰੀ ਫਰਾਂਸ ਦੌਰੇ ਦੌਰਾਨ ਦਸਤਾਰ ਮੁੱਦੇ 'ਤੇ ਸਿੱਖਾਂ ਦਾ ਪੱਖ ਪੇਸ਼ ਕਰਨ : ਮੱਕੜ
ਅੰਮ੍ਰਿਤਸਰ, 13 ਜੁਲਾਈ  : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਹਮੋਹਨ ਸਿੰਘ ਜੋ ਫਰਾਂਸ ਦੌਰੇ ਲਈ ਰਵਾਨਾ ਹੋਏ ਹਨ, ਨੂੰ ਅਪੀਲ ਕੀਤੀ ਹੈ ਕਿ ਆਪਣੇ ਦੌਰੇ ਦੌਰਾਨ ਫਰਾਂਸ ਸਰਕਾਰ ਨਾਲ ਫਰਾਂਸ ਦੇ ਸਕੂਲਾਂ 'ਚ ਸਿੱਖ ਵਿਦਿਆਰਥੀਆਂ ਨੂੰ ਦਸਤਾਰ ਸਜਾਉਣ 'ਤੇ ਲਗਾਈ ਪਾਬੰਦੀ ਹਟਾਉਣ ਲਈ ਸਿੱਖਾਂ ਦਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਸਿੱਖ ਦੇਸ਼ ਦੇ ਘੱਟ-ਗਿਣਤੀਆਂ ਵਿਚੋਂ ਹਨ, ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਲਈ ਵੱਡਾ ਯੋਗਦਾਨ ਪਾਇਆ ਹੈ ਅਤੇ ਦਸਤਾਰ ਸਿੱਖ ਦੀ ਸ਼ਖ਼ਸੀਅਤ ਅਤੇ ਸਿੱਖ ਸੱਭਿਆਚਾਰ ਦੀ ਤਰਜਮਾਨੀ ਕਰਦਾ ਸਿੱਖਾਂ ਦਾ ਅਨਿੱਖੜਵਾਂ ਅੰਗ ਹੈ। ਸਿੱਖ ਭਾਰਤ ਤੋਂ ਇਲਾਵਾ ਦੁਨੀਆ ਦੇ ਜਿਸ ਵੀ ਦੇਸ਼ ਵਿਚ ਵੱਸੇ, ਉਥੇ ਉਨ੍ਹਾਂ ਸਾਬਤ-ਸੂਰਤ ਤੇ ਧਰਮ 'ਚ ਪ੍ਰਪੱਕ ਰਹਿੰਦਿਆਂ ਉਥੋਂ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਹੈ। ਇਸ ਲਈ ਬੱਚਿਆਂ ਨੂੰ ਦਸਤਾਰ ਤੋਂ ਵਾਂਝੇ ਰੱਖਣਾ ਸਮੁੱਚੀ ਕੌਮ ਨਾਲ ਜ਼ਿਆਦਤੀ ਹੈ।
ਜ਼ਿਕਰਯੋਗ ਹੈ ਕਿ ਫਰਾਂਸ ਦੀ ਸਰਕਾਰ ਵਲੋਂ ਸਕੂਲਾਂ 'ਚ ਵਿਦਿਆ ਪ੍ਰਾਪਤ ਕਰ ਰਹੇ ਸਿੱਖ ਵਿਦਿਆਰਥੀਆਂ ਨੂੰ ਦਸਤਾਰ ਸਜਾਉਣ 'ਤੇ ਪਾਬੰਦੀ ਲਗਾ ਦਿੱਤੇ ਜਾਣ 'ਤੇ ਸਿੱਖ ਜਗਤ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੇਸ-ਵਿਦੇਸ਼ਾਂ ਦੀਆਂ ਸਭਾ-ਸੁਸਾਇਟੀਆਂ ਵਲੋਂ ਫਰਾਂਸ ਸਰਕਾਰ ਨੂੰ ਇਹ ਪਾਬੰਦੀ ਹਟਾਏ ਜਾਣ ਲਈ ਲਗਾਤਾਰ ਜ਼ੋਰ ਪਾਇਆ ਜਾ ਰਿਹਾ ਹੈ।