ਇੰਗਲੈਂਡ ਤੋਂ ਲਿਆਂਦੀ ਕਲਗੀ ਬਿਨਾਂ ਸ਼ੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ : ਸਿੰਘ ਸਾਹਿਬ
ਅੰਮ੍ਰਿਤਸਰ, 13 ਜੁਲਾਈ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਕਾਲ ਤਖਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਇੰਗਲੈਂਡ ਤੋਂ ਤਰਨਜੀਤ ਸਿੰਘ ਬੋਪਾਰਾਏ ਵਲੋਂ ਲਿਆਂਦੀ ਕਲਗੀ ਅਸਲੀ ਤੇ ਪ੍ਰਮਾਣਿਕ ਹੈ। ਅੱਜ ਦੀ ਮੀਟਿੰਗ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਮੱਲ ਸਿੰਘ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕਲਗੀ ਨੂੰ ਸਾਰੇ ਪੱਖਾਂ ਤੋਂ ਪਰਖਣ ਉਪਰੰਤ ਪਾਇਆ ਗਿਆ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਸਲੀ ਕਲਗੀ ਹੈ। ਜਦੋਂ ਉਨ੍ਹਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਕਲਗੀ ਨੂੰ ਸਟਰਾਂਗ ਰੂਮ ਵਿਚ ਰੱਖਣ ਅਤੇ ਕਲਗੀ ਦੀ ਜਾਂਚ ਕਰਨ ਲਈ ਕਮੇਟੀ ਦੇ ਗਠਨ ਬਾਰੇ ਪੁਛਿਆ ਗਿਆ ਤਾਂ ਸਿੰਘ ਸਾਹਿਬ ਨੇ ਕਿਹਾ ਕਿ ਇਹ ਕਮੇਟੀ  ਪ੍ਰਧਾਨ ਸਾਹਿਬ ਨੇ ਬਣਾਈ ਹੈ ਤੇ ਉਹ ਆਪਣਾ ਕੰਮ ਕਰੇਗੀ। ਕਲਗੀ ਦੇ ਮਸਲੇ ਤੋਂ ਇਲਾਵਾ ਸਿੰਘ ਸਾਹਿਬ ਨੇ ਕਿਹਾ ਕਿ ਜਦੋਂ ਤੱਕ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਭਾਈ ਇਕਬਾਲ ਸਿੰਘ ਲਿਖਤੀ ਤੌਰ 'ਤੇ ਇਹ ਨਹੀਂ ਮੰਨਦੇ ਕਿ ਅਕਾਲ ਤਖਤ ਸੁਪਰੀਮ ਹੈ, ਓਨਾ ਚਿਰ ਉਨ੍ਹਾਂ ਨੂੰ ਕਿਸੇ ਮੀਟਿੰਗ ਵਿਚ ਨਹੀਂ ਸੱਦਿਆ ਜਾਵੇਗਾ।