ਦਿੱਲੀ ਤੋਂ ਬਾਅਦ ਮੁੰਬਈ ਮੈਟਰੋ ਦਾ ਨਿਰਮਾਣ ਅਧੀਨ ਢਾਂਚਾ ਡਿੱਗਿਆ
ਮੁੰਬਈ,14  ਜੁਲਾਈ  : ਦਿੱਲੀ 'ਚ ਦੋ ਦਿਨਾਂ ਦੇ ਦਰਮਿਆਨ ਮੈਟਰੋ ਪ੍ਰਾਜੈਕਟ 'ਤੇ ਦੋ ਹਾਦਸਿਆਂ ਤੋਂ ਬਾਅਦ ਬੀਤੇ ਦੇਰ ਰਾਤ ਮੁੰਬਈ ਵਿਚ ਵੀ ਮੈਟਰੋ ਪ੍ਰਾਜੈਕਟ 'ਤੇ ਇਕ ਹਾਦਸਾ ਵਾਪਰਿਆ ਜਦੋਂ ਨਿਰਮਾਣ ਅਧੀਨ ਮੈਟਰੋ ਰੇਲ ਪ੍ਰਾਜੈਕਟ 'ਤੇ ਤੇਜ਼ ਹਵਾਵਾਂ ਦੇ ਚਲਦਿਆਂ ਧਾਤੂ ਦਾ ਇਕ ਢਾਂਚਾ ਜ਼ਮੀਨ 'ਤੇ ਆ ਡਿੱਗਿਆ । ਇਹ ਘਟਨਾ ਮੁੰਬਈ ਦਾ ਸਾਕੀਨਾਕਾ 'ਚ ਵਪਾਰੀ ਜਿੱਥੇ ਨਿਰਮਾਣ ਅਧੀਨ ਸ਼ਹਿਰ ਦੀ ਪਹਿਲੀ ਮੈਟਰੋ ਲਾਈਨ 'ਤੇ ਕੰਕਰੀਟ ਦੇ ਮੁੱਖ ਖੰਭਿਆਂ ਨੂੰ ਖੜ੍ਹਾ ਕਰਨ ਲਈ ਲਾਇਆ ਗਿਆ ਧਾਤੂ ਦਾ ਢਾਂਚਾ ਟੁੱਟ ਕੇ ਥੱਲੇ ਆ ਡਿੱਗਿਆ । ਇਸ ਦੁਰਘਟਨਾ 'ਚ ਹਾਲਾਂਕਿ ਕਿਸੇ ਵੀ ਜਾਨੀ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਇਹ ਦੁਰਘਟਨਾ ਰਾਤ ਲਗਭਗ ਸਾਢੇ ਗਿਆਰਾਂ ਵਜੇ ਉਸ ਵੇਲੇ ਵਾਪਰੀ ਜਦੋਂ ਵਰਸੋਵਾ-ਅੰਧੇਰੀ-ਘਾਟਕੋਪਰ ਮੈਟਰੋ ਰੇਲ ਦੇ ਨਿਰਮਾਣ ਸਥਾਨ 'ਤੇ ਕੰਮ ਚੱਲ ਰਿਹਾ ਸੀ। ਦਿੱਲੀ 'ਚ ਐਤਵਾਰ ਨੂੰ ਮੈਟਰੋ ਪ੍ਰਾਜੈਕਟ 'ਤੇ ਨਿਰਮਾਣ ਅਧੀਨ ਇਕ ਪੁਲ ਅਤੇ ਖੰਭਿਆਂ ਦੇ ਡਿੱਗਣ ਕਾਰਨ ਛੇ ਮਜ਼ਦੂਰ ਮਾਰੇ ਗਏ ਸਨ, ਜਦੋਂਕਿ ੳਸੇ ਸਥਾਨ 'ਤੇ ਸੋਮਵਾਰ ਨੂੰ ਕਰੇਨਾਂ ਦੇ ਟੁੱਟ ਜਾਣ ਕਾਰਨ ਲਾਂਚਰ ਹੇਠਾਂ ਆ ਡਿੱਗਿਆ ਸੀ ਜਿਸ ਕਾਰਨ ਕਈ  ਵਿਅਕਤੀ ਜ਼ਖਮੀ ਹੋ ਗਏ ਸਨ। ਪੁਲਿਸ ਏ ਡੀ ਜੀ ਅਮਿਤਾਬ ਗੁਪਤਾ ਨੇ ਦੱਸਿਆ ਕਿ ਧਾਤੂ ਦੇ ਖੰਭਿਆਂ ਨੂੰ ਮੁੱਖ ਖੰਭਿਆਂ ਨੂੰ ਸਪੋਰਟ ਦੇਣ ਲਈ ਖੜ੍ਹਾ ਕੀਤਾ ਗਿਆ  ਸੀ ਜੋ ਕੱਲ੍ਹ ਰਾਤ ਹੇਠਾਂ ਡਿੱਗ ਪਏ। ਮੁੰਬਈ ਮੈਟਰੋ ਦੇ ਡਾਇਰੈਕਟਰ ਕੇ ਪੀ ਮਹੇਸ਼ਵਰੀ ਨੇ ਕਿਹਾ ਕਿ ਤੇਜ਼ ਹਵਾਵਾਂ ਕਾਰਨ ਧਾਤੂ ਦਾ ਅਸਥਾਈ ਢਾਂਚਾ ਹੇਠਾਂ ਡਿੱਗਿਆ ਜਿਸ ਦੇ ਮਲਬੇ ਨੂੰ ਦੋ ਤਿੰਨ ਘੰਟਿਆਂ ਵਿਚ ਹੀ ਹਟਾ ਦਿੱਤਾ ਗਿਆ ਅਤੇ ਹੁਣ ਉਥੇ ਕੰਮ ਪਹਿਲਾਂ ਵਾਂਗ ਚੱਲ ਰਿਹਾ ਹੈ। ਮਹੇਸ਼ਵਰੀ ਨੇ ਸਪੱਸ਼ਟ ਕੀਤਾ ਕਿ ਢਾਂਚੇ ਦੇ ਡਿੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ  ਹੈ ਅਤੇ ਜਲਦ ਹੀ ਇਸ ਬਾਰੇ ਇਕ ਰਿਪੋਰਟ ਤਿਆਰ ਕੀਤੀ ਜਾਵੇਗੀ। ਮੁੰਬਈ ਵਿਕਾਸ ਅਥਾਰਟੀ ਦੇ ਬੁਲਾਰੇ ਦਲੀਪ ਕਾਵਟਕਰ ਨੇ ਦੱਸਿਆ ਕਿ ਇਹ ਕੋਈ ਬਹੁਤ ਵੱਡਾ ਹਾਦਸਾ ਨਹੀਂ ਸੀ। ਪਰ ਫਿਰ ਵੀ ਸਾਵਧਾਨੀ ਦੇ ਤੌਰ 'ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।