ਹਾਈ ਕਮਾਂਡ ਦੀ ਘੁਰਕੀ ਦਾ ਅਸਰ ਫਿੱਕਾ ਪੈਣ ਲੱਗਿਆ
ਪਟਿਆਲਾ, 14 ਜੁਲਾਈ : ਮੇਅਰ ਅਜੀਤਪਾਲ ਸਿੰਘ ਕੋਹਲੀ ਖਿਲਾਫ ਕੁਝ ਕੌਂਸਲਰਾਂ ਵੱਲੋਂ ਛੇੜੀ ਗਈ ਬਗਾਵਤ ਕਾਰਨ ਸ਼ਹਿਰ ਦੀ ਅਕਾਲੀ ਲੀਡਰਸ਼ਿਪ ਵੀ ਵੰਡੀ ਗਈ ਹੈ। ਉਧਰ ਇਸ ਬਗਾਵਤ ਨੂੰ ਰੋਕਣ ਲਈਅਕਾਲੀ ਹਾਈ ਕਮਾਂਡ ਵੰਲੋਂ ਦਿੱਤੀ ਗਈ ਘੁਰਕੀ ਦਾ ਅਜੇ ਅਸਰ ਵੇਖਣ ਨੂੰ ਨਹੀਂ ਮਿਲਿਆ, ਕਿਉਂਕਿ ਬਾਗੀ ਧਿਰ ਦੇ ਸਰੇ ਕੌਂਸਲਰ ਅਜੇ ਵੀ ਬਗਾਵਤ 'ਤੇ ਬਜ਼ਿੱਦ ਹਨ। ਬਾਗੀਆਂ ਦਾ ਤਰਕ ਹੈ ਕਿ ਉਨ੍ਹਾਂ ਮੇਅਰ ਨੂੰ ਹਟਾਉਣ ਲਈ ਸਹੁੰ ਖਾ ਲਈ ਹੈ ਤੇ ਸਹੁੰ ਨੂੰ ਕਦੇ ਵੀ ਤੋੜਿਆ ਨਹੀਂ ਜਾਵੇਗਾ।  ਮੇਅਰ ਕੋਹਲੀ ਖਿਲਾਫ 26 ਦੇ ਕਰੀਬ ਕੌਸਲਰਾਂ ਜਿਨ੍ਹਾਂ ਵਿਚ ਅਕਲੀ ਤੇ ਭਾਜਪਾ ਦੇ ਕੌਂਸਲਰ ਵੀ ਸ਼ਾਮਲ ਹਨ, ਵੱਲੋਂ ਬਗਾਵਤ ਦਾ ਬਿਗਲ ਵਜਾਇਆ ਹੋਇਆ ਹੈ। ਬੀਤੇ ਦਿਨ ਭਾਵੇਂ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਮਨੀ ਚੋਣਾਂ ਦਾ ਵਾਸਤਾ ਪਾਉਂਦਿਆਂ ਘੁਰਕੀ ਦਿੱਤੀ ਸੀ। ਕਿ 3 ਅਗਸਤ ਤੱਕ ਬਗਾਵਤੀ ਰੌਂਅ ਤਿਆਗਿਆ ਜਾਵੇ ਪਰ ਇਸ ਘੁਰਕੀ ਦਾ ਬਾਗੀ ਕੌਂਸਲਰਾਂ 'ਤੇ ਅਸਰ ਘਟ ਹੀ ਵੇਖਣ ਨੂੰ ਮਿਲ ਰਿਹਾ  ਹੈ ਬਾਗੀ ਧਿਰ ਦੇ ਆਗੁ ਕੌਂਸਲਰ ਸੁਖਵਿੰਦਰ ਪਾਲ ਸਿੰਘ ਮਿੰਟਾ ਨੇ ਦੱਸਿਆ ਕਿ ਵਿੱਢੇ ਸੰਘਰਸ਼ ਨੂੰ ਅੰਦਰੂਨੀ ਤੌਰ 'ਤੇ ਜਾਰੀ ਰੱਖਿਆ ਜਾਵੇਗਾ।
 ਉਨ੍ਹਾਂ ਦਾ ਕਹਿਣਾ ਹੈ ਕਿ ਬਾਗੀ ਕੌਂਸਲਰਾਂ ਵੱਲੋਂ ਮੇਅਰ ਕੋਹਲੀ ਨੂੰ ਅਹੁਦੇ ਤੋਂ ਹਟਾਉਣ ਤੱਕ ਇਕਮੱਤ ਰਹਿਣ ਦੀ ਬਕਾਹਿਦਾ ਗੁਰਦੁਆਰਾ ਸ੍ਰੀ ਦੂਖਨਿਵਾਰਨ ਅਤੇ ਮੰਦਰ ਕਾਲੀ ਮਾਤਾ ਜਾ ਕੇ ਕਸਮ ਵੀ ਖਾ ਲਈ ਗਈ ਹੈ ਜਿਸ 'ਤੇ ਪਹਿਰਾ ਦਿੱਤਾ ਜਾਵੇਗਾ ਪਰ ਨਾਲਹੀ ਹਾਈ ਕਮਾਂਡ ਵੱਲੋਂ ਜੋ ਫਿਲਹਾਲ ਲੜਾਈ ਥੰਮਣ ਦਾ ਸੁਨੇਹਾ ਆਇਆ ਹੈ ਉਸ 'ਤੇ ਵੀ ਅਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਗੀ ਕੌਂਸਲਰਾਂ ਵੱਲੋਂ ਇੱਕ-ਦੋ ਦਿਨਾਂ ਵਿਚ ਉਚੇਚੀ ਮੀਟਿੰਗ ਕੀਤੀ ਜਾਵੇਗੀ। ਸਾਰੇ 26 ਬਾਗੀ ਕੌਂਸਲਰ ਮੇਅਰ ਨੂੰ ਹਟਾਉਣ ਦੇ ਮੁੱਦੇ 'ਤੇ ਇਕਮੱਤ ਹਨ।  ਉਧਰ ਮੇਅਰ ਖਿਲਾਫ ਛਿੜੀ ਬਗਾਵਤ ਕਾਰਨ ਸ਼ਾਹੀ ਸ਼ਹਿਰ ਦੀ ਅਕਾਲੀ ਲੀਡਰਸ਼ਿਪ ਵੀ ਕਥਿਤ ਤੌਰ 'ਤੇ ਵੰਡੀ ਗਈ ਹੈ। ਸੂਤਰਾਂ ਅਨੁਸਾਰ ਨਿਗਮ ਵਿਚ ਕੌਂਸਲਰਾਂ ਦਾ ਸਭ ਤੋਂ ਵੱਡਾ ਧੜਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਰਜੀਤ ਸਿੰਘ ਰੱਖੜਾ ਗਰੁੱਪ ਦਾ ਸਮਝਿਆ ਜਾਂਦਾ ਹੈ, 15-16 ਦੇ ਕਰੀਬ ਕੌਂਸਲਰ ਇਸ ਖੇਮੇ ਨਾਲ ਸਬੰਧਤ ਹਨ, ਜਦੋਂ ਕਿ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ ਦੇ ਖੇਮੇ ਦੇ 6-7 ਦੇ ਕਰੀਬ ਕੌਂਸਲਰ ਦੱਸੇ ਜਾਂਦੇ ਹਨ। ਇਸੇ ਤਰ੍ਹਾਂ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਖੇਮੇ ਦੇ ਵੀ 2-2, 3-3 ਕੌਂਸਲਰ ਮੰਨੇ ਜਾਂਦੇ ਹਨ, ਜਦੋਂ ਕਿ ਕੁਝ ਕੌਂਸਲਰ ਖੁਦ ਮੇਅਰ ਖੇਮੇ ਨਾਲ ਵੀ ਜੁੜੇ ਹੋਏ ਹਨ। ਭਾਜਪਾ ਦੇ 9 ਕੌਂਸਲਰਾਂ ਵਿਚੋਂ ਵੱਡੀ ਗਿਣਤੀ ਕੌਂਸਲਰ ਮੇਅਰ ਖਿਲਾਫ ਸਹੁੰ ਚੁੱਕਣ ਵਾਲੀ ਧਿਰ ਵਿਚ ਅੱਗੇ ਹੋ ਕੇ ਡਟੇ ਹੋਏ ਹਨ।  ਸੂਤਰਾਂ ਮੁਤਾਬਕ ਰੱਖੜਾ, ਬਜਾਜ ਅਤੇ ਟੌਹੜਾ ਖੇਮੇ ਦੇ ਜ਼ਿਆਦਾਤਰ ਕੌਂਸਲਰ ਬਾਗਾਵੜੀ ਰੌਂਅ ਵਿਚ ਹਨਜਦੋਂ ਕਿ ਚੰਦੂਮਾਜਰਾ ਖੇਮਾ ਮੇਅਰ ਦੇ ਹੱਕ ਵਿਚ ਖੜ੍ਹਾ ਹੈ। ਚੰਦੂਮਾਜਰਾ ਖੇਮੇ ਦੀ ਕੌਂਸਲਰ ਜਸਤਿੰਦਰਪਾਲ ਕੌਰ ਦੇ ਪਤੀ ਜਸਵਿੰਦਰ ਪਾਲ ਸਿੰਘ ਚੱਢਾ ਨੇ ਸਪੱਸ਼ਟ ਕਹਿਣਾ ਹੈ ਕਿ ਮੇਅਰ ਨੂੰ ਹਟਾਇਆ ਹੀ ਜਾਵੇਗਾ। ਭਾਜਪਾ ਦੇ ਇੱਕ-ਦੋ ਕੌਂਸਲਰਾਂ ਨੂੰ ਛੱਡਕੇ ਬਾਕੀ ਸਾਰੇ ਮੇਅਰ ਖਿਲਾਫ ਮੈਦਾਨ ਵਿਚ ਉਤਰੇ ਹੋਏ ਹਨ।
 ਮੇਅਰ ਸ੍ਰੀ ਕੋਹਲੀਆਪਦੇ ਪਿਤਾ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦੇ ਨਾਲ ਸੁਰਜੀਤ ਸਿੰਘ ਰੱਖੜਾ ਦੇ ਦਰ 'ਤੇ ਵੀ ਪੁੱਜੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕੋਹਲੀ ਪਰਿਵਾਰ ਵੱਲੋਂ ਰੱਖੜਾ ਤੋਂ ਵਿਰੋਧ ਦੀ ਬਜਾਏ ਸਹਿਯੋਗ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਦੋਂ ਸੁਰਜੀਤ ਸਿੰਘ ਰੱਖੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ਪ੍ਰਧਾਨ ਵੱਲੋਂ ਕੌਂਸਲਰਾਂ ਨੂੰ ਪਾਰਟੀ ਦੀ ਮਰਿਯਾਦਾ ਅਤੇ ਅਨੁਸ਼ਾਸਨ ਦਾ ਸੁਨੇਹਾ ਪਹੁੰਚਾਇਆ ਗਿਆ ਹੈ, ਫਿਲਹਾਲ ਪਾਰਟੀ ਪ੍ਰਧਾਨ ਦੇ ਹੁਕਮਾਂ 'ਤੇ ਹੀ ਫੁੱਲ ਚੜ੍ਹਾਏ ਜਾਣਗੇ। ਜਿਮਨੀ ਚੋਣਾਂ ਮਗਰੋਂ ਇਹ ਵਿਵਾਦ ਸਮੇਟ ਲਿਆ ਜਾਵੇਗਾ।